ਡਿਜੀਟਲ ਅਰੈਸਟ ਦੇ ਨਾਂ ’ਤੇ 38 ਲੱਖ ਦੀ ਠੱਗੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

Sunday, Feb 01, 2026 - 01:49 PM (IST)

ਡਿਜੀਟਲ ਅਰੈਸਟ ਦੇ ਨਾਂ ’ਤੇ 38 ਲੱਖ ਦੀ ਠੱਗੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਬਜ਼ੁਰਗ ਜੋੜੇ ਨਾਲ 38 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦੇ ਫ਼ਰਾਰ ਪੰਜ ਮੈਂਬਰਾਂ ਨੂੰ ਸਾਈਬਰ ਸੈੱਲ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਓਂਕਾਰ ਸ਼ਰਮਾ, ਅਭਿਨਵ ਸ਼ਰਮਾ, ਜਸਵਿੰਦਰ ਸਿੰਘ, ਵਰਿੰਦਰ ਕੁਮਾਰ ਤੇ ਅੰਕੁਸ਼ ਕੁਮਾਰ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਇਨ੍ਹਾਂ ਦੇ ਬੈਂਕ ਖ਼ਾਤਿਆਂ ’ਚ ਟਰਾਂਸਫਰ ਕੀਤੀ ਗਈ ਸੀ। ਮੁਲਜ਼ਮ ਆਪਣੇ ਖਾਤੇ ਠੱਗਾਂ ਨੂੰ ਉਪਲੱਬਧ ਕਰਵਾਉਂਦੇ ਸਨ ਅਤੇ ਬਦਲੇ ’ਚ ਪੰਜ ਤੋਂ 10 ਫ਼ੀਸਦੀ ਤੱਕ ਕਮਿਸ਼ਨ ਲੈਂਦੇ ਸਨ। 38 ਲੱਖ ਰੁਪਏ ਪਹਿਲਾਂ ਓਂਕਾਰ ਸ਼ਰਮਾ ਦੇ ਖ਼ਾਤੇ ’ਚ ਆਏ। ਜਸਵਿੰਦਰ ਸਿੰਘ ਨੇ ਜਾਅਲੀ ਬੈਂਕ ਖਾਤੇ ਖੋਲ੍ਹਣ ਅਤੇ ਰਕਮ ਕੱਢਵਾਉਣ ’ਚ ਭੂਮਿਕਾ ਨਿਭਾਈ। ਅਭਿਨਵ ਸ਼ਰਮਾ ਜਾਅਲੀ ਖਾਤਾ ਧਾਰਕਾਂ ਅਤੇ ਮੁੱਖ ਸੂਤਰਧਾਰਾਂ ਦਰਮਿਆਨ ਵਿਚੋਲੇ ਵਜੋਂ ਕੰਮ ਕਰਦਾ ਸੀ, ਜਦਕਿ ਅੰਕੁਸ਼ ਕੁਮਾਰ ਨੇ ਰਕਮ ਕੱਢਵਾਉਣ ’ਚ ਮਦਦ ਕੀਤੀ। ਵਰਿੰਦਰ ਕੁਮਾਰ ਉਰਫ਼ ਵਿੱਕੀ ਵੱਲੋਂ ਰਕਮ ਅੱਗੇ ਭੇਜੀ ਗਈ।
ਜਾਅਲੀ ਗ੍ਰਿਫ਼ਤਾਰੀ ਵਾਰੰਟ ਅਤੇ ਜਾਅਲੀ ਦਸਤਾਵੇਜ਼ ਭੇਜੇ ਗਏ
ਸ਼ਿਕਾਇਤਕਰਤਾ ਬਜ਼ੁਰਗ ਜੋੜੇ ਨੂੰ 7 ਜਨਵਰੀ ਨੂੰ ਵਟਸਐਪ ਰਾਹੀਂ ਆਪਣੇ ਆਪ ਨੂੰ ਮੁੰਬਈ ਦੇ ਕੋਲਾਬਾ ਥਾਣੇ ਦਾ ਅਧਿਕਾਰੀ ਦੱਸਣ ਵਾਲੇ ਵਿਅਕਤੀ ਨੇ ਸੰਪਰਕ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਆਧਾਰ ਕਾਰਡ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੈ। ਬਾਅਦ ’ਚ ਜਾਅਲੀ ਗ੍ਰਿਫ਼ਤਾਰੀ ਵਾਰੰਟ ਅਤੇ ਹੋਰ ਦਸਤਾਵੇਜ਼ ਭੇਜੇ ਗਏ। ਫਿਰ ਆਪਣੇ ਆਪ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਗ੍ਰਿਫ਼ਤਾਰੀ ਤੋਂ ਬਚਣ ਲਈ ਆਰ. ਟੀ. ਜੀ. ਐੱਸ. ਰਾਹੀਂ 38 ਲੱਖ ਰੁਪਏ ਭੇਜਣ ਲਈ ਕਿਹਾ ਗਿਆ। ਬਜ਼ੁਰਗ ਜੋੜੇ ਨੇ ਗ੍ਰਿਫ਼ਤਾਰੀ ਦੇ ਡਰੋ ਦੱਸੇ ਖ਼ਾਤੇ ’ਚ ਰਕਮ ਟਰਾਂਸਫਰ ਕਰ ਦਿੱਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਪੰਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ।
 


author

Babita

Content Editor

Related News