ਪਿੰਡ ਚੂਹੜਚੱਕ ਵਿਖੇ ਕਿਸਾਨਾਂ ਦੀ ਸਾਢੇ 5 ਏਕੜ ਖੜ੍ਹੀ ਕਣਕ ਸੜ ਕੇ ਹੋਈ ਸੁਆਹ
Saturday, Apr 17, 2021 - 07:23 PM (IST)
ਅਜੀਤਵਾਲ,(ਰੱਤੀ ਕੋਕਰੀ)- ਪਿੰਡ ਚੂਹੜਚੱਕ ਵਿਖੇ ਕਿਸਾਨਾਂ ਦੀ ਸਾਢੇ 5 ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਅੱਜ ਕਰੀਬ 11 ਵਜੇ 24 ਘੰਟੇ ਵਾਲੀ ਬਿਜਲੀ ਦੀ ਲਾਇਨ 'ਚੋਂ ਨਿਕਲੇ ਚੰਗਿਆੜਿਆਂ ਕਾਰਨ ਕਿਸਾਨ ਹਰੀ ਸਿੰਘ ਦਾ ਅੱਧਾ ਕਿੱਲਾ, ਦਰਸ਼ਨ ਸਿੰਘ ਦੇ 3 ਕਿੱਲੇ ਅਤੇ ਲਛਮਣ ਸਿੰਘ ਦੇ 2 ਕਿੱਲੇ ਅੱਗ ਲੱਗਣ ਕਾਰਨ ਰਾਖ ਹੋ ਗਏ। ਉਕਤ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਮਹਿਕਮੇ ਦੀ ਜੋ ਸਾਡੇ ਖੇਤ 'ਚੋਂ 24 ਘੰਟੇ ਵਾਲੀ ਲਾਇਨ ਲੰਘਦੀ ਹੈ ਉਸ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਕਣਕ ਦੀ ਕਟਾਈ ਕਰ ਰਹੀ ਕੰਬਾਈਨ ਦੀ ਛੱਤਰੀ ਨੀਵੀਆਂ ਤਾਰਾਂ ਵਿੱਚ ਫਸ ਗਈਆਂ ਜਿਸ ਕਾਰਨ ਤਾਰਾਂ 'ਚੋਂ ਚੰਗਿਆੜੇ ਨਿਕਲਣ ਕਾਰਨ ਕਣਕ ਸੜ ਗਈ। ਅੱਗ ਲੱਗਣ ਦਾ ਪਤਾ ਜਿਉਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਆਪੋ-ਆਪਣੇ ਸਾਧਨਾਂ ਰਾਹੀਂ ਘਟਨਾ ਸਥਾਨ 'ਤੇ ਪਹੁੰਚੇ ਅਤੇ ਟਰੈਕਟਰਾਂ ਤੇ ਦਰੱਖਤਾਂ ਦੀਆਂ ਟਾਹਣੀਆਂ ਨਾਲ ਅੱਗ 'ਤੇ ਕਾਬੂ ਪਾ ਲਿਆ।