ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ
Wednesday, Jun 29, 2022 - 12:22 PM (IST)
ਬਲਾਚੌਰ (ਤ੍ਰਿਪਾਠੀ)— ਬਲਾਚੌਰ ਦੇ ਪਿੰਡ ਮਹਿਤਪੁਰ ਉਲੱਦਣੀ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ 5 ਬੱਚੀਆਂ ਬਿਸਤ ਨਹਿਰ ’ਚ ਰੁੜ ਗਈਆਂ। ਇਨ੍ਹਾਂ ਦੀ ਉਮਰ ਕਰੀਬ 6 ਤੋਂ 12 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਤਿੰਨ ਨੂੰ ਸਹੀ ਸਲਾਮਤ ਬਚਾ ਲਿਆ ਹੈ ਜਦਕਿ ਦੋ ਬੱਚੀਆਂ ਦੀ ਭਾਲ ਜਾਰੀ ਹੈ। ਥਾਣਾ ਬਲਾਚੌਰ ਸਦਰ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬਿਹਾਰ ਨਾਲ ਸਬੰਧਤ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਖੇਤਾਂ ’ਚ ਕੰਮ ਕਰਦੇ ਹਨ। ਜਦੋਂ ਘਰ ਦੇ ਮੈਂਬਰ ਖੇਤਾਂ ’ਚ ਝੋਨਾ ਲਾਉਣ ਲਈ ਗਏ ਸਨ ਤਾਂ 5 ਕੁੜੀਆਂ ਆਪਣੇ ਘਰ ਤੋਂ ਥੋੜ੍ਹਾ ਅੱਗੇ ਇਕ ਧਾਰਮਿਕ ਅਸਥਾਨ ਦੇ ਸਾਹਮਣੇ ਵਗਦੀ ਬਿਸਤ ਦੋਆਬ ਨਹਿਰ ’ਚ ਅਚਾਨਕ ਰੁੜ ਗਈਆਂ।
ਇਹ ਵੀ ਪੜ੍ਹੋ: 123 ਦਿਨ ਬਾਅਦ ਵੀ ਸਿਮਰਜੀਤ ਸਿੰਘ ਬੈਂਸ ਫਰਾਰ, ਪੁਲਸ ਦੇ ਹੱਥ ਅਜੇ ਵੀ ਖ਼ਾਲੀ
ਉਨ੍ਹਾਂ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਨੂੰ ਕੁੜੀਆਂ ਘਰ ਨਾ ਹੋਣ ਦਾ ਪਤਾ ਲੱਗਾ ਤਾਂ ਉਹ ਇਨ੍ਹਾਂ ਦੀ ਭਾਲ ਕਰਨ ਲੱਗੇ। ਇਨ੍ਹਾਂ ਬੱਚੀਆਂ ’ਚੋਂ ਤਿੰਨ ਨੂੰ 14 ਸਾਲਾ ਜੀਵਨ ਨਾਂ ਦੇ ਮੁੰਡੇ ਨੇ ਆਪਣੀ ਜਾਨ ਜੋਖ਼ਮ ’ਚ ਪਾ ਕੇ ਇਨ੍ਹਾਂ ਦਾ ਬਚਾਅ ਕੀਤਾ। ਪੀੜਤ ਪਰਿਵਾਰ ਦੇ ਮੁਖੀ ਪੰਨਾ ਲਾਲ ਨੇ ਦੱਸਿਆ ਕਿ ਜਿਨ੍ਹਾਂ ਬੱਚੀਆਂ ਨੂੰ ਕੱਢ ਲਿਆ ਗਿਆ ਹੈ, ਉਨ੍ਹਾਂ ’ਚ ਸ਼ਕੀਨਾ, ਸੰਜਨਾ ਅਤੇ ਚਾਂਦਨੀ ਸ਼ਾਮਲ ਹਨ ਅਤੇ ਜਿਹੜੀਆਂ ਦੋ ਪਾਣੀ ਦੇ ਵਹਾਅ ਕਾਰਨ ਰੁੜ ਗਈਆਂ, ਉਹ ਰੂਪਾ ਅਤੇ ਉਸ ਦੇ ਸਾਂਢੂ ਦੀ ਬੱਚੀ ਪੂਜਾ ਹੈ।
ਇਹ ਵੀ ਪੜ੍ਹੋ: ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ
ਇਸ ਮੌਕੇ ਇਕ ਬੱਚੀ ਨੇ ਦੱਸਿਆ ਕਿ ਪਹਿਲਾਂ ਉਹ ਜਾਮੂਨ ਖਾਣ ਲਈ ਗਈਆਂ ਸਨ ਅਤੇ ਬਾਅਦ ’ਚ ਨਹਿਰ ਵੱਲ ਚਲੇ ਗਈਆਂ। ਇਥੇ ਦੂਜੀਆਂ ਕੁੜੀਆਂ ਪੋੜੀਆਂ ਉਤਰ ਗਈਆਂ, ਜਦੋਂ ਉਨ੍ਹਾਂ ਨੇ ਚੀਕਾਂ ਮਾਰੀਆਂ ਤਾਂ ਕੋਲੋਂ ਲੰਘ ਰਹੇ ਲੋਕਾਂ ਨੇ ਸਾਡੀ ਮਦਦ ਨਾ ਕੀਤੀ ਜਦਕਿ ਨਹਿਰ ਦੇ ਦੂਜੇ ਪਾਸੇ ਇਕ ਲੜਕੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੱਚੀਆਂ ਨੂੰ ਬਚਾ ਲਿਆ। ਉਥੇ ਹੀ ਤਿੰਨ ਬੱਚੀਆਂ ਨੂੰ ਬਚਾਉਣ ਵਾਲੇ ਜੀਵਨ ਕੁਮਾਰ ਨੂੰ ਥਾਣਾ ਮੁਖੀ ਨੇ ਸ਼ਾਬਾਸ਼ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੀਵਨ ਦਾ ਵਿਸ਼ੇਸ਼ ਸਨਮਾਨ ਕਰਵਾਉਣ ਹਿੱਤ ਉੱਚ ਅਧਿਕਾਰੀਆਂ ਨੂੰ ਬੇਨਤੀ ਪੱਤਰ ਭੇਜਿਆ ਜਾਵੇਗਾ ਅਤੇ ਉਸ ਨੂੰ ਸਨਮਾਨਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ