5.89 ਕਰੋੜ ਨਾਲ ਹੋਵੇਗੀ ਮਕਬੂਲਪੁਰਾ ਤੋਂ ਝਬਾਲ ਰੋਡ ਤੱਕ ਦੇ ਗੰਦੇ ਨਾਲੇ ਦੀ ਸਫਾਈ

Sunday, Jun 24, 2018 - 03:11 AM (IST)

ਅੰਮ੍ਰਿਤਸਰ,   (ਵੜੈਚ)-  ਮੇਅਰ ਕਰਮਜੀਤ ਸਿੰਘ ਰਿੰਟੂ ਨੇ ਫੋਕਲ ਪੁਆਇੰਟ ਦੀਅਾਂ 3 ਵੱਖ-ਵੱਖ ਐਸੋਸੀਏਸ਼ਨਾਂ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀ ਵੈੱਲਫੇਅਰ ਐਸੋਸੀਏਸ਼ਨ ਤੇ ਫੋਕਲ ਪੁਅਾਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਬੈਨਰ ਹੇਠ ਉਦਯੋਗਪਤੀਆਂ ਨੂੰ ਆ ਰਹੀਅਾਂ ਮੁਸ਼ਕਿਲਾਂ ਸੁਣੀਅਾਂ। ਕਮਿਸ਼ਨਰ ਸੋਨਾਲੀ ਗਿਰੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ ਕੁਮਾਰ ਤੇ ਇਲਾਕੇ ਦੇ ਕੌਂਸਲਰਾਂ ਨਾਲ ਫ੍ਰੀਡਮ ਇੰਡਸਟਰੀ ਦੀ ਪਹਿਲ ’ਤੇ ਹੋਈ ਬੈਠਕ ਵਿਚ ਉਦਯੋਗਪਤੀਆਂ ਨੇ ਉਨ੍ਹਾਂ ਨੂੰ ਸਾਲਾਂ ਤੋਂ ਪੇਸ਼ ਆ ਰਹੀਅਾਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਮੇਅਰ ਰਿੰਟੂ ਨੇ ਫੋਕਲ ਪੁਆਇੰਟ ਵਿਚ ਇੰਡਸਟਰੀਜ਼ ਨੂੰ ਪੇਸ਼ ਆ ਰਹੀਅਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਤਕਰੀਬਨ 8 ਕਰੋੜ ਦੇ ਵਿਕਾਸ ਕੰਮਾਂ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
 ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਡਾਲਮੀਆ, ਡੀ. ਐੱਸ. ਗੋਰਾਇਆ, ਸੰਦੀਪ ਖੋਸਲਾ ਤੇ ਕਮਲ ਅਗਰਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਸਿਆਸਤ ਤੋਂ ਉਪਰ ਉਠ ਕੇ ਫੋਕਲ ਪੁਆਇੰਟ ਦਾ 100 ਫੀਸਦੀ ਵਿਕਾਸ ਕਰਵਾਇਆ ਜਾਵੇਗਾ। ਇਨ੍ਹਾਂ ਕੰਮਾਂ ਨੂੰ ਹਾਊੁਸ ਵਿਚ ਵੀ ਪਾਸ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਕੰਮਾਂ ’ਚ 5.89 ਕਰੋੜ ਰੁਪਏ ਦੀ ਲਾਗਤ ਨਾਲ ਮਕਬੂਲਪੁਰਾ ਤੋਂ ਝਬਾਲ ਰੋਡ ਤੱਕ ਦੇ ਗੰਦੇ ਨਾਲੇ ਦੀ ਸਫਾਈ,  ਨਵੀਅਾਂ ਸੜਕਾਂ, ਸਟਰੀਟ ਲਾਈਟਾਂ, ਗ੍ਰੀਨ ਬੈਲਟ, 2 ਪਬਲਿਕ ਪਖਾਨੇ, ਰੇਨ ਹਾਰਵੈਸਟਿੰਗ, ਡੀ-ਸਿਲਟਿੰਗ, ਈ. ਐੱਸ. ਆਈ. ਹਸਪਤਾਲ ਦੀ ਸਥਾਪਨਾ ਆਦਿ ਦੇ ਕੰਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਵਿਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਲਈ ਕੇਸ ਪੰਜਾਬ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਆ ਹੈ। ਇਸ ਤੋਂ ਇਲਾਵਾ ਵਰਤਮਾਨ ਵਿਚ ਇਥੇ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਇਕ ਫਾਇਰ ਟੈਂਡਰ ਲਾ ਦਿੱਤਾ ਜਾਵੇਗਾ ਅਤੇ ਇਸ ਦੀ ਛੇਤੀ ਹੀ ਫਾਇਰ ਅਫਸਰ ਇੰਸਪੈਕਸ਼ਨ ਕਰ ਜਾਣਗੇ।
 ਮੇਅਰ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਹਾਊਸ ਵੱਲੋਂ ਪਹਿਲਾਂ ਹੀ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਕੰਮ ਪਾਸ ਕੀਤੇ ਗਏ ਹਨ, ਜਿਨ੍ਹਾਂ ਲਈ ਟੈਂਡਰ ਵੀ ਲਾਏ ਗਏ ਹਨ, ਜਿੰਨ੍ਹਾਂਂ ਨੂੰ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਹਰਮਿੰਦਰ ਸਿੰਘ, ਪ੍ਰਤੀਕ ਅਰੋੜਾ, ਰਾਜਬੀਰ ਸ਼ਰਮਾ, ਸਿਮਰ ਰੰਧਾਵਾ, ਅਮਿਤ ਦਿਲਾਵਰੀ ਆਦਿ ਮੌਜੂਦ ਸਨ।
 


Related News