ਵੱਡੀ ਖ਼ਬਰ : GMCH ਦੇ ਕੋਵਿਡ ਆਈ. ਸੀ. ਯੂ. ਵਾਰਡ 'ਚ ਦਾਖ਼ਲ 4 ਮਰੀਜ਼ਾਂ ਦੀ ਮੌਤ, ਪਰਿਵਾਰਾਂ ਨੇ ਲਾਏ ਗੰਭੀਰ ਦੋਸ਼
Monday, May 31, 2021 - 03:50 PM (IST)
ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ.-32 (ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ) ਦੇ ਕੋਵਿਡ ਆਈ. ਸੀ. ਯੂ. ਵਾਰਡ ਵਿਚ ਦਾਖ਼ਲ 4 ਮਰੀਜ਼ਾਂ ਦੀ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ ਆਏ ਤੂਫਾਨ ਦੌਰਾਨ ਬਿਜਲੀ ਜਾਣ ਨਾਲ ਆਈ. ਸੀ. ਯੂ. ਵਾਰਡ ਵਿਚ ਲਾਏ ਗਏ ਵੈਂਟੀਲੇਟਰ ਵਿਚ ਬੈਕਅੱਪ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਲੱਗੀ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ ਹਸਪਤਾਲ ਪ੍ਰਬੰਧਕਾਂ ਨੇ ਇਸ ਹਾਦਸੇ ਸਬੰਧੀ ਬੀਤੀ ਦੇਰ ਸ਼ਾਮ ਬਿਆਨ ਵੀ ਜਾਰੀ ਕੀਤਾ, ਜਿਸ ਵਿਚ ਮਰੀਜ਼ਾਂ ਦੀ ਮੌਤ ਦਾ ਕਾਰਨ ਕਲੀਨਿਕਲ ਦੱਸਿਆ ਗਿਆ ਹੈ। ਦੱਸਿਆ ਗਿਆ ਕਿ ਮਰੀਜ਼ਾਂ ਦੀ ਹਾਲਤ ਖ਼ਰਾਬ ਸੀ। ਪਾਵਰਕੱਟ ਜਾਂ ਆਕਸੀਜਨ ਦੀ ਸਪਲਾਈ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਈ ਹੈ। ਹਾਲਾਂਕਿ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਮੌਤ ਦਾ ਜ਼ਿੰਮੇਵਾਰ ਹਸਪਤਾਲ ਪ੍ਰਸ਼ਾਸਨ ਨੂੰ ਠਹਿਰਾਇਆ।
ਇਹ ਵੀ ਪੜ੍ਹੋ : ਉੱਡਣੇ ਸਿੱਖ 'ਮਿਲਖਾ ਸਿੰਘ' ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਤਨੀ ਦੀ ਹਾਲਤ ਸਥਿਰ
116 ਮਰੀਜ਼ ਆਕਸੀਜਨ ’ਤੇ ਦਾਖ਼ਲ ਸਨ
ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ, ਆਈ. ਸੀ. ਯੂ. ਇੰਚਾਰਜ ਡਾ. ਸੰਜੀਵ ਪਲਟਾ ਅਤੇ ਸਾਰੇ ਸੀਨੀਅਰ ਡਾਕਟਰਾਂ ਨੇ ਮਾਮਲੇ ਦੀ ਜਾਂਚ ਕੀਤੀ ਹੈ। ਇਸ ਤੋਂ ਬਾਅਦ ਹਸਪਤਾਲ ਨੇ ਇਸ ਪੂਰੇ ਹਾਦਸੇ ਸਬੰਧੀ ਕਿਹਾ ਹੈ ਕਿ ਪਾਵਰਕੱਟ ਅਤੇ ਕੋਵਿਡ ਆਈ. ਸੀ. ਯੂ. ਵਿਚ ਹੋਈਆਂ ਇਨ੍ਹਾਂ ਮੌਤਾਂ ਦਾ ਕੋਈ ਸਬੰਧ ਨਹੀਂ ਹੈ। ਸ਼ਨੀਵਾਰ ਰਾਤ 116 ਮਰੀਜ਼ ਆਕਸੀਜਨ ’ਤੇ ਅਤੇ 38 ਮਰੀਜ਼ ਜੀ. ਐੱਮ. ਸੀ. ਐੱਚ.-32 ਵਿਚ, 4 ਕੋਵਿਡ ਆਈ. ਸੀ. ਯੂ. ਵਿਚ , 30 ਮਰੀਜ਼ ਆਕਸੀਜਨ ’ਤੇ ਅਤੇ 7 ਸਾਊਥ ਕੈਂਪਸ 48 ਵਿਚ ਆਈ. ਸੀ. ਯੂ. ਵਿਚ ਸਨ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ 'ਪੰਜਾਬ ਕਾਂਗਰਸ' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ
ਬਿਜਲੀ ਜਾਂਦਿਆਂ ਹੀ ਤੁਰੰਤ ਜੇ. ਈ. ਨਾਲ ਸੰਪਰਕ ਕੀਤਾ
ਰਾਤ ਸਾਢੇ 10 ਵਜੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਦੋਹਾਂ ਹਸਪਤਾਲਾਂ ਦੀ ਨਿਗਰਾਨੀ ਕਰਨ ਵਾਲੇ ਜੇ. ਈ. ਨਾਲ ਤੁਰੰਤ ਸੰਪਰਕ ਸਾਧਿਆ ਗਿਆ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਅਮਰਜੈਂਸੀ ਏਰੀਆ ਵਿਚ ਬਿਜਲੀ ਦੀ ਸਪਲਾਈ ਬਣੀ ਰਹੇ। ਉਸ ਸਮੇਂ ਬਿਜਲੀ ਪੈਦਾ ਕਰਨ ਵਾਲੇ ਸੈੱਟ ਪਹਿਲਾਂ ਤੋਂ ਹੀ ਚਾਲੂ ਸਨ ਅਤੇ ਦੋਵਾਂ ਖੇਤਰਾਂ ਵਿਚ ਆਈ. ਸੀ. ਯੂ. ਸਮੇਤ ਸਾਰੇ ਅਮਰਜੈਂਸੀ ਏਰੀਆ ਵਿਚ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਸੀ। ਆਈ. ਸੀ. ਯੂ. ਦੀ ਨਿਗਰਾਨੀ ਕਰਨ ਵਾਲੇ ਡਾ. ਸੰਜੀਵ ਪਲਟਾ ਨੇ ਵੀ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ 3 ਵਾਧੂ ਸਲਾਹਕਾਰਾਂ ਅਤੇ 10 ਐਨੇਸਥੀਸੀਆ ਰੈਜ਼ੀਡੈਂਟਸ ਨੂੰ ਵੀ ਬੁਲਾਇਆ। ਇਕ ਵਾਰ ਹਨ੍ਹੇਰੀ ਰੁਕਣ ਤੋਂ ਬਾਅਦ ਐੱਮ. ਐੱਸ. ਡਾ. ਐੱਸ. ਪਲਟਾ ਦੇ ਨਾਲ ਉਹ ਹਸਪਤਾਲ ਪੁੱਜੇ ਅਤੇ ਸਾਰੇ ਕੋਵਿਡ ਏਰੀਆ ਖ਼ਾਸ ਕਰ ਕੇ ਆਈ. ਸੀ. ਯੂ. ਦਾ ਦੌਰਾ ਕੀਤਾ। ਡਾਇਰੈਕਟਰ ਮੌਕੇ ’ਤੇ ਟੀਮ ਦੇ ਨਾਲ ਲਗਾਤਾਰ ਸੰਪਰਕ ਵਿਚ ਸਨ। ਕੋਵਿਡ ਮਰੀਜ਼ਾਂ ਨਾਲ ਜੁੜੇ ਸਾਰੇ ਵੈਂਟੀਲੇਟਰ ਕੰਮ ਕਰ ਰਹੇ ਸਨ ਪਰ ਰਾਤ ਦੌਰਾਨ 2 ਵੱਖ-ਵੱਖ ਕੋਵਿਡ ਆਈ. ਸੀ. ਯੂ. ਵਿਚ 4 ਬੇਹੱਦ ਬੀਮਾਰ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਦੇ ਮਾਮਲੇ ਵਿਚ ਵੈਂਟੀਲੇਟਰ ਕੰਮ ਕਰ ਰਹੇ ਸਨ। ਨਾਲ ਹੀ ਬਿਜਲੀ ਸਬੰਧੀ ਕਿਹਾ ਗਿਆ ਹੈ ਕਿ ਦੋਹਾਂ ਹਸਪਤਾਲਾਂ ਵਿਚ ਸਥਾਪਿਤ ਬਿਜਲੀ ਜਨਰੇਟਰ ਬਿਜਲੀ ਪ੍ਰਭਾਵਿਤ ਹੋਣ ’ਤੇ ਆਪਣੇ ਆਪ ਚੱਲ ਪੈਂਦੇ ਹਨ। ਜੇਕਰ ਉਹ ਆਪਣੇ ਆਪ ਨਹੀਂ ਚੱਲਦੇ ਹਨ ਤਾਂ ਸਾਡੇ ਕੋਲ ਮੈਨਪਾਵਰ 24 ਘੰਟੇ ਰਹਿੰਦੀ ਹੈ, ਜੋ ਸਪਲਾਈ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਇਲਾਵਾ ਪੀ. ਐੱਮ. ਕੇਅਰਜ਼ ਫੰਡ ਰਾਹੀਂ ਆਏ 3 ਆਈ. ਸੀ. ਯੂ. ਵਿਚ ਸਥਾਪਿਤ ਵੈਂਟੀਲੇਟਰ ਦਾ 30 ਮਿੰਟ ਦਾ ਬੈਟਰੀ ਬੈਕਅੱਪ ਹੈ। ਕੋਵਿਡ ਆਈ. ਸੀ. ਯੂ. ਵਿਚ ਅਮਰਜੈਂਸੀ ਨਾਲ ਨਜਿੱਠਣ ਲਈ ਇਕ ਵਾਧੂ ਬੈਕਅੱਪ ਹੱਲ ਦੇ ਰੂਪ ਵਿਚ, 12 ਵੈਂਟੀਲੇਟਰ ਬੈੱਡ ਦੇ ਨਾਲ ਸੀ-ਬਲਾਕ ਵਿਚ ਇਕ ਅਮਰਜੈਂਸੀ ਬਲਾਕ ਵੀ ਖ਼ਾਲੀ ਹੈ, ਜਿੱਥੇ ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਖੜਾ ਤੇ ਪੌਂਗ ਡੈਮਾਂ 'ਚੋਂ ਪਾਣੀ ਲੈਣ ਵਾਲੇ ਸੂਬਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋ ਸਕਦੀ ਹੈ ਮੁਸੀਬਤ
ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਹੋਵੇਗੀ ਕਾਰਵਾਈ
ਉੱਥੇ ਹੀ ਮਾਮਲਿਆਂ ਸਬੰਧੀ ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਕਿ ਪਾਵਰਕੱਟ ਨੂੰ ਮੌਤ ਦੀ ਵਜ੍ਹਾ ਦੱਸਣਾ ਅਫ਼ਵਾਹ ਹੈ। ਅਜਿਹਾ ਕੋਈ ਹਾਦਸਾ ਨਹੀਂ ਹੋਇਆ ਹੈ। ਸਾਡੇ ਵੈਂਟੀਲੇਟਰ ਵਿਚ 30 ਮਿੰਟ ਦਾ ਪਾਵਰ ਬੈਕਅੱਪ ਹੁੰਦਾ ਹੈ ਅਤੇ ਹਸਪਤਾਲ ਦੇ ਜਨਰੇਟਰ ਪਾਵਰ ਕੱਟ ਹੋਣ ’ਤੇ 30 ਸੈਕਿੰਡ ਦੇ ਅੰਦਰ ਆਪਣੇ ਆਪ ਚੱਲ ਪੈਂਦੇ ਹਨ। ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਐੱਨ. ਡੀ. ਐੱਮ. ਏ. ਐਕਟ ਤਹਿਤ ਕਾਰਵਾਈ ਹੋ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ