ਫੇਰੀ ਪਾਉਣ ਆਏ ਲਾੜੇ ਦੀ ਕਾਰ ਛੋਟੇ ਹਾਥੀ ਨਾਲ ਟਕਰਾਈ, ਪਤੀ-ਪਤਨੀ ਸਮੇਤ 5 ਜ਼ਖਮੀ

Thursday, Feb 22, 2018 - 07:28 AM (IST)

ਸਮਰਾਲਾ (ਗਰਗ, ਬੰਗੜ) - ਅੱਜ ਦੁਪਹਿਰ ਮੌਕੇ ਇਥੋਂ ਦੇ ਰਾਸ਼ਟਰੀ ਰਾਜ ਮਾਰਗ ਚੰਡੀਗੜ੍ਹ-ਲੁਧਿਆਣਾ 'ਤੇ ਵਿਆਹ ਤੋਂ ਬਾਅਦ ਸਹੁਰੇ ਘਰ ਪਹਿਲੀ ਫੇਰੀ ਪਾਉਣ ਜਾ ਰਹੇ ਲਾੜੇ ਦੀ ਕਾਰ ਤੇ ਛੋਟੇ ਹਾਥੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਪਤੀ-ਪਤਨੀ ਸਮੇਤ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਛੋਟੇ ਹਾਥੀ ਦਾ ਡਰਾਈਵਰ ਵੀ ਸ਼ਾਮਲ ਹੈ। ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਵਿਖੇ ਮੁਢਲੀ ਸਹਾਇਤਾ ਲਈ ਲਿਆਂਦੇ ਗਏ ਜ਼ਖਮੀਆਂ ਵਿਚੋਂ ਹਾਂਡਾ ਸਿਟੀ ਕਾਰ ਦੇ ਚਾਲਕ ਪਵਿੱਤਰ ਸਿੰਘ ਵਾਸੀ ਜੰਡਾਲੀ ਨੇ ਦੱਸਿਆ ਕਿ ਉਸ ਦਾ ਵਿਆਹ ਪੋਹਲੋਮਾਜਰੇ 'ਚ ਹੋਇਆ ਹੈ ਤੇ ਅੱਜ ਉਹ ਆਪਣੀ ਪਤਨੀ ਤੇ ਪਰਿਵਾਰ ਨੂੰ ਨਾਲ ਲੈ ਕੇ ਪਹਿਲੀ ਫੇਰੀ ਪਾਉਣ ਲਈ ਸਹੁਰੇ ਘਰ ਵੱਲ ਜਾ ਰਿਹਾ ਸੀ ਕਿ ਮਾਲਵਾ ਕਾਲਜ ਲੰਘਣ ਤੋਂ ਬਾਅਦ ਉਨ੍ਹਾਂ ਦੀ ਗੱਡੀ ਨਾਲ ਛੋਟੇ ਹਾਥੀ ਦੀ ਟੱਕਰ ਹੋ ਗਈ।  ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਉਸਦੀ ਪਤਨੀ ਗੁਰਪ੍ਰੀਤ ਕੌਰ ਤੇ ਸਾਲੀ ਮਨਪ੍ਰੀਤ ਕੌਰ ਤੋਂ ਇਲਾਵਾ ਮਨਪ੍ਰੀਤ ਕੌਰ ਦੀ ਛੋਟੀ ਧੀ ਸਿਮਰਨਜੀਤ ਕੌਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਲੋਕਾਂ ਵਲੋਂ ਇਥੇ ਇਲਾਜ ਲਈ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੀ ਹਾਲਤ ਗੰਭੀਰ ਹੈ ਤੇ ਉਸਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।ਦੂਜੇ ਪਾਸੇ ਛੋਟੇ ਹਾਥੀ ਦੇ ਜ਼ਖਮੀ ਡਰਾਈਵਰ ਜਤਿਨ ਕੁਮਾਰ ਪੁੱਤਰ ਗੋਪਨਦਾਸ ਵਾਸੀ ਖੰਨਾ, ਜੋ ਕਿ ਖਮਾਣੋਂ ਤੋਂ ਸਮਰਾਲਾ ਵੱਲ ਆ ਰਿਹਾ ਸੀ, ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ, ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News