ਪੰਜਾਬ ''ਚੋਂ ਟ੍ਰੇਨਿੰਗ ਲੈ ਜੰਮੂ ਗਏ 4 ਸਨਿੱਫਰ ਕੁੱਤਿਆਂ ਨੇ ਕੀਤਾ ਕਮਾਲ
Thursday, Jan 23, 2020 - 11:55 AM (IST)
ਚੰਡੀਗੜ੍ਹ : ਡੇਰਾਬੱਸੀ ਨੇੜੇ 'ਪੰਜਾਬ ਹੋਮ ਗਾਰਡਜ਼ ਕੈਨਾਈਨ ਟ੍ਰੇਨਿੰਗ ਐਂਡ ਬ੍ਰੀਡਿੰਗ' ਵਲੋਂ ਸਿਖਲਾਈ ਪ੍ਰਾਪਤ 4 ਸਨਿੱਫਰ ਕੁੱਤਿਆਂ ਨੇ ਪੂਰੀ ਧਮਾਲ ਮਚਾਈ ਹੋਈ ਹੈ ਅਤੇ ਜੰਮੂ-ਕਸ਼ਮੀਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਪੁਲਸ ਕਾਰਵਾਈ 'ਚ ਇਹ ਚਾਰੇ ਕੁੱਤੇ ਨਵੇਂ ਹੀਰੋ ਬਣ ਕੇ ਉੱਭਰੇ ਹਨ। ਕਾਲੀ, ਜੂਲੀ, ਰਾਜਾ ਤੇ ਢੋਲੂ ਨਾਂ ਦੇ ਇਨ੍ਹਾਂ ਕੁੱਤਿਆਂ ਨੇ ਜੰਮੂ-ਕਸ਼ਮੀਰ 'ਚ ਤਾਇਨਾਤੀ ਦੇ ਪਹਿਲੇ ਦਿਨ ਹੀ ਕਮਾਲ ਕਰ ਦਿਖਾਇਆ ਅਤੇ ਅਫਗਾਨਿਸਤਾਨ ਤੋਂ ਕਸ਼ਮੀਰ ਦੇ ਰਸਤੇ ਪੰਜਾਬ 'ਚ ਤਸਕਰੀ ਕੀਤੀ ਜਾ ਰਹੀ ਕਰੀਬ 300 ਕਿੱਲੋ ਭੁੱਕੀ ਬਰਾਮਦ ਕਰਨ 'ਚ ਮਦਦ ਕੀਤੀ।
ਡੇਰਾਬੱਸੀ ਦੀ ਸੰਸਥਾ ਦੇ ਡਾਇਰੈਕਟਰ ਨਿਊਟਨ ਸਿੱਧੂ ਨੇ ਕਿਹਾ ਕਿ ਸੰਸਥਾ 'ਚ ਇਨ੍ਹਾਂ ਕੁੱਤਿਆਂ ਨੂੰ ਜੰਮੂ ਪੁਲਸ ਲਈ ਸਿਖਲਾਈ ਦਿੱਤੀ ਗਈ ਸੀ। ਇਸ ਟ੍ਰੇਨਿੰਗ ਸਸੰਥਾ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਧੀਆ ਕੁੱਤਿਆਂ ਦੀ ਸਪਲਾਈ ਕੀਤੀ ਹੈ। ਨਿਊਟਨ ਸਿੱਧੂ ਨੇ ਕਿਹਾ ਕਿ ਸਨਿੱਫਰ ਕੁੱਤਿਆਂ ਦੀ ਟੀਮ 'ਚ 2 ਫੀਮੇਲ ਕਾਲੀ ਤੇ ਜੂਲੀ, ਜਦੋਂ ਕਿ 2 ਮੇਲ ਰਾਜਾ ਤੇ ਢੋਲੂ ਹਨ। ਉਨ੍ਹਾਂ ਦੱਸਿਆ ਕਿ ਜੰਮੂ ਪੁਲਸ ਨੂੰ ਨਸ਼ਿਆਂ ਸਬੰਧੀ ਕਸ਼ਮੀਰ ਤੋਂ ਆ ਰਹੇ ਟਰੱਕਾਂ ਅਤੇ ਵਾਹਨਾਂ ਦੀ ਜਾਂਚ ਚੁਣੌਤੀਪੂਰਨ ਲੱਗ ਰਹੀ ਸੀ।
ਪੁਲਸ ਕੋਲ ਵਿਸਫੋਟਕ ਸੁੰਘਣ ਲਈ ਤਾਂ ਕੁੱਤੇ ਸਨ ਪਰ ਨਸ਼ਿਆਂ ਨੂੰ ਸੁੰਘਣ ਸਬੰਧੀ ਕੋਈ ਵੀ ਕੁੱਤਾ ਨਹੀਂ ਸੀ, ਜਿਸ ਤੋਂ ਬਾਅਦ ਸੰਸਥਾ ਵਲੋਂ ਜੰਮੂ ਪੁਲਸ ਨੂੰ ਤੋਹਫੇ ਵਜੋਂ 4 ਕੁੱਤੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਹੈਂਡਲਰਾਂ ਦੀ ਸਿਖਲਾਈ ਵੀ ਦਿੱਤੀ ਗਈ। ਆਪਣੀ ਤਾਇਨਾਤੀ ਦੇ ਪਹਿਲੇ ਦਿਨ ਹੀ ਇਨ੍ਹਾਂ ਕੁੱਤਿਆਂ ਨੇ ਇਕ ਟਰੱਕ 'ਚ ਸੇਬਾਂ ਦੇ ਬਕਸੇ 'ਚ ਲੁਕੋਈ ਗਈ ਭੁੱਕੀ ਦਾ ਪਤਾ ਲਾ ਲਿਆ। ਜੰਮੂ ਪੁਲਸ ਦੀ ਰਿਪੋਰਟ ਮੁਤਾਬਕ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।