ਨੌਕਰੀ ਦਾ ਝਾਂਸਾ ਦੇ ਕੇ ਮਾਰੀ 5 ਲੱਖ 34 ਹਜ਼ਾਰ ਦੀ ਠੱਗੀ

Wednesday, Aug 02, 2017 - 11:54 PM (IST)

ਨੌਕਰੀ ਦਾ ਝਾਂਸਾ ਦੇ ਕੇ ਮਾਰੀ 5 ਲੱਖ 34 ਹਜ਼ਾਰ ਦੀ ਠੱਗੀ

ਸੰਗਰੂਰ,  (ਵਿਵੇਕ ਸਿੰਧਵਾਨੀ, ਰਵੀ)-  3 ਵਿਅਕਤੀਆਂ ਨੂੰ ਪੁਲਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ 34 ਹਜ਼ਾਰ ਰੁਪਏ ਦੀ ਠੱਗੀ ਮਾਰਨ ਤੇ ਪੈਸੇ ਮੰਗਣ 'ਤੇ ਵਿਅਕਤੀ ਨੂੰ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਥਾਣਾ ਸਿਟੀ ਸੰਗਰੂਰ ਦੇ ਸਬ-ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਪੀੜਤ ਊਸ਼ਾ ਕੌਰ ਪਤਨੀ ਰਾਜੂ ਸਿੰਘ ਵਾਸੀ ਪੱਤੋ ਜ਼ਿਲਾ ਮੋਗਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਲੜਕੇ ਸੁਰਿੰਦਰ ਸਿੰਘ ਤੇ ਦੋ ਹੋਰ ਲੜਕਿਆਂ ਨੂੰ ਪੁਲਸ 'ਚ ਭਰਤੀ ਕਰਵਾਉਣ ਦੇ ਬਦਲੇ ਇਕ ਵਿਅਕਤੀ ਤੇ ਉਸ ਦੇ ਸਾਥੀਆਂ ਨੇ 5 ਲੱਖ 34 ਹਜ਼ਾਰ ਰੁਪਏ ਵਸੂਲ ਕੀਤੇ ਸਨ। ਊਸ਼ਾ ਕੌਰ ਵੱਲੋਂ ਪੈਸੇ ਵਾਪਸ ਮੰਗਣ 'ਤੇ ਪਿਛਲੇ ਸਾਲ 4 ਜੁਲਾਈ 2016 ਨੂੰ ਉਕਤ ਦੋਸ਼ੀਆਂ ਨੇ ਉਸ ਦੇ ਲੜਕੇ ਸੁਰਿੰਦਰ ਸਿੰਘ ਨੂੰ ਸੰਗਰੂਰ ਅਕੈਡਮੀ 'ਚ ਬੁਲਾ ਲਿਆ।    ਪੈਸੇ ਨਾ ਦੇਣ ਦੀ ਨੀਅਤ ਨਾਲ ਸਗੜ ਸਿੰਘ ਪੁੱਤਰ ਨਛੱਤਰ ਸਿੰਘ ਤੇ ਉਸ ਦੇ ਸਾਥੀਆਂ ਨੇ ਆਪਣੀ ਪਿਸਤੌਲ ਨਾਲ ਸੁਰਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ, ਜੋ ਕਿ ਉਸ ਦੇ ਸਿਰ 'ਚ ਲੱਗੀ।  ਊਸ਼ਾ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸਗੜ ਸਿੰਘ ਪੁੱਤਰ ਨਛੱਤਰ ਸਿੰਘ, ਬੇਅੰਤ ਸਿੰਘ ਉਰਫ ਟੋਨੀ ਪੁੱਤਰ ਸੁਖਦੇਵ ਸਿੰਘ ਵਾਸੀ ਸੇਖਾ, ਨਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਭਸੌੜ ਤੇ ਅਮਨਦੀਪ ਸਿੰਘ ਦੀ ਪਤਨੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  


Related News