ਜੇਲ ''ਚੋਂ ਰਿਹਾਅ ਕਰਵਾਉਣ ਬਦਲੇ ਮੰਗੇ 40 ਲੱਖ, ਮਾਮਲਾ ਦਰਜ
Sunday, Jul 22, 2018 - 07:28 AM (IST)

ਬਠਿੰਡਾ (ਅਬਲੂ) - ਨਿੱਤ ਦਿਹਾੜੇ ਲੋਕਾਂ ਨਾਲ ਵੱਜ ਰਹੀਆਂ ਠੱਗੀਆਂ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਪਰ ਇਨ੍ਹਾਂ ਠੱਗੀਆਂ 'ਤੇ ਲਗਾਮ ਲੱਗਣੀ ਅਸੰਭਵ ਹੀ ਜਾਪਦੀ ਹੈ। ਬਠਿੰਡਾ ਪੁਲਸ ਦੇ ਥਾਣੇ ਕੋਤਵਾਲੀ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਕੌਰ ਪਤਨੀ ਦਮਨਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਦਮਨਵੀਰ ਸਿੰਘ ਕਿਸੇ ਕੇਸ 'ਚ ਜੇਲ 'ਚ ਬੰਦ ਹੈ ਅਤੇ ਉਸ ਦੇ ਜਾਣ-ਪਛਾਣ ਵਾਲੇ ਨੇ ਉਸ ਦੀ ਮੁਲਾਕਾਤ ਬਠਿੰਡਾ ਦੀ ਹਾਊਸਫੈੱਡ ਕਾਲੋਨੀ 'ਚ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਅਜੀਤ ਸਿੰਘ ਨਾਲ ਕਰਵਾਈ। ਗੁਰਵਿੰਦਰ ਕੌਰ ਅਨੁਸਾਰ ਨਿਰਮਲ ਸਿੰਘ ਨੇ ਕਿਹਾ ਕਿ ਉਹ ਉਸ ਦੇ ਪਤੀ ਦਮਨਵੀਰ ਸਿੰਘ ਨੂੰ ਜੇਲ 'ਚੋਂ ਬਾਹਰ ਕਢਵਾ ਦੇਵੇਗਾ ਪਰ ਇਸ ਦੇ ਬਦਲੇ ਵੱਡੀ ਰਕਮ ਦੇਣੀ ਪਵੇਗੀ। ਗੁਰਵਿੰਦਰ ਕੌਰ ਦੇ ਬਿਆਨਾਂ ਦੇ ਅਨੁਸਾਰ ਨਿਰਮਲ ਸਿੰਘ ਵੱਲੋਂ 40 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ 20 ਲੱਖ ਰੁਪਏ ਪੇਸ਼ਗੀ ਦਿੱਤੇ ਗਏ ਪਰ ਕਈ ਮਹੀਨੇ ਬੀਤ ਜਾਣ 'ਤੇ ਵੀ ਜਦੋਂ ਦਮਨਵੀਰ ਸਿੰਘ ਬਾਹਰ ਨਾ ਆਇਆ ਤਾਂ ਉਸ ਨੇ ਨਿਰਮਲ ਸਿੰਘ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਉਸਨੇ ਟਾਲ-ਮਟੋਲ ਕੀਤੀ , ਜਿਸ ਕਰ ਕੇ ਗੁਰਵਿੰਦਰ ਕੌਰ ਨੇ ਮਜਬੂਰ ਹੋ ਕੇ ਪੁਲਸ ਨੂੰ ਸ਼ਿਕਾਇਤ ਕੀਤੀ। ਕੋਤਵਾਲੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਨਿਰਮਲ ਸਿੰੰਘ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਜਦੋਂ ਇਸ ਸਬੰਧੀ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਵੱਲੋਂ ਇਕ ਪੈਸਾ ਵੀ ਨਹੀਂ ਲਿਆ ਗਿਆ। ਮੈਂ ਤਾਂ ਗੁਰਵਿੰਦਰ ਕੌਰ ਨਾਲ ਲਿਹਾਜ਼ ਦੇ ਤੌਰ 'ਤੇ ਗਿਆ ਸੀ। ਪੈਸੇ ਤਾਂ ਹੋਰ ਆਦਮੀ ਨੂੰ ਦਿੱਤੇ ਗਏ ਸਨ, ਮੈਨੂੰ ਤਾਂ ਨਾਜਾਇਜ਼ ਹੀ ਫਸਾਇਆ ਗਿਆ ਹੈ। ਮੈਂ ਇਸ ਸਬੰਧ 'ਚ ਐੱਸ. ਪੀ. ਸਾਹਿਬ ਨੂੰ ਦਰਖਾਸਤ ਵੀ ਦਿੱਤੀ ਹੋਈ ਸੀ, ਜਿਸ ਦੇ ਸਬੰਧ ਵਿਚ ਉਨ੍ਹਾਂ ਨੇ ਮੈਨੂੰ ਨਾ ਹੀ ਬੁਲਾਇਆ ਅਤੇ ਨਾ ਹੀ ਕੋਈ ਜਵਾਬ ਦਿੱਤਾ।