ਅਧਿਆਪਕ ਭਰਤੀ ਰਿਕਾਰਡ ’ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਗ੍ਰਿਫਤਾਰ

Wednesday, May 10, 2023 - 01:53 PM (IST)

ਅਧਿਆਪਕ ਭਰਤੀ ਰਿਕਾਰਡ ’ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਗ੍ਰਿਫਤਾਰ

ਚੰਡੀਗੜ੍ਹ/ਗੁਰਦਾਸਪੁਰ (ਰਮਨਜੀਤ ਸਿੰਘ, ਵਿਨੋਦ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਸਿੱਖਿਆ ਵਿਭਾਗ ਦੇ 5 ਮੁਲਾਜ਼ਮਾਂ ਨੂੰ 2007 ਵਿਚ ਈ. ਟੀ. ਟੀ./ਜੇ. ਬੀ. ਟੀ./ਟੀਚਿੰਗ ਫੈਲੋਜ ਦੀਆਂ ਲਗਭਗ 9998 ਅਸਾਮੀਆਂ ਦੀ ਪੰਜਾਬ ਪੱਧਰ ’ਤੇ ਭਰਤੀ ਕਰਨ ਸਬੰਧੀ ਸਰਕਾਰੀ ਰਿਕਾਰਡ ਵਿਚ ਬੇਨਿਯਮੀਆਂ ਅਤੇ ਗੜਬੜੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਦੀ ਸਮਰੱਥ ਅਦਾਲਤ ਵਲੋਂ ਵਿਜੀਲੈਂਸ ਬਿਊਰੋ ਨੂੰ ਇਨ੍ਹਾਂ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ ਹੈ।  ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵਿਜੀਲੈਂਸ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ, ਉਡਣ ਦਸਤਾ-1, ਪੰਜਾਬ, ਵਿਚ 08 ਮਈ 2023 ਨੂੰ ਆਈ. ਪੀ. ਸੀ. ਦੀ ਧਾਰਾ 409, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 (13) (1) (ਏ), 13 (2) ਤਹਿਤ ਸ਼ਿਕਾਇਤ ਦਰਜ ਕੀਤੀ ਸੀ।

ਇਹ ਵੀ ਪੜ੍ਹੋ : CBI, ED ਰਾਹੀਂ ਭਾਜਪਾ ਅਰਵਿੰਦ ਕੇਜਰੀਵਾਲ ਦੀ ‘ਇਮਾਨਦਾਰ ਰਾਜਨੀਤੀ’ ਨੂੰ ਰੋਕਣਾ ਚਾਹੁੰਦੀ ਹੈ : ‘ਆਪ’

ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿਚ ਸ਼ਾਮਲ ਮੁਲਜ਼ਮਾਂ, ਜ਼ਿਲਾ ਸਿੱਖਿਆ ਦਫਤਰ (ਡੀ. ਈ. ਓ.) ਐਲੀਮੈਂਟਰੀ, ਲੁਧਿਆਣਾ ਦੇ ਕਰਮਚਾਰੀ ਮਨਜੀਤ ਸਿੰਘ ਜੂਨੀਅਰ ਸਹਾਇਕ, ਮਹਿੰਦਰ ਸਿੰਘ ਸੀਨੀਅਰ ਸਹਾਇਕ, (ਦੋਵੇਂ ਸੇਵਾਮੁਕਤ) ਅਤੇ ਡੀ. ਈ. ਓ. (ਐਲੀਮੈਂਟਰੀ), ਗੁਰਦਾਸਪੁਰ ਦੇ ਧਰਮਪਾਲ, ਸੀਨੀਅਰ ਸਹਾਇਕ, ਨਰਿੰਦਰ ਕੁਮਾਰ, ਜੂਨੀਅਰ ਸਹਾਇਕ, ਅਤੇ ਮਿਤਰ ਵਾਸੂ, ਸੀਨੀਅਰ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਇਹ ਮੁਲਾਜ਼ਮ ਵੱਖ-ਵੱਖ ਸਮੇਂ ’ਤੇ ਡੀ.ਈ.ਓ (ਐਲੀਮੈਂਟਰੀ) ਲੁਧਿਆਣਾ ਅਤੇ ਗੁਰਦਾਸਪੁਰ ਵਿਖੇ ਤਾਇਨਾਤ ਰਹੇ ਸਨ ਅਤੇ ਸਾਲ 2007 ਵਿਚ ਈ.ਟੀ.ਟੀ./ਜੇ.ਬੀ.ਟੀ./ਟੀਚਿੰਗ ਫੈਲੋਜ ਦੀਆਂ ਪੰਜਾਬ ਪੱਧਰ ’ਤੇ ਲਗਭਗ 9998 ਅਸਾਮੀਆਂ ਲਈ ਬਿਨੈ ਕਰਨ ਵਾਲੇ ਹਜ਼ਾਰਾਂ ਉਮੀਦਵਾਰਾਂ ਦਾ ਭਰਤੀ ਰਿਕਾਰਡ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ, ਇਸ ਰਿਕਾਰਡ ਨੂੰ ਸੁਰੱਖਿਅਤ ਰੱਖਣ ਵਿਚ ਬੇਨਿਯਮੀਆਂ ਅਤੇ ਗੜਬੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਕਈ ਉਮੀਦਵਾਰਾਂ ਵਲੋਂ ਤਜ਼ਰਬੇ ਦੇ ਜਾਅਲੀ ਸਰਟੀਫਿਕੇਟਾਂ ਸਮੇਤ ਹੋਰ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਸਬੰਧੀ ਸ਼ਿਕਾਇਤਾਂ ਸਾਹਮਣੇ ਆਉਣ ਉਪਰੰਤ, ਉਕਤ ਮੁਲਜ਼ਮ ਆਪਣੇ ਅਧੀਨ ਸੁਰੱਖਿਅਤ ਰੱਖੇ ਲੋੜੀਂਦੇ ਰਿਕਾਰਡ ਨੂੰ ਇਸ ਮੰਤਵ ਲਈ ਨਿਯੁਕਤ ਕੀਤੀ ਗਈ ਵਿਭਾਗੀ ਕਮੇਟੀ ਜਾਂ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰਨ ਵਿਚ ਅਸਫਲ ਰਹੇ। ਇਸ ਮਾਮਲੇ ਵਿਚ ਪੁੱਛਗਿੱਛ ਮੁਕੰਮਲ ਹੋਣ ’ਤੇ ਇਨ੍ਹਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਚੋਣ ਪ੍ਰਕਿਰਿਆ ਦੌਰਾਨ ਤਾਇਨਾਤ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਵੀ ਕਾਨੂੰਨ ਅਨੁਸਾਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।    

ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੋਟਰਾਂ ਨੂੰ ਕਾਂਗਰਸ ਅਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Anuradha

Content Editor

Related News