ਰਾਹਗੀਰਾਂ ਤੋਂ ਫੋਨ ਖੋਹਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

Tuesday, Oct 22, 2024 - 02:31 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਦੇ ਸਿਟੀ ਵਨ ਇਲਾਕੇ ’ਚ ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਣ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹਨੀ ਵਾਸੀ ਫੇਜ਼-11, ਅੰਕਿਤ ਵਾਸੀ ਫੇਜ਼-11, ਉਸ ਦਾ ਭਰਾ ਗੌਰਵ ਤੇ ਗੰਗਾ ਚਰਨ ਵਾਸੀ ਬਰੇਲੀ ਵਜੋਂ ਹੋਈ ਹੈ। ਮੁਲਜ਼ਮਾਂ ਤੋਂ 19 ਮੋਬਾਇਲ ਤੇ ਵਾਰਦਾਤ ’ਚ ਵਰਤੀ ਸਕੂਟਰੀ ਵੀ ਬਰਾਮਦ ਕਰ ਲਈ ਹੈ। ਏ. ਐੱਸ. ਪੀ. ਸਿਟੀ-1 ਜੈਅੰਤ ਪੁਰੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਰਾਹਗੀਰਾਂ ਦੇ ਮੋਬਾਇਲ ਫੋਨ ਝਪਟਦੇ ਤੇ ਚੋਰੀ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੋਬਾਇਲ ਸਨਅਤ ਖੇਤਰ ਫੇਜ਼-9 ’ਚ ਨੌਕਰੀ ਕਰਨ ਵਾਲੇ ਗੰਗਾ ਚਰਨ ਨੂੰ ਵੇਚਦੇ ਸਨ। ਗੰਗਾ ਮੋਬਾਇਲ ਨੂੰ ਅੱਗੇ ਵੇਚ ਕੇ ਰਕਮ ਤਿੰਨਾਂ ਮੁਲਜ਼ਮਾਂ ਨੂੰ ਦਿੰਦਾ ਸੀ।
ਹੁਣ ਤੱਕ ਤਿੰਨ ਵਾਰਦਾਤਾਂ ਦੀ ਮੰਨੀ ਗੱਲ
ਏ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਨੇ ਸ਼ਹਿਰ ’ਚ ਤਿੰਨ ਵਾਰਦਾਤਾਂ ਦੀ ਗੱਲ ਮੰਨੀ ਹੈ। ਇਸ ਸਬੰਧੀ ਥਾਣਾ ਮਟੌਰ ਵਿਖੇ ਮਾਮਲੇ ਦਰਜ ਹਨ। ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਪਹਿਲਾਂ ਤੋਂ ਦਰਜ ਮਾਮਲਿਆਂ ’ਚ ਰਿਮਾਂਡ ’ਤੇ ਲੈ ਕੇ ਪੁੱਛਗਿਛ ਕਰੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਤੇ ਸਨਅਤ ਖੇਤਰ ਚੌਕੀ ਇੰਚਾਰਜ ਵੀ ਮੌਜੂਦ ਸਨ।
 


Babita

Content Editor

Related News