ਮਾਮਲਾ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦਾ: ਅਸਲ ਦੋਸ਼ੀ ਬਾਰੇ ਅਜੇ ਵੀ ਕੋਈ ਖੁਲਾਸਾ ਨਹੀਂ ਕਰ ਸਕੀ ਪੁਲਸ

04/26/2022 10:25:26 AM

ਗੁਰਦਾਸਪੁਰ (ਜੀਤ ਮਠਾਰੂ, ਹੇਮੰਤ) - ਗੁਰਦਾਸਪੁਰ ’ਚ ਇਕ 4 ਸਾਲਾ ਬੱਚੀ ਨਾਲ ਹੋਏ ਕਥਿਤ ਜਬਰ-ਜ਼ਨਾਹ ਦੇ ਮਾਮਲੇ ’ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਕੂਲ ਚੇਅਰਮੈਨ ਨੂੰ ਆਖਿਰਕਾਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਤੋਂ ਬਾਅਦ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਅਹੁਦੇਦਾਰਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਜਾਣਕਾਰੀ ਦਿੰਦੇ ਹੋਏ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਇਕ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਸਾਹਮਣੇ ਆਈ ਸੀ। ਸਕੂਲ ਦੇ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਕ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਬੱਚੀ ਬਿਲਕੁਲ ਸਹੀ ਹਾਲਤ ਵਿਚ ਆਪਣੀ ਕਲਾਸ ’ਚ ਜਾਂਦੀ ਹੈ ਅਤੇ ਪੂਰੇ ਦਿਨ ਉਪਰੰਤ ਬੱਚੀ ਦੀ ਮਾਤਾ ਖੁਦ ਉਸ ਨੂੰ ਸਕੂਲ ’ਚੋਂ ਲੈ ਕੇ ਗਈ। ਇਸ ਉਪਰੰਤ ਬਾਜ਼ਾਰ ਜਾਣ ਉਪਰੰਤ ਬੱਚੀ ਅਤੇ ਉਸ ਦੀ ਮਾਤਾ ਘਰ ਗਈਆਂ ਅਤੇ ਇਕ ਹੋਰ ਵੀਡੀਓ ਮੁਤਾਬਕ ਬੱਚੀ ਸ਼ਾਮ ਨੂੰ ਮੁਹੱਲੇ ’ਚ ਸਹੀ ਘੁੰਮਦੀ ਨਜ਼ਰ ਆ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਉਨ੍ਹਾਂ ਕਿਹਾ ਕਿ ਉਕਤ ਮਾਸੂਮ ਬੱਚੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਸਖ਼ਤ ਨਿੰਦਾ ਕੀਤੀ ਸੀ ਪਰ ਨਾਲ ਹੀ ਪੂਰੇ ਪੰਜਾਬ ਅੰਦਰ ਇਸ ਗੱਲ ਦਾ ਰੋਸ ਵੀ ਸੀ ਕਿ ਪੁਲਸ ਨੇ ਤੱਥਾਂ ਤੋਂ ਬਗੈਰ ਹੀ ਨਿਰਦੋਸ਼ ਚੇਅਰਮੈਨ ’ਤੇ ਪਰਚਾ ਦਰਜ ਕਰ ਦਿੱਤਾ। ਇਸ ਰੋਸ ਵਜੋਂ ਪੂਰੇ ਪੰਜਾਬ ਦੇ ਸਕੂਲ ਕਾਲਜ ਬੰਦ ਰੱਖੇ ਗਏ। ਫੈੱਡਰੇਸ਼ਨ ਸ਼ੁਰੂ ਤੋਂ ਹੀ ਮੰਗ ਕਰਦੀ ਆ ਰਹੀ ਸੀ ਕਿ ਅਸਲ ਦੋਸ਼ੀ ਦਾ ਪਤਾ ਲਾ ਕੇ ਸਜ਼ਾ ਦਿੱਤੀ ਜਾਵੇ ਅਤੇ ਨਿਰਦੋਸ਼ ਰਿਹਾਅ ਕੀਤੇ ਜਾਣ। ਡਾ. ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਦੀ ਸੈਸ਼ਨ ਕੋਰਟ ਵੱਲੋਂ ਸਕੂਲ ਦੇ ਚੇਅਰਮੈਨ ਅਤੇ ਪ੍ਰਬੰਧਕ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵੱਡੀ ਸਾਜ਼ਿਸ਼ ਨਾਕਾਮ, ਬੁੜੈਲ ਜੇਲ੍ਹ ਕੋਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰਿਆ ਬੈਗ ਬਰਾਮਦ

ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਤੀਨਿਧ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਕਥਿਤ ਤੌਰ ’ਤੇ ਸੱਚ ਸਾਹਮਣੇ ਆਇਆ ਹੈ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਲੈਬ ਦੀ ਰਿਪੋਰਟ ਮੁਤਾਬਕ ਸਕੂਲ ’ਚ ਕੋਈ ਵੀ ਘਟਨਾ ਨਹੀਂ ਵਾਪਰੀ ਅਤੇ ਮੈਡੀਕਲ ਰਿਪੋਰਟ ਅਨੁਸਾਰ ਹੁਣ ਇਹ ਖਦਸ਼ਾ ਵੀ ਹੈ ਕਿ ਅਸਲ ਵਿਚ ਇਹ ਘਟਨਾ ਹੋਈ ਵੀ ਹੈ ਜਾਂ ਨਹੀਂ। ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ, ਜੁਆਇੰਟ ਐਸੋਸੀਏਸ਼ਨਜ਼ ਆਫ ਕਾਲਜਿਜ਼ (ਜੈਕ) ਅਧੀਨ ਸਾਰੀਆਂ ਐਸੋਸੀਏਸ਼ਨਾਂ, ਰਾਸਾ, ਕਾਸਾ, ਈ. ਸੀ. ਐੱਸ. ਅਤੇ ਪੂਸਾ ਨੇ ਪੁਲਸ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਨਿਰਦੋਸ਼ ਮੈਨੇਜਮੈਂਟ ਨੂੰ ਕੋਈ ਕਸੂਰ ਕੀਤੇ ਬਗੈਰ ਲੰਮਾ ਸਮਾਂ ਜੇਲ੍ਹ ’ਚ ਗੁਜ਼ਾਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਮਾਮਲਿਆਂ ’ਚ ਤਫਤੀਸ਼ ਮੁਕੰਮਲ ਕਰਨ ਉਪਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਮੁਖੀ ਕੋਲੋਂ ਮੰਗ ਕੀਤੀ ਕਿ ਇਸ ਕੇਸ ਦੇ ਸਾਰੇ ਤੱਥ ਜਨਤਕ ਕੀਤੇ ਜਾਣ ਅਤੇ ਇਸ ਗੱਲ ਦੀ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸੱਚਾਈ ਦੱਸੀ ਜਾਵੇ ਕਿ ਇਹ ਘਟਨਾ ਹੋਈ ਸੀ ਜਾਂ ਨਹੀਂ ਅਤੇ ਇਸ ਦੇ ਪਿੱਛੇ ਦੋਸ਼ੀ ਕੌਣ ਸੀ।
 


rajwinder kaur

Content Editor

Related News