ਜੰਡਿਆਲਾ ’ਚ ਕੇਨਰਾ ਬੈਂਕ ਦਾ ATM ਕੱਟਣ ਦੇ ਦੋਸ਼ ’ਚ 4 ਗ੍ਰਿਫ਼ਤਾਰ, ਇਕ ਫ਼ਰਾਰ

Wednesday, Jul 24, 2024 - 11:22 AM (IST)

ਜੰਡਿਆਲਾ ’ਚ ਕੇਨਰਾ ਬੈਂਕ ਦਾ ATM ਕੱਟਣ ਦੇ ਦੋਸ਼ ’ਚ 4 ਗ੍ਰਿਫ਼ਤਾਰ, ਇਕ ਫ਼ਰਾਰ

ਜਲੰਧਰ (ਮਹੇਸ਼)–ਜੰਡਿਆਲਾ-ਗੁਰਾਇਆ ਰੋਡ ’ਤੇ ਸਥਿਤ ਕੇਨਰਾ ਬੈਂਕ ਦੀ ਬਰਾਂਚ ਵਿਚ ਲੱਗੇ ਹੋਏ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਵਿਚੋਂ 4 ਜੰਡਿਆਲਾ ਪੁਲਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਫ਼ਰਾਰ 5ਵੇਂ ਮੁਲਜ਼ਮ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਰਾਤ ਦੇ ਸਮੇਂ ਜੰਡਿਆਲਾ ਚੌਂਕੀ ਦੀ ਪੁਲਸ ਇੰਚਾਰਜ ਜਸਵੀਰ ਚੰਦ ਦੀ ਅਗਵਾਈ ਵਿਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਸ ਮੁਲਾਜ਼ਮਾਂ ਨੇ ਵੇਖਿਆ ਕਿ ਕੇਨਰਾ ਬੈਂਕ ਦੇ ਏ. ਟੀ. ਐੱਮ. ਦੇ ਬਾਹਰ ਇਕ ਗੱਡੀ ਖੜ੍ਹੀ ਹੈ। ਅੰਦਰ ਮੌਜੂਦ ਕੁਝ ਲੋਕਾਂ ਨੇ ਆਪਣੇ ਕੋਲ ਗੈਸ ਸਿਲੰਡਰ ਰੱਖਿਆ ਹੋਇਆ ਹੈ ਅਤੇ ਉਹ ਏ. ਟੀ. ਐੱਮ. ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ- ਕਰੋੜਾਂ ਦੀ ਹਵਾਲਾ ਰਾਸ਼ੀ ਫੜਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਦੋਆਬਾ ਦੇ 7 ਫਾਰੈਕਸ ਕਾਰੋਬਾਰੀਆਂ ਦੇ ਨਾਂ ਆਏ ਸਾਹਮਣੇ

ਪੁਲਸ ਪਾਰਟੀ ਏ. ਟੀ. ਐੱਮ. ਨੇੜੇ ਪੁੱਜੀ ਤਾਂ 4 ਲੋਕ ਬਾਹਰ ਖੜ੍ਹੀ ਗੱਡੀ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਪੁਲਸ ਦੇ ਹੱਥ ਲੱਗ ਗਿਆ, ਜਿਸ ਨੂੰ ਕਾਬੂ ਕਰਕੇ ਪੁਲਸ ਜੰਡਿਆਲਾ ਚੌਂਕੀ ਲੈ ਆਈ। ਉਸ ਨੇ ਆਪਣੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਮੱਲੂਆਣਾ ਜ਼ਿਲ੍ਹਾ ਤਰਨਤਾਰਨ ਦੱਸੀ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਫ਼ਰਾਰ ਸਾਥੀਆਂ ਨਾਲ ਮਿਲ ਕੇ ਕੇਨਰਾ ਬੈਂਕ ਦਾ ਏ. ਟੀ. ਐੱਮ. ਕੱਟ ਕੇ ਉਸ ਵਿਚੋਂ ਨਕਦੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੰਡਿਆਲਾ ਪੁਲਸ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਵਿਚ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 161 ਨੰਬਰ ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਮੌਕੇ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।

ਇਸ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਲਵਪ੍ਰੀਤ ਨੇ ਪੁਲਸ ਨੂੰ ਆਪਣੇ ਬਾਕੀ ਸਾਥੀਆਂ ਦੇ ਨਾਂ ਵੀ ਦੱਸ ਦਿੱਤੇ। ਲਵਪ੍ਰੀਤ ਦੀ ਨਿਸ਼ਾਨਦੇਹੀ ’ਤੇ ਬੀਤੇ ਦਿਨ ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਜਸਵੀਰ ਚੰਦ ਅਤੇ ਉਨ੍ਹਾਂ ਦੀ ਟੀਮ ਨੇ ਲਵਪ੍ਰੀਤ ਦੇ 3 ਹੋਰ ਸਾਥੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ। ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਬੱਲੂ ਪੁੱਤਰ ਕ੍ਰਿਪਾਲ ਸਿੰਘ ਨਿਵਾਸੀ ਪਿੰਡ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ, ਮਨਪ੍ਰੀਤ ਸਿੰਘ ਲੱਕੀ ਨਿਵਾਸੀ ਅੰਮ੍ਰਿਤਸਰ ਅਰਬਨ ਅਤੇ ਮੰਗਲ ਸਿੰਘ ਮੰਗਾ ਨਿਵਾਸੀ ਪਿੰਡ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਨਿੱਜੀ ਸਕੂਲ 'ਚ ਹੰਗਾਮਾ, ਵਿਦਿਆਰਥੀ ਹੋਇਆ ਬੇਹੋਸ਼, ਮਚੀ ਹਫ਼ੜਾ-ਦਫ਼ੜੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News