ਸਤਲੁਜ ਦਰਿਆ ''ਚ ਡਿੱਗ ਰਿਹੈ 4 ਪਿੰਡਾਂ ਦਾ ਦੂਸ਼ਿਤ ਪਾਣੀ

Thursday, Feb 08, 2018 - 12:32 AM (IST)

ਸਤਲੁਜ ਦਰਿਆ ''ਚ ਡਿੱਗ ਰਿਹੈ 4 ਪਿੰਡਾਂ ਦਾ ਦੂਸ਼ਿਤ ਪਾਣੀ

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਸਤਲੁਜ ਦਰਿਆ ਵਿਚ ਸ਼ਹਿਰ ਦੇ ਚਾਰ ਪਿੰਡਾਂ ਦੇ ਸੀਵਰੇਜ ਦੇ ਪਾਣੀ ਨੂੰ ਰੋਕਣ ਲਈ ਸਰਕਾਰ ਦੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਠੰਡੇ ਬਸਤੇ ਪੈਂਦੀ ਨਜ਼ਰ ਆ ਰਹੀ ਹੈ। ਫੰਡਾਂ ਦੀ ਘਾਟ ਕਾਰਨ ਇਸ ਦਾ ਕੰਮ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ।  ਜਾਣਕਾਰੀ ਅਨੁਸਾਰ ਚਾਰ ਪਿੰਡਾਂ ਦੇ ਸੀਵਰੇਜ ਤੇ ਦਰਜਨਾਂ ਪਿੰਡਾਂ ਦਾ ਗੰਦਾ ਬਰਸਾਤੀ ਪਾਣੀ ਪਿਛਲੇ 28 ਸਾਲਾਂ ਤੋਂ ਸਤਲੁਜ ਦਰਿਆ 'ਚ ਪੈ ਰਿਹਾ ਹੈ, ਜਿਸ ਨਾਲ ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਇਹ ਪਾਣੀ ਗੁ. ਪਤਾਲਪੁਰੀ ਸਾਹਿਬ ਦੇ ਅਸਥਘਾਟ ਤੋਂ ਹੋ ਕੇ ਅੱਗੇ ਜਾਂਦਾ ਹੈ। ਇਸ ਗੰਦੇ ਪਾਣੀ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕ ਸਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਅਹਿਮ ਸਮੱਸਿਆ ਨੂੰ ਅਣਦੇਖਿਆ ਕੀਤਾ ਹੋਇਆ ਹੈ। ਕਮੇਟੀ ਦੇ ਕਈ ਪ੍ਰਧਾਨ ਬਦਲ ਚੁੱਕੇ ਹਨ ਪਰ ਇਸ ਵੱਡੇ ਮਸਲੇ ਨੂੰ ਕਿਸੇ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬੀਤੇ ਸਾਲਾਂ ਦੌਰਾਨ ਪੰਜਾਬ ਅੰਦਰ ਕਾਂਗਰਸ ਤੇ ਅਕਾਲੀ-ਭਾਜਪਾ ਦੀ ਸਰਕਾਰ ਕਈ ਵਾਰ ਬਣ ਚੁੱਕੀ ਹੈ, ਜਿਨ੍ਹਾਂ ਨੇ ਮੌਕਾ ਵੇਖ ਕੇ ਯੋਜਨਾਵਾਂ ਵੀ ਬਣਾਈਆਂ ਪਰ ਇਸ 'ਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਮਲ ਨਹੀਂ ਹੋਇਆ।
ਦੋ ਨਾਲਿਆਂ ਰਾਹੀਂ ਦਰਿਆ ਤੱਕ ਜਾਂਦੈ ਗੰਦਾ ਪਾਣੀ
ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ, ਜਿਊਵਾਲ, ਭਟੋਲੀ ਤੇ ਕਲਿਆਣਪੁਰ ਪਿੰਡਾਂ ਦੇ ਲੋਕਾਂ ਦੇ ਘਰਾਂ ਦਾ ਸਾਰਾ ਗੰਦਾ ਪਾਣੀ ਦੋ ਵੱਡੇ ਨਾਲਿਆਂ ਰਾਹੀਂ ਦਰਿਆ 'ਚ ਡਿੱਗਦਾ ਹੈ। ਇਕ ਸਕੂਲ ਦੇ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ ਸਾਈਫਨ ਰਾਹੀਂ ਅਤੇ ਇਕ ਚਰਨ ਕਮਲ ਭਟੋਲੀ ਸਾਈਫਨ ਰਾਹੀਂ ਭਾਖੜਾ ਨਹਿਰ, ਮੁੱਖ ਸੜਕ ਅਤੇ ਰੇਲਵੇ ਲਾਈਨ ਤੋਂ ਹੇਠਾਂ ਦੀ ਹੁੰਦਾ ਹੋਇਆ ਅੱਗੇ ਸ੍ਰੀ ਕੀਰਤਪੁਰ ਸਾਹਿਬ ਦੇ ਸ਼ਮਸ਼ਾਨਘਾਟ ਨਜ਼ਦੀਕ ਪੰਚਾਇਤ ਵੱਲੋਂ ਬਣਾਏ ਟੋਭੇ ਵਿਚ ਪੈਣ ਤੋਂ ਬਾਅਦ ਸਤਲੁਜ ਦਰਿਆ 'ਚ ਜਾ ਕੇ ਮਿਲਦਾ ਹੈ। ਇਹੀ ਦਰਿਆ ਦਾ ਪਾਣੀ ਗੁ. ਪਤਾਲਪੁਰੀ ਸਾਹਿਬ ਦੇ ਅਸਤਘਾਟ ਤੋਂ ਹੋ ਕੇ ਲੰਘਦਾ ਹੈ, ਜਿਥੇ ਕਿ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇਸ਼ਨਾਨ ਹੀ ਨਹੀਂ ਕਰਦੇ, ਸਗੋਂ ਇਥੋਂ ਦੇ ਜਲ ਨੂੰ ਪਵਿੱਤਰ ਸਮਝ ਕੇ ਕੇਨੀਆਂ 'ਚ ਭਰ ਕੇ ਆਪਣੇ ਘਰਾਂ ਅਤੇ ਰਿਸ਼ਤੇਦਾਰਾਂ ਲਈ ਲੈ ਕੇ ਜਾਂਦੇ ਹਨ। ਜਨ ਸਿਹਤ ਵਿਭਾਗ ਵੱਲੋਂ ਕਈ ਵਾਰ ਸਤਲੁਜ ਦਰਿਆ ਲਾਗੇ ਸੀਵਰੇਜ ਪਲਾਂਟ ਲਾਉਣ ਦੀ ਯੋਜਨਾ ਬਣਾਈ ਗਈ ਪਰ ਸਿਰੇ ਨਾ ਲੱਗੀ।
ਕੈਬਨਿਟ ਮੰਤਰੀ ਸਿੱਧੂ ਤੇ ਸੰਤ ਸੀਚੇਵਾਲ ਵੀ ਕਰ ਚੁੱਕੇ ਹਨ ਦੌਰਾ
ਗੁ. ਪਤਾਲਪੁਰੀ ਸਾਹਿਬ ਦੇ ਅਸਥਘਾਟ ਤੋਂ ਹੋ ਕੇ ਜਾਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੁਝ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਵੱਲੋਂ ਰੂਪਨਗਰ ਪ੍ਰਸ਼ਾਸਨ ਤੇ ਆਲ੍ਹਾ ਅਫਸਰਾਂ ਨਾਲ ਇਥੋਂ ਦਾ ਦੌਰਾ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਦੌਰੇ ਤੋਂ ਬਾਅਦ ਕੋਈ ਅਮਲ ਵੇਖਣ ਨੂੰ ਨਹੀਂ ਮਿਲਿਆ। ਉਧਰ ਲੋਕਾਂ ਨੇ ਮੰਗ ਕੀਤੀ ਹੈ ਕਿ ਗੰਦੇ ਪਾਣੀ ਨੂੰ ਦਰਿਆ ਵਿਚ ਪੈਣ ਤੋਂ ਰੋਕਣ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਜਾਵੇ। 
ਸੀਵਰੇਜ ਪਾਉਣ ਲਈ ਗੁ. ਪਤਾਲਪੁਰੀ ਸਾਹਿਬ ਤੱਕ ਦਾ ਐਸਟੀਮੇਟ ਬਣਿਆ : ਐਕਸੀਅਨ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਕਸੀਅਨ ਰਾਹੁਲ ਕੌਸ਼ਲ ਨੇ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੀਵਰੇਜ ਪਾਉਣ ਲਈ ਰੇਲਵੇ ਲਾਈਨ ਤੋਂ ਪਾਰ ਗੁ. ਪਤਾਲਪੁਰੀ ਸਾਹਿਬ ਤੱਕ ਦਾ 7.73 ਕਰੋੜ ਰੁਪਏ ਦਾ ਐਸਟੀਮੈਟ ਬਣਿਆ ਹੋਇਆ ਹੈ, ਜਿਸ ਵਿਚ ਸਤਲੁਜ ਦਰਿਆ ਵਿਚ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਸੀਵਰੇਜ ਟਰੀਟਮੈਂਟ ਪਲਾਂਟ ਲਾਉਣਾ ਵੀ ਸ਼ਾਮਲ ਹੈ। ਇਸ ਦਾ 2.63 ਕਰੋੜ ਰੁਪਏ ਦਾ ਇਕ ਟੈਂਡਰ ਹੋਇਆ ਸੀ ਪਰ ਪਿਛਲੀ ਸਰਕਾਰ ਵੱਲੋਂ ਪੈਸਾ ਨਾ ਦੇਣ ਕਾਰਨ ਇਹ ਕੰਮ ਬੰਦ ਹੋ ਗਿਆ ਸੀ । ਪਰ ਟੈਂਡਰ ਹੁਣ ਵੀ ਸਟੈਂਡ ਕਰਦਾ ਹੈ। ਮੌਜੂਦਾ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜਲਦ ਹੀ ਗੁ. ਪਤਾਲਪੁਰੀ ਸਾਹਿਬ ਰੇਲਵੇ ਲਾਈਨ ਤੋਂ ਪਾਰ ਦੀ ਸਾਈਡ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜਦਕਿ ਸ਼ਹਿਰ ਦੀ ਸਾਈਡ ਸੀਵਰੇਜ ਪਾਉਣ ਦਾ ਕੰਮ ਅਗਲੀ ਵਾਰ ਹੋਰ ਫੰਡ ਆਉਣ 'ਤੇ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਕੀਰਤਪੁਰ ਸਾਹਿਬ ਪੰਚਾਇਤ ਨੇ ਦੋ ਵਾਰ ਖਰਚੇ ਲੱਖਾਂ ਰੁਪਏ
ਸ੍ਰੀ ਕੀਰਤਪੁਰ ਸਾਹਿਬ ਪੰਚਾਇਤ ਵੱਲੋਂ ਸ਼ਮਸ਼ਾਨਘਾਟ ਨਜ਼ਦੀਕ ਪੰਚਾਇਤੀ ਰਕਬੇ 'ਤੇ ਪੱਥਰਾਂ ਦਾ ਬੰਨ੍ਹ ਲਾ ਕੇ ਇਕ ਟੋਭਾ ਬਣਾਇਆ ਗਿਆ, ਜਿਸ 'ਚ ਗੰਦਗੀ ਤੇ ਗੰਦੇ ਪਾਣੀ ਨੂੰ ਸਤਲੁਜ ਦਰਿਆ ਵਿਚ ਡਿੱਗਣ ਤੋਂ ਰੋਕਣ ਲਈ ਲੱਖਾਂ ਰੁਪਿਆ ਖਰਚ ਕੀਤਾ ਗਿਆ ਸੀ ਪਰ ਬਰਸਾਤੀ ਪਾਣੀ ਕਾਰਨ ਬਣਾਇਆ ਗਿਆ ਟੋਭਾ ਭਰ ਗਿਆ ਤੇ ਪੱਥਰਾਂ ਦੀ ਦੀਵਾਰ ਵੀ ਰੁੜ੍ਹ ਗਈ। ਪਤਾ ਲੱਗਾ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਪੰਚਾਇਤ ਨੇ 23 ਲੱਖ ਤੇ 21 ਲੱਖ ਰੁਪਿਆ ਕ੍ਰਮਵਾਰ ਖਰਚ ਕੇ 50 ਫੁੱਟ ਲੰਬਾ ਤੇ 35 ਫੁੱਟ ਚੌੜਾ ਪੱਥਰਾਂ ਦਾ ਟੋਭਾ ਬਣਾਇਆ ਸੀ, ਜਿਸ ਦੀ ਇਕ ਦੀਵਾਰ ਤੋਂ ਇਲਾਵਾ ਬਾਕੀ ਸਭ ਪਾਣੀ ਵਿਚ ਰੁੜ੍ਹ ਗਿਆ ਹੈ ਅਤੇ ਗੰਦਾ ਪਾਣੀ ਤੇ ਗੰਦਗੀ ਸਤਲੁਜ ਦਰਿਆ ਵਿਚ ਪੈ ਗਈ। 


Related News