ਚੰਡੀਗੜ੍ਹ : ਫਰਜ਼ੀ ਛਾਪੇਮਾਰੀ ਦੇ ਦੋਸ਼ 'ਚ CBI ਦੇ 4 ਅਧਿਕਾਰੀ ਗ੍ਰਿਫ਼ਤਾਰ, ਬਰਖਾਸਤ

Thursday, May 12, 2022 - 10:18 PM (IST)

ਚੰਡੀਗੜ੍ਹ : ਫਰਜ਼ੀ ਛਾਪੇਮਾਰੀ ਦੇ ਦੋਸ਼ 'ਚ CBI ਦੇ 4 ਅਧਿਕਾਰੀ ਗ੍ਰਿਫ਼ਤਾਰ, ਬਰਖਾਸਤ

ਨਵੀਂ ਦਿੱਲੀ (ਭਾਸ਼ਾ) : ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਪੈਸਾ ਵਸੂਲ ਕਰਨ ਲਈ ਚੰਡੀਗੜ੍ਹ ਦੀ ਇਕ ਕੰਪਨੀ 'ਤੇ ਛਾਪੇਮਾਰੀ 'ਚ ਕਥਿਤ ਤੌਰ 'ਤੇ ਸ਼ਾਮਲ ਪਾਏ ਜਾਣ ਤੋਂ ਬਾਅਦ ਆਪਣੇ 4 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਖਤ ਸੰਵਿਧਾਨਕ ਵਿਵਸਥਾ ਦੇ ਤਹਿਤ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ 10 ਮਈ ਨੂੰ ਚੰਡੀਗੜ੍ਹ ਦੇ ਇਕ ਕਾਰੋਬਾਰੀ ਤੋਂ ਸ਼ਿਕਾਇਤ ਮਿਲੀ ਸੀ ਕਿ ਸੀ.ਬੀ. ਆਈ. ਦੇ 4 ਅਧਿਕਾਰੀਆਂ ਸਮੇਤ 6 ਵਿਅਕਤੀ ਉਸ ਦੇ ਦਫ਼ਤਰ ਵਿੱਚ ਆਏ ਤੇ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ਦਹਿਸ਼ਤਗਰਦਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਪੈਸੇ ਮੁਹੱਈਆ ਕਰਾਉਣ ਲਈ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੀ.ਬੀ.ਆਈ. ਦੇ ਬੁਲਾਰੇ ਆਰ. ਸੀ. ਜੋਸ਼ੀ ਨੇ ਕਿਹਾ, "ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਤੋਂ 25 ਲੱਖ ਰੁਪਏ ਦੀ ਮੰਗ ਕੀਤੀ।"

ਇਹ ਵੀ ਪੜ੍ਹੋ : 'ਆਪ' MLA 'ਤੇ ਟਰੱਕਾਂ ਵਾਲਿਆਂ ਨੇ ਲਾਏ 60 ਲੱਖ ਮੰਗਣ ਦੇ ਇਲਜ਼ਾਮ, ਵਿਧਾਇਕ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

ਭ੍ਰਿਸ਼ਟਾਚਾਰ ਨੂੰ ਜ਼ੀਰੋ ਟਾਲਰੈਂਸ ਦੀ ਏਜੰਸੀ ਦੀ ਨੀਤੀ ਦੇ ਤਹਿਤ ਸੀ.ਬੀ.ਆਈ. ਦੇ ਡਾਇਰੈਕਟਰ ਸੁਬੋਧ ਕੁਮਾਰ ਜੈਸਵਾਲ ਨੇ ਇਸ ਸ਼ਰਮਨਾਕ ਘਟਨਾ ਦੇ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਅਤੇ ਪਹਿਲੀ ਨਜ਼ਰੇ ਦੋਸ਼ੀ ਪਾਏ ਜਾਣ 'ਤੇ ਦੋਸ਼ੀ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸੰਵਿਧਾਨ ਦੀ ਧਾਰਾ 311 ਤਹਿਤ ਕਾਰਵਾਈ ਕੀਤੀ ਗਈ। ਮੁਲਜ਼ਮਾਂ- ਸੁਮਿਤ ਗੁਪਤਾ, ਪ੍ਰਦੀਪ ਰਾਣਾ, ਅੰਕੁਰ ਕੁਮਾਰ ਤੇ ਆਕਾਸ਼ ਅਹਲਾਵਤ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਨ੍ਹਾਂ ਧਾਰਾਵਾਂ ਤਹਿਤ ਘੱਟੋ-ਘੱਟ ਸਜ਼ਾ 10 ਸਾਲ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਇਹ ਸਾਰੇ ਸੀ.ਬੀ.ਆਈ. ਦੀ ਦਿੱਲੀ ਸਥਿਤ ਇਕਾਈਆਂ 'ਚ ਸਬ-ਇੰਸਪੈਕਟਰ ਸਨ। ਜੋਸ਼ੀ ਨੇ ਕਿਹਾ, "ਏਜੰਸੀ ਦੀ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਅਨੁਸਾਰ ਨਾ ਸਿਰਫ ਬਾਹਰੀ ਲੋਕਾਂ ਦੇ ਸਬੰਧ ਵਿੱਚ, ਬਲਕਿ ਆਪਣੇ ਅਧਿਕਾਰੀਆਂ ਦੇ ਸਬੰਧ ਵਿੱਚ ਵੀ... ਸ਼ਿਕਾਇਤ ਮਿਲਣ 'ਤੇ ਸੀ.ਬੀ.ਆਈ. ਨੇ ਤੁਰੰਤ ਕੇਸ ਦਰਜ ਕੀਤਾ ਅਤੇ ਮਾਮਲੇ 'ਚ ਕਥਿਤ ਰੂਪ 'ਚ ਸ਼ਾਮਲ 3 ਹੋਰ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਸ਼ੀ ਅਧਿਕਾਰੀਆਂ ਦੀ ਇਸ ਹਰਕਤ ਨੂੰ ਗੰਭੀਰਤਾ ਨਾਲ ਲੈਂਦਿਆਂ ਇਨ੍ਹਾਂ ਚਾਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।'' ਬਰਖਾਸਤ ਕੀਤੇ ਗਏ ਚਾਰਾਂ ਅਧਿਕਾਰੀਆਂ ਨੂੰ ਸੀ.ਬੀ.ਆਈ. ਦੀ ਚੰਡੀਗੜ੍ਹ ਸ਼ਾਖਾ ਨੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ 2 ਦਿਨਾਂ ਲਈ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਰਾਜ ਸਭਾ ਚੋਣਾਂ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਤੋਂ ਰਾਜ ਸਭਾ ਦੀਆਂ ਚੋਣਾਂ ਲਈ ਸ਼ਡਿਊਲ ਦਾ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News