ਆਜ਼ਾਦੀ ਤੋਂ 47 ਸਾਲ ਪਹਿਲਾਂ ਦਾ ਕਾਨੂੰਨ ਝੱਲ ਰਹੇ ਨੇ ਹਜ਼ਾਰਾਂ ਕਿਸਾਨ

08/07/2017 3:50:28 PM

ਗੜ੍ਹਸ਼ੰਕਰ(ਸ਼ੋਰੀ)— ਦੇਸ਼ ਦੇ ਲੋਕਾਂ ਨੇ ਬੇਸ਼ੱਕ ਆਜ਼ਾਦੀ ਦਾ ਜਸ਼ਨ 1947 'ਚ ਮਨਾ ਲਿਆ ਹੈ ਪਰ ਸਾਡੇ ਦੇਸ਼ 'ਚ ਅੱਜ ਵੀ ਹਜ਼ਾਰਾਂ ਅਜਿਹੇ ਕਿਸਾਨ ਹਨ, ਜੋ ਆਪਣੇ-ਆਪ ਨੂੰ ਸਿਸਟਮ ਦਾ ਗੁਲਾਮ ਪਾ ਰਹੇ ਹਨ। ਗੱਲ ਹੋ ਰਹੀ ਹੈ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ, ਜੋ ਅੰਗਰੇਜ਼ਾਂ ਵੱਲੋਂ ਬਣਾਏ ਗਏ 'ਪੰਜਾਬ ਭੂਮੀ ਸੁਰੱਖਿਆ ਐਕਟ 1900' ਸਾਹਮਣੇ ਅੱਜ ਵੀ ਆਪਣੇ-ਆਪ ਨੂੰ ਲਾਚਾਰ ਅਤੇ ਬੇਵੱਸ ਪਾ ਰਹੇ ਹਨ। ਉਕਤ ਕਿਸਾਨਾਂ ਦੀ ਫਰਿਆਦ ਸੁਣਨ ਲਈ ਕਿਸੇ ਸਿਆਸੀ ਆਗੂ ਜਾਂ ਸਰਕਾਰੀ ਅਫਸਰ ਕੋਲ ਸਮਾਂ ਨਹੀਂ ਹੈ ਪਰ ਇਨ੍ਹ੍ਹਾਂ ਦੀ ਜ਼ਮੀਨ 'ਤੇ ਤਿਰਛੀ ਨਜ਼ਰ ਜ਼ਰੂਰ ਰਹਿੰਦੀ ਹੋਵੇਗੀ। ਇਸ ਐਕਟ ਦੀ ਧਾਰਾ 4 ਤੇ 5 ਦੀ ਕਠੋਰਤਾ ਕਾਰਨ ਜ਼ਮੀਨ ਦਾ ਮਾਲਕ ਆਪਣੀ ਹੀ ਜ਼ਮੀਨ 'ਤੇ ਨਾ ਤਾਂ ਮਸ਼ੀਨਰੀ ਚਲਾ ਸਕਦਾ ਹੈ, ਨਾ ਮਨਮਰਜ਼ੀ ਨਾਲ ਬੂਟੇ ਕੱਟ ਸਕਦਾ ਹੈ, ਨਾ ਜ਼ਮੀਨ ਦੀ ਸਤ੍ਹਾ ਨਾਲ ਛੇੜਛਾੜ ਕਰ ਸਕਦਾ ਹੈ ਜਾਂ ਫਿਰ ਇੰਝ ਕਹਿ ਲਓ ਕਿ ਜ਼ਮੀਨ ਦੀ ਮਾਲਕੀ ਹੀ ਹੈ ਕਿਸਾਨ ਕੋਲ ਪਰ ਕੰਮ ਸਰਕਾਰੀ ਹੁਕਮਾਂ ਅਨੁਸਾਰ ਹੀ ਹੁੰਦਾ ਹੈ।
ਇਹ ਹਨ ਭੂਮੀ ਸੁਰੱਖਿਆ ਐਕਟ ਦੀਆਂ ਪਾਬੰਦੀਆਂ
ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀ ਧਾਰਾ 4 ਤੇ 5 ਅਧੀਨ ਆਉਣ ਵਾਲੀ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਉਂਝ ਤਾਂ ਬਹੁਤ ਪਰੇਸ਼ਾਨੀਆਂ ਹਨ ਪਰ ਇਨ੍ਹਾਂ 'ਚੋਂ ਮੁੱਖ ਹਨ:
1. ਜ਼ਮੀਨ 'ਤੇ ਕਿਸੇ ਪ੍ਰਕਾਰ ਦੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਜਿਵੇਂ ਜੇ. ਸੀ. ਬੀ., ਬੁਲਡੋਜ਼ਰ, ਅਰਥ ਮੂਵਰ ਆਦਿ। 
2. ਜ਼ਮੀਨ ਵਿਚੋਂ ਪੱਥਰ ਨਹੀਂ ਕੱਢੇ ਜਾ ਸਕਦੇ।
3. ਜ਼ਮੀਨ ਦੀ ਭੂਗੋਲਿਕ ਸਤ੍ਹਾ ਨੂੰ ਬਦਲਿਆ ਨਹੀਂ ਜਾ ਸਕਦਾ। 
4. ਆਪਣੀ ਹੀ ਜ਼ਮੀਨ ਵਿਚੋਂ ਕਿਸੇ ਪ੍ਰਕਾਰ ਦੇ ਦਰੱਖਤ ਕੱਟਣ ਤੋਂ ਪਹਿਲਾਂ ਵਣ ਵਿਭਾਗ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਜਿਹੜੀ ਕਿ ਕਈ ਪਿੰਡਾਂ 'ਚ ਪੰਜ ਸਾਲਾਂ 'ਚ ਇਕ ਵਾਰ ਮਿਲਦੀ ਹੈ।
ਜ਼ਮੀਨ ਨਾ ਵੇਚਣ ਦੀ ਸ਼ਰਤ 'ਤੇ ਹਟਾਇਆ ਜਾ ਸਕਦੈ ਐਕਟ
ਜੇਕਰ ਇਹ ਐਕਟ ਉਨ੍ਹਾਂ ਇਲਾਕਿਆਂ ਉੱਤੋਂ ਹਟਾ ਲਿਆ ਜਾਵੇ ਜੋ ਮੌਜੂਦਾ ਸਥਿਤੀ 'ਚ ਖੇਤੀ ਅਤੇ ਫੈਕਟਰੀਆਂ ਲਈ ਵਧੀਆ ਹਨ ਤਾਂ ਬਿਨਾਂ ਸ਼ੱਕ ਕਿਸਾਨ ਖੁਸ਼ਹਾਲ ਹੋਣਗੇ ਅਤੇ ਕਾਰਖਾਨੇ ਲੱਗਣ ਨਾਲ ਬੇਰੋਜ਼ਗਾਰੀ ਘਟੇਗੀ। ਜੇ ਸਰਕਾਰ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਜ਼ਮੀਨ ਧਨਾਢ ਖਰੀਦ ਲੈਣਗੇ ਤਾਂ ਇਹ ਐਕਟ ਖਤਮ ਕਰਦੇ ਹੀ ਨਾਲ ਜ਼ਮੀਨ ਨਾ ਵੇਚ ਸਕਣ ਦੀ ਸ਼ਰਤ ਲਾਈ ਜਾ ਸਕਦੀ ਹੈ। ਇਸ ਤਰ੍ਹਾਂ ਕਿਸਾਨ ਦੀ ਜ਼ਮੀਨ ਵੀ ਕਿਸਾਨ ਕੋਲ ਰਹਿ ਜਾਵੇਗੀ ਅਤੇ ਨਾਲ ਹੀ ਉਸ ਨੂੰ ਆਪਣੀ ਜ਼ਮੀਨ 'ਤੇ ਮਨਮਰਜ਼ੀ ਦੀ ਫਸਲ ਉਗਾਉਣ ਦੀ ਇਜਾਜ਼ਤ ਮਿਲ ਜਾਵੇਗੀ।
ਅਧੂਰੀ ਆਜ਼ਾਦੀ ਸਾਬਤ ਹੋਇਆ 2012 ਦਾ ਨੋਟੀਫਿਕੇਸ਼ਨ
ਪੰਜਾਬ ਸਰਕਾਰ ਵੱਲੋਂ ਸਾਲ 2012 'ਚ ਆਪਣੇ ਨੋਟੀਫਿਕੇਸ਼ਨ ਨੰ. 39/13/2011 ਐੱਫ ਟੀ-3/6392 ਰਾਹੀਂ ਇਸ ਐਕਟ ਅਧੀਨ ਪੈਂਦੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ, ਪਠਾਨਕੋਟ, ਰੋਪੜ, ਨਵਾਂਸ਼ਹਿਰ ਆਦਿ ਦੇ ਕਈ ਕਿਸਾਨਾਂ ਦੀ ਜ਼ਮੀਨ ਨੂੰ 30 ਸਾਲਾਂ ਲਈ ਬਾਹਰ ਕਰ ਦਿੱਤਾ ਗਿਆ ਸੀ, ਨਾਲ ਹੀ ਜੋ ਸ਼ਰਤ ਲਾਈ ਗਈ ਉਹ ਅੱਧੀ ਅਧੂਰੀ ਆਜ਼ਾਦੀ ਦੇ ਰੂਪ 'ਚ ਹੀ ਕਿਸਾਨਾਂ ਲਈ ਸਾਬਿਤ ਹੋਈ ਹੈ। ਜਿਨ੍ਹਾਂ ਇਲਾਕਿਆਂ ਉੱਤੋਂ ਐਕਟ ਤਾਂ ਹਟਾਇਆ ਗਿਆ ਉਥੇ ਕਿਸਾਨਾਂ ਨੂੰ ਪੰਜ ਪ੍ਰਕਾਰ ਦੇ ਦਰੱਖਤ ਕੱਟਣ ਦੀ ਇਜਾਜ਼ਤ ਹੈ, ਜਿਨ੍ਹਾਂ 'ਚ ਸਫੈਦਾ, ਡੇਕ, ਪਾਪੂਲਰ, ਤੂਤ ਤੇ ਬਬੂਲ ਸ਼ਾਮਲ ਹਨ। ਜ਼ਮੀਨ 'ਤੇ ਮਸ਼ੀਨਰੀ ਦੀ ਵਰਤੋਂ ਮਨ੍ਹਾ ਹੈ। ਜ਼ਮੀਨ ਦੀ ਸਤ੍ਹਾ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਅਤੇ ਕਿਸੇ ਪ੍ਰਕਾਰ ਦੀ ਕਾਰੋਬਾਰੀ ਵਰਤੋਂ ਪੂਰੀ ਤਰ੍ਹਾਂ ਮਨ੍ਹਾ ਹੈ।
ਚੁੜੇਲ ਬੂਟੀ ਵੱਡੀ ਸਮੱਸਿਆ ਹੈ ਕਿਸਾਨਾਂ ਲਈ
ਇਸ ਐਕਟ ਅਧੀਨ ਪੈਂਦੀ ਜ਼ਮੀਨ 'ਤੇ ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਲਈ ਇਹ ਹੈ ਕਿ ਇਥੇ ਲੈਨਟਾਨਾ (ਪੰਚ ਫੂਲੀ) ਜਿਸ ਨੂੰ ਸਥਾਨਕ ਲੋਕ ਚੁੜੇਲ ਬੂਟੀ ਵੀ ਕਹਿੰਦੇ ਹਨ, ਦਾ ਵੱਡੀ ਮਾਤਰਾ 'ਚ ਖੇਤਾਂ 'ਤੇ ਕਬਜ਼ਾ ਹੋ ਚੁੱਕਾ ਹੈ। ਇਸ ਨੂੰ ਖਤਮ ਕਰਨ ਲਈ ਕਈ ਵਾਰ ਅੱਗ ਲਾਈ ਜਾਂਦੀ ਹੈ, ਪਰ ਫਿਰ ਤੋਂ ਇਹ ਜ਼ਮੀਨ 'ਚੋਂ ਨਿਕਲ ਪੈਂਦੀ ਹੈ। ਜ਼ਮੀਨ 'ਚੋਂ ਇਸ ਨੂੰ ਉਖਾੜਨਾ ਕਿਸਾਨ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਹੱਥਾਂ ਨਾਲ ਇਹ ਨਿਕਲਦੀ ਨਹੀਂ ਅਤੇ ਮਸ਼ੀਨਰੀ ਦੀ ਵਰਤੋਂ ਵਿਭਾਗ ਕਰਨ ਨਹੀਂ ਦਿੰਦਾ। ਇਸੇ ਕਰਕੇ ਜ਼ਿਆਦਾਤਰ ਖੇਤ ਬੰਜਰ ਪਏ ਹੋਏ ਹਨ।


Related News