'5 ਅਪ੍ਰੈਲ ਰਾਤ 9 ਵਜੇ ਪਵੇਗਾ ਪਾਵਰ ਸਿਸਟਮ ’ਤੇ ਇੱਕਦਮ ਲੋਡ'

Friday, Apr 03, 2020 - 10:07 PM (IST)

'5 ਅਪ੍ਰੈਲ ਰਾਤ 9 ਵਜੇ ਪਵੇਗਾ ਪਾਵਰ ਸਿਸਟਮ ’ਤੇ ਇੱਕਦਮ ਲੋਡ'

ਚੰਡੀਗਡ਼੍ਹ/ ਖੰਨਾ (ਕਮਲ, ਸ਼ਾਹੀ)-ਦੇਸ਼ ਵਿਚ ਸ਼ਾਮ ਸੂਰਜ ਡੁੱਬਣ ਸਮੇਂ ਜਦੋਂ ਲੋਕ ਆਪਣੇ ਆਪਣੇ ਘਰਾਂ ਤੇ ਦਫਤਰਾਂ ਵਿਚ ਬਿਜਲੀ ਆਨ ਕਰਦੇ ਹਨ ਤਾਂ ਉਸ ਸਮੇਂ ਪਾਵਰ ਸਟੇਸ਼ਨਾਂ ਉਤੇ ਇੱਕਦਮ ਲੋਡ ਪੈਂਦਾ ਹੈ। ਇਸ ਸਮੇਂ ਨੂੰ ਪੀਕ ਲੋਡ ਐਲਾਨ ਕੇ ਬਿਜਲੀ ਕੰਪਨੀਆਂ ਫੈਕਟਰੀਆਂ ਨੂੰ ਬੰਦ ਰੱਖਣ ਲਈ ਕਹਿੰਦੀਆਂ ਹਨ । ਆਮ ਦਿਨਾਂ ਵਿਚ ਇਹ ਲੋਡ ਕੁੱਝ ਕੁ ਮਿੰਟਾਂ ਦੇ ਅੰਤਰਾਲ ਦੇ ਬਾਅਦ ਸਿਸਟਮ ਉਤੇ ਪੈਂਦਾ ਹੈ ਪਰ ਹੁਣ ਨਵੀਂ ਮੁਸੀਬਤ ਆ ਪਈ ਹੈ ਜਦੋਂ 5 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ’ਤੇ ਰਾਤ 9 ਵਜੇ ਲੋਕ ਆਪਣੀ-ਆਪਣੀ ਲਾਈਟ ਬੰਦ ਕਰਨਗੇ ਪਰ 9.09 ਵਜੇ ਸਾਰੀਆਂ ਲਾਈਟਾਂ ਇੱਕੋ ਸਮੇਂ ’ਤੇ ਆਨ ਹੋਣ ਨਾਲ ਪਾਵਰ ਸਟੇਸ਼ਨਾਂ ਉਤੇ ਇੱਕ ਦਮ ਲੋਡ ਪਵੇਗਾ ਤਾਂ ਇਸ ਨਾਲ ਭਾਰੀ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ।

ਇਸ ਬਾਬਤ ਜਦੋਂ ਪਾਵਰਕਾਮ ਦੇ ਪਾਵਰ ਕੰਟਰੋਲਰ ਪਟਿਆਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪਾਵਰ ਹਾਊਸ ਸਟੇਸ਼ਨਾਂ ਨੂੰ ਬਚਾਉਣ ਲਈ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸ ਪ੍ਰਕਾਰ 5 ਅਪ੍ਰੈਲ ਨੂੰ ਰਾਤ 9.09 ਵਜੇ ਜਦੋਂ ਰਾਜ ਭਰ ਵਿੱਚ ਇੱਕੋ ਹੀ ਸਮੇਂ ਲਾਈਟਾਂ ਆਨ ਹੋਣਗੀਆਂ ਤਾਂ ਸਿਸਟਮ ’ਤੇ ਪੈਣ ਵਾਲੇ ਲੋਡ ਤੋਂ ਕਿਵੇਂ ਬਚਿਆ ਜਾਵੇ । ਕੁੱਝ ਇੰਜੀਨੀਅਰਾਂ ਨੇ ਸੁਝਾਅ ਦਿੱਤਾ ਹੈ ਕਿ ਕਿਉਂਕਿ ਪਾਵਰ ਸਟੇਸ਼ਨ ਵਿਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਵੱਖ ਵੱਖ ਪਾਵਰ ਸਵਿੱਚ ਹੁੰਦੇ ਹਨ ਤਾਂ ਸਟੇਸ਼ਨ ਹਾਊਸ ਇੰਚਾਰਜ ਨੂੰ ਰਾਤ 9.09 ਮਿੰਟ ਤੋਂ ਪਹਿਲਾਂ ਹੀ ਪਾਵਰ ਸਟੇਸ਼ਨ ਦੀਆਂ ਸਾਰੇ ਸਵਿਚ ਬੰਦ ਕਰਕੇ ਉਸਦੇ ਬਾਅਦ ਕੁੱਝ ਕੁੱਝ ਮਿੰਟਾਂ ਦੇ ਅੰਤਰਾਲ ਦੇ ਬਾਅਦ ਆਨ ਕਰਨਾ ਹੋਵੇਗਾ, ਜਿਸਦੇ ਨਾਲ ਇੱਕ ਹੀ ਸਮੇਂ ਪੈਣ ਵਾਲੇ ਲੋਡ ਤੋਂ ਬਚਿਆ ਜਾ ਸਕੇਗਾ ।

ਬਿਜਲੀ ਵਿਭਾਗ ਦੀ ਰਾਏ ਜਾਣੇ ਬਿਨਾ ਲਿਆ ਫੈਸਲਾ ਮੋਦੀ ਦੀ ਨਾ-ਸਮਝੀ : ਧਰਮਸੌਤ

PunjabKesari
ਰਾਤ ਦੇ ਸਮੇਂ ਪੂਰੇ ਦੇਸ਼ ਵਿਚ ਲਾਈਟਾਂ ਬੰਦ ਕਰਵਾ ਕੇ 9 ਮਿੰਟ ਦੇ ਬਾਅਦ ਇੱਕ ਹੀ ਸਮੇਂ ਆਨ ਕਰਵਾਉਣ ਦੀ ਰਾਏ ਦੇਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਜਲੀ ਵਿਭਾਗ ਤੋਂ ਰਾਏ ਲੈਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਫੈਸਲਾ ਨਾ-ਸਮਝੀ ਵਾਲਾ ਹੈ, ਜਿਸ ਨੇ ਦੇਸ਼ ਦੇ ਸਾਰੇ ਪਾਵਰ ਸਟੇਸ਼ਨਾਂ ਉੱਤੇ ਇੱਕ ਹੀ ਸਮੇਂ ਲੋਡ ਵਧਣ ਨਾਲ ਪੂਰੇ ਦੇਸ਼ ਵਿਚ ਬਿਜਲੀ ਬੰਦ ਹੋਣ ਦਾ ਨਵਾਂ ਸੰਕਟ ਪੈਦਾ ਕਰ ਦਿੱਤਾ ਹੈ।

 


author

Karan Kumar

Content Editor

Related News