ਕੌਮਾਂਤਰੀ ਬਾਈਕ ਚੋਰ ਗਿਰੋਹ ਦਾ ਪਰਦਾਫਾਸ਼, 20 ਬਾਈਕ ਤੇ 10 ਮੋਬਾਇਲ ਬਰਾਮਦ

11/16/2019 4:29:34 PM

ਜਲੰਧਰ (ਕਮਲੇਸ਼, ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਕੌਮਾਂਤਰੀ ਬਾਈਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਮੁੱਖ ਸਰਗਨਾ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦੇ ਮੈਂਬਰਾਂ ਤੋਂ 20 ਮੋਟਰਸਾਈਕਲਾਂ ਸਣੇ 10 ਮੋਬਾਇਲ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਮੁੱਖ ਸਰਗਨਾ ਤਲਵੰਡੀ ਚੌਧਰੀਆਂ ਸੇਠੀ ਸਿੰਘ ਉਰਫ ਸੇਠੀ, ਕਪੂਰਥਲਾ ਵਾਸੀ ਪਰਮਜੀਤ ਸਿੰਘ ਉਰਫ ਪੱਬਾ, ਨਕੋਦਰ ਵਾਸੀ ਬਲਵਿੰਦਰ ਸਿੰਘ ਉਰਫ ਮਨੀ, ਅਤੇ ਨਕੋਦਰ ਵਾਸੀ ਬੁਕਣ ਸਿੰਘ ਉਰਫ ਬੁਕਣ ਨੂੰ ਗ੍ਰਿਫਤਾਰ ਕੀਤਾ ਹੈ। 

PunjabKesari
ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਸ ਸਮੇਂ ਬੇ-ਆਬਾਦ ਭੱਠਾ ਗੱਦੋਵਾਲੀ ਚੋਰੀ ਦੇ ਮੋਟਰਸਾਈਕਲ ਵੇਚਣ ਅਤੇ ਚੋਰੀ ਕਰਨ ਦੀ ਸਾਜਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਸ ਨੇ ਰੇਡ ਕਰਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕੋਲੋਂ ਬਾਈਕ ਅਤੇ ਮੋਬਾਇਲ ਫੋਨ ਬਰਾਮਦ ਹੋਏ ਹਨ। ਚਾਰੋਂ ਮੁਲਜ਼ਮ ਇਕ ਕਰੀਬ ਇਕ ਸਾਲ ਤੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਗਿਰੋਹ ਦੇ ਸਰਗਣਾ ਸੇਠੀ ਸਿੰਘ ਨੇ ਆਪਣੀ ਪੁੱਛਗਿੱਛ 'ਚ ਮੰਨਿਆ ਹੈ ਕਿ ਉਸ ਨੇ ਪ੍ਰਭਜੀਤ ਸਿੰਘ, ਬਲਵਿੰਦਰ ਸਿੰਘ ਤੇ ਬੁੱਕਣ ਸਿੰਘ ਨਾਲ ਰਲ ਕੇ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੱਖ-ਵੱਖ ਥਾਵਾਂ ਤੋਂ ਲੁੱਟ-ਖੋਹ ਕੀਤੇ ਹਨ।
ਮੁਲਜ਼ਮ ਸੇਠੀ ਸਿੰਘ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਮੋਟਰਸਾਈਕਲਾਂ 'ਚੋਂ 15 ਮੋਟਰਸਾਈਕਲ ਜ਼ਿਲਾ ਕਪੂਰਥਲੇ 'ਚੋਂ, 4 ਜ਼ਿਲਾ ਜਲੰਧਰ ਦਿਹਾਤੀ 'ਚੋਂ ਅਤੇ 1 ਮੋਟਰਸਾਈਕਲ ਜਲੰਧਰ ਡਵੀਜ਼ਨ ਨੰਬਰ ਚਾਰ ਦੇ ਇਲਾਕੇ 'ਚੋਂ ਚੋਰੀ ਕੀਤਾ ਹੈ। ਚੋਰੀ ਦੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਇਹ ਗੈਂਗ ਵਾਲੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮ ਸੇਠੀ ਸਿੰਘ ਅਤੇ ਪ੍ਰਭਜੀਤ ਸਿੰਘ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ 2-2 ਕੇਸ ਦਰਜ ਹਨ। ਪੁਲਸ ਵਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹੋਰ ਬਾਰੀਕੀ ਨਾਲ ਪੁੱਛਗਿਛ ਜਾਰੀ ਸੀ।

PunjabKesari
ਅਫੀਮ ਸਮੱਗਲਿੰਗ ਦਾ ਅਨੋਖਾ ਢੰਗ, ਕਾਰ ਦੇ ਹੇਠਾਂ ਬਣਾਏ ਸਨ ਵੱਖਰੇ ਬਾਕਸ
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਦਿਹਾਤ ਪੁਲਸ ਕਾਫੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਵਿਚ ਅੱਗੇ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਹਰੀਪੁਰ ਨਹਿਰ ਕੋਲ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਵੇਖ ਕੇ ਯੂ. ਪੀ. ਨੰਬਰ ਆਲਟੋ ਗੱਡੀ ਪਿੱਛੇ ਮੁੜਣ ਲੱਗੀ। ਕਾਰ ਦਾ ਟਾਇਰ ਖੇਤਾਂ ਵਿਚ ਉਤਰ ਗਿਆ, ਪੁਲਸ ਨੇ ਸ਼ੱਕ ਹੋਣ 'ਤੇ ਕਾਰ ਚਾਲਕ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮੁਹੰਮਦ ਆਰਫ ਪੁੱਤਰ ਹਜਰਤ ਅਲੀ ਉਸ ਦਾ ਸਾਥੀ ਰਾਮ ਸਹਾਏ ਪੁੱਤਰ ਜਗਜੀਵਨ ਦੋਵੇਂ ਵਾਸੀ ਲਖਨਊ ਦੱਸਿਆ। ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਪਹਿਲਾਂ ਤਾਂ ਕਾਰ ਵਿਚੋਂ ਕੁਝ ਨਹੀਂ ਨਿਕਲਿਆ। ਕਾਰ ਦੇ ਹੇਠਲੇ ਹਿੱਸੇ 'ਚ ਮੁਲਜ਼ਮਾਂ ਨੇ ਵੱਖਰੇ ਬਾਕਸ ਬਣਾਏ ਹੋਏ ਸਨ, ਜਿਨ੍ਹਾਂ 'ਚ ਅਫੀਮ ਪਾ ਕੇ ਬਾਕਸ ਬੰਦ ਕਰ ਦਿੰਦੇ ਸਨ। ਪੁਲਸ ਨੇ ਬਕਸਿਆਂ 'ਚੋਂ ਕਰੀਬ 5 ਕਿੱਲੋ ਅਫੀਮ ਬਰਾਮਦ ਕੀਤੀ। ਜਾਂਚ 'ਚ ਪਤਾ ਲੱਗਾ ਕਿ ਮੁਲਜ਼ਮ ਲਖਨਊ ਕੋਲੋਂ 80 ਹਜ਼ਾਰ ਕਿਲੋਗ੍ਰਾਮ ਦੇ ਹਿਸਾਬ ਨਾਲ ਅਫੀਮ ਲਿਆ ਕੇ 1 ਲੱਖ 10 ਹਜ਼ਾਰ 'ਚ ਅੰਮ੍ਰਿਤਸਰ ਡਲਿਵਰੀ ਦੇ ਕੇ ਪੈਸੇ ਕਮਾਉਂਦੇ ਸਨ।
ਜਨਮ ਦਿਨ 'ਤੇ ਵੀ ਫਰਜ਼ ਨਿਭਾਉਂਦੇ ਦਿਸੇ ਐੱਸ. ਪੀ. ਸੰਧੂ
ਰਵਿੰਦਰਪਾਲ ਸਿੰਘ ਸੰਧੂ ਇਸ ਤੋਂ ਪਹਿਲਾਂ ਪੁਲਸ ਕਮਿਸ਼ਨਰੇਟ ਵਿਚ ਏ. ਸੀ. ਪੀ. ਅਤੇ ਏ. ਡੀ. ਸੀ. ਪੀ. ਅਹੁਦੇ 'ਤੇ ਤਾਇਨਾਤ ਰਹਿ ਕੇ ਲੋਕਾਂ ਦੀ ਸੇਵਾ ਕਰਨ ਲਈ ਮਸ਼ਹੂਰ ਹਨ। ਖਾਸ ਤੌਰ 'ਤੇ ਜਲੰਧਰ ਦੇ ਵੈਸਟ ਹਲਕੇ ਵਿਚ ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ, ਜੋ ਰਵਿੰਦਰਪਾਲ ਸੰਧੂ ਨੂੰ ਨ ਾ ਜਾਣਦਾ ਹੋਵੇ। ਸ਼ਨੀਵਾਰ ਨੂੰ ਜਿਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਵਿੰਦਰਪਾਲ ਸੰਧੂ ਨਜ਼ਰ ਆਏ ਤਾਂ ਉਹ ਭੁੱਲ ਗਏ ਸਨ ਕਿ ਉਨ੍ਹਾਂ ਦਾ ਅੱਜ ਜਨਮ ਦਿਨ ਹੈ। ਸਾਥੀ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਜਨਮ ਦਿਨ 'ਤੇ ਵੀ ਸੰਧੂ ਆਪਣਾ ਫਰਜ਼ ਨਿਭਾਉਂਦੇ ਨਜ਼ਰ ਆ ਰਹੇ ਸਨ।


shivani attri

Content Editor

Related News