ਗੁਰਦਾਸਪੁਰ ''ਚ 46 ਮਰੀਜ਼ਾਂ ''ਚੋ 43 ਦੀ ਰਿਪੋਰਟ ਆਈ ਨੈਗੇਟਿਵ, 1 ਪਾਜ਼ੇਟਿਵ

Tuesday, Apr 14, 2020 - 11:39 PM (IST)

ਗੁਰਦਾਸਪੁਰ ''ਚ 46 ਮਰੀਜ਼ਾਂ ''ਚੋ 43 ਦੀ ਰਿਪੋਰਟ ਆਈ ਨੈਗੇਟਿਵ, 1 ਪਾਜ਼ੇਟਿਵ

ਗੁਰਦਾਸਪੁਰ, (ਹਰਮਨ, ਵਿਨੋਦ)- ਦੇਸ਼ਾਂ, ਸੂਬਿਆਂ ਅਤੇ ਜ਼ਿਲਿਆਂ 'ਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਨੇ ਅੱਜ ਜ਼ਿਲਾ ਗੁਰਦਾਸਪੁਰ 'ਚ ਵੀ ਦਸਤਕ ਦੇ ਦਿੱਤੀ ਹੈ, ਜਿਸ ਤਹਿਤ ਅੱਜ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਭੈਣੀ ਪਸਵਾਲ ਵਿਖੇ ਇਕ ਸੇਵਾਮੁਕਤ 60 ਸਾਲਾਂ ਦੇ ਅਧਿਆਪਕ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਇਹ ਖਬਰ ਮਿਲਦੇ ਸਾਰ ਹੀ ਜਿੱਥੇ ਇਸ ਮਰੀਜ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ, ਉਸ ਦੇ ਨਾਲ ਹੀ ਉਸਦੇ ਪਿੰਡ ਦੇ ਨੇੜਲੇ ਕਰੀਬ 20 ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਜ਼ਿਲੇ 'ਚ ਹੁਣ ਤੱਕ 46 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 43 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਦੋਂ ਕਿ 2 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਇਕ ਮਰੀਜ਼ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ।

ਵਾਇਰਸ ਫੈਲਣ ਦਾ ਸੋਰਸ ਲੱਭਣ 'ਚ ਲੱਗੇ ਅਧਿਕਾਰੀ
ਇਸ ਮਰੀਜ਼ ਦੀ ਪਛਾਣ ਸੰਸਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਭੈਣੀ ਪਸਵਾਲ ਵਜੋਂ ਹੋਈ ਹੈ, ਜੋ ਸੇਵਾਮੁਕਤ ਅਧਿਆਪਕ ਹੈ ਅਤੇ ਆਪਣੀ ਪਤਨੀ, ਪੁੱਤਰ ਅਤੇ ਨੂੰਹ ਤੋਂ ਇਲਾਵਾ ਇਕ ਪੋਤਰੇ ਤੇ ਪੋਤਰੀ ਨਾਲ ਪਿੰਡ ਵਿਚ ਰਹਿੰਦਾ ਹੈ। ਉਕਤ ਵਿਅਕਤੀ ਦਾ ਸਾਬਕਾ ਫੌਜੀ ਭਰਾ ਲੋਗੜ ਸਿੰਘ ਪਰਿਵਾਰ ਸਮੇਤ ਜਲੰਧਰ 'ਚ ਰਹਿੰਦਾ ਹੈ ਤੇ ਪਿਛਲੇ ਮਹੀਨੇ ਉਸ ਦਾ ਭਰਾ ਬੀਮਾਰ ਸੀ, ਜਿਸ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸੰਸਾਰ ਸਿੰਘ ਉਸ ਦਾ ਪਤਾ ਲੈਣ ਲਈ ਹਸਪਤਾਲ ਵੀ ਜਾਂਦਾ ਰਿਹਾ ਸੀ ਅਤੇ 4 ਅਪ੍ਰੈਲ ਨੂੰ ਉਸ ਦੀ ਮੌਤ ਹੋ ਜਾਣ ਕਾਰਣ ਲੋਗੜ ਸਿੰਘ ਦੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਭੈਣੀ ਪਸਵਾਲ ਵਿਖੇ ਲਿਆ ਕੇ 5 ਅਪ੍ਰੈਲ ਨੂੰ ਅੰਤਿਮ ਸੰਸਕਾਰ ਕੀਤਾ ਸੀ। ਲੋਗੜ ਸਿੰਘ ਬਾਰੇ ਕਈ ਲੋਕਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਣ ਹੋਈ ਹੈ, ਜਦੋਂ ਕਿ ਇਸ ਪਰਿਵਾਰ ਦੇ ਮੈਂਬਰ ਇਸ ਗੱਲ ਦਾ ਵਿਰੋਧ ਕਰਦੇ ਰਹੇ ਅਤੇ ਪਿੰਡ ਵਿਚ ਕੀਤੇ ਅੰਤਿਮ ਸੰਸਕਾਰ ਮੌਕੇ ਪਿੰਡ ਵਾਸੀਆਂ ਦੇ ਨਾਲ-ਨਾਲ ਇਸ ਪਰਿਵਾਰ ਦੇ ਕਈ ਰਿਸ਼ਤੇਦਾਰ ਵੀ ਸ਼ਾਮਲ ਹੋਏ ਸਨ। ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਨ 'ਚ ਲੱਗੇ ਹਨ ਕਿ ਸੰਸਾਰ ਸਿੰਘ ਨੂੰ ਜਲੰਧਰ ਦੇ ਹਸਪਤਾਲ ਤੋਂ ਵਾਇਰਸ ਦਾ ਸੰਕਰਮਣ ਹੋਇਆ ਹੈ ਜਾਂ ਫਿਰ ਉਸ ਦਾ ਭਰਾ ਜਾਂ ਕੋਈ ਹੋਰ ਵਿਅਕਤੀ ਵਾਇਰਸ ਤੋਂ ਪੀੜਤ ਸੀ।

ਐਤਵਾਰ ਪਹੁੰਚਿਆ ਸੀ ਸਿਵਲ ਹਸਪਤਾਲ ਗੁਰਦਾਸਪੁਰ
ਸੰਸਾਰ ਸਿੰਘ ਦੀ ਸਿਹਤ ਖਰਾਬ ਹੋਣ ਕਾਰਣ ਐਤਵਾਰ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਸ ਵਿਚ ਇਸ ਵਾਇਰਸ ਤੋਂ ਪੀੜਤ ਹੋਣ ਦੇ ਲੱਛਣ ਪਾਏ ਜਾਣ ਕਾਰਣ ਡਾਕਟਰਾਂ ਨੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਸੀ ਅਤੇ ਉਸ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਪਰ ਅੱਜ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਣ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

3 ਕਿਲੋਮੀਟਰ ਦੀ ਦੂਰੀ ਵਾਲੇ ਪਿੰਡ 'ਚ ਆਉਣ-ਜਾਣ 'ਤੇ ਰੋਕ
ਇਸ ਮਰੀਜ਼ ਦੇ ਪਾਜ਼ੇਟਿਵ ਹੋਣ ਸਬੰਧੀ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਤੇ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਪਿੰਡ 'ਚ ਪਹੁੰਚ ਗਏ। ਡਿਪਟੀ ਕਮਿਸ਼ਨਰ ਨੇ ਪਿੰਡ ਦੇ ਆਲੇ-ਦੁਆਲੇ ਕਰੀਬ 3 ਕਿਲੋਮੀਟਰ ਦੇ ਘੇਰੇ ਵਿਚ ਪੈਣ ਵਾਲੇ ਤਕਰੀਬਨ 20 ਪਿੰਡ ਸੀਲ ਕਰ ਦਿੱਤੇ ਹਨ ਅਤੇ ਹਰੇਕ ਪਿੰਡ ਵਿਚ ਜਾਣ ਅਤੇ ਆਉਣ ਲਈ ਸਿਰਫ ਇਕ ਰਸਤਾ ਖੋਲ੍ਹਿਆ ਜਾਵੇਗਾ। ਇਸ ਰਸਤੇ 'ਤੇ ਪੁਲਸ ਅਧਿਕਾਰੀ ਅਤੇ ਸਪੈਸ਼ਲ ਮੈਜਿਸਟਰੇਟ ਦੀਆਂ ਪਾਵਰਾਂ ਦੇ ਕੇ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜਿਨ੍ਹਾਂ ਨਾਲ ਪਿੰਡ ਦਾ ਇਕ ਮੋਹਤਬਰ ਵਿਅਕਤੀ ਬੈਠ ਕੇ ਪਿੰਡ ਦੇ ਲੋਕਾਂ ਦੀ ਸ਼ਨਾਖਤ ਕਰੇਗਾ। ਪਿੰਡ ਦੇ ਬਾਕੀ ਹਿੱਸੇ ਦੇ ਆਲੇ-ਦੁਆਲੇ ਪੁਲਸ ਲਾ ਦਿੱਤੀ ਗਈ ਹੈ, ਜਿਸ ਕਾਰਣ ਨਾ ਤਾਂ ਕੋਈ ਵਿਅਕਤੀ ਪਿੰਡ ਵਿਚ ਜਾ ਸਕੇਗਾ ਅਤੇ ਨਾ ਹੀ ਕੋਈ ਬਾਹਰ ਆ ਸਕੇਗਾ। ਇਸ ਸਾਰੇ ਕੰਮ ਦੀ ਦੇਖ-ਰੇਖ ਲਈ ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਨੂੰ ਨੋਡਲ ਅਫਸਰ ਲਾ ਦਿੱਤਾ ਗਿਆ ਹੈ।

ਇਨ੍ਹਾਂ ਪਿੰਡਾਂ 'ਚ ਕੀਤੀ ਜਾ ਰਹੀ ਹੈ ਜਾਂਚ
ਸੰਸਾਰ ਸਿੰਘ ਦੇ ਪੁੱਤਰ ਦਾ ਵਿਆਹ ਸ਼ੱਕ ਸ਼ਰੀਫ ਵਿਖੇ ਹੋਇਆ ਹੈ, ਜਿਸ ਕਾਰਣ ਪੁਲਸ ਤੇ ਸਿਹਤ ਵਿਭਾਗ ਵੱਲੋਂ ਉਸ ਦੇ ਰਿਸ਼ਤੇਦਾਰਾਂ ਦੇ ਘਰਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਉਸ ਦੀ ਲੜਕੀ ਦੇ ਸਹੁਰੇ ਘਰ ਅਤੇ ਪਿੰਡ ਝੰਡੇ ਲੁਬਾਣੇ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ। ਏਨਾ ਹੀ ਨਹੀਂ 5 ਅਪ੍ਰੈਲ ਨੂੰ ਜਦੋਂ ਲੋਗੜ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉਸ ਮੌਕੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਦੀ ਮੈਡੀਕਲ ਜਾਂਚ ਲਈ ਵੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

 


author

Bharat Thapa

Content Editor

Related News