ਮੋਹਾਲੀ ''ਚ ਦੇਸ਼ ਦਾ ਪਹਿਲਾ ''3ਡੀ ਸਮਾਰਟ ਟ੍ਰੈਫਿਕ ਸਿਗਨਲ'' ਪ੍ਰਾਜੈਕਟ ਸਫਲ

11/20/2019 3:49:14 PM

ਮੋਹਾਲੀ (ਨਿਆਮੀਆਂ) : ਮੋਹਾਲੀ ਸ਼ਹਿਰ ਦੇ ਫੇਜ਼-8ਬੀ ਜੰਕਸ਼ਨ 'ਤੇ ਲਾਈਆਂ ਸਮਾਰਟ ਟ੍ਰੈਫਿਕ ਸਿਗਨਲ ਲਾਈਟਾਂ ਦਾ ਪਾਇਲਟ ਪ੍ਰਾਜੈਕਟ ਸਫਲ ਰਿਹਾ ਹੈ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਚਾਰ ਹੋਰ ਜੰਕਸ਼ਨਾਂ 'ਤੇ ਇਹ ਸਮਾਰਟ ਲਾਈਟਾਂ ਲਾਉਣ ਲਈ ਟੈਂਡਰ ਮੰਗਣ ਦੀ ਹਦਾਇਤ ਕੀਤੀ ਹੈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਅਗਸਤ ਮਹੀਨੇ ਦੀ ਸ਼ੁਰੂਆਤ 'ਚ ਫੇਜ਼-8ਬੀ ਕੁਆਰਕ ਸਿਟੀ ਜੰਕਸ਼ਨ 'ਤੇ ਪਾਇਲਟ ਪ੍ਰਾਜੈਕਟ ਤਹਿਤ ਦੇਸ਼ ਦਾ ਪਹਿਲਾ 3ਡੀ ਸਮਾਰਟ ਟ੍ਰੈਫਿਕ ਸਿਗਨਲ ਸਿਸਟਮ ਲਾਇਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੂਰਨ ਤੌਰ 'ਤੇ ਕੰੰਪਿਊਟਰੀਕ੍ਰਿਤ ਇਨ੍ਹਾਂ ਲਾਈਟਾਂ ਰਾਹੀਂ ਕਰੀਬ ਸਾਢੇ 3 ਮਹੀਨਿਆਂ ਦੇ ਸਮੇਂ ਦੌਰਾਨ ਵਾਹਨਾਂ ਦਾ 10 ਲੱਖ, 80 ਹਜ਼ਾਰ ਤੋਂ ਵੱਧ ਦਾ 15 ਹਜ਼ਾਰ 528 ਲੀਟਰ ਤੇਲ ਬਚਾਇਆ ਗਿਆ ਹੈ। ਇਸੇ ਤਰ੍ਹਾਂ ਵਾਹਨਾਂ ਦਾ ਲਾਈਟਾਂ 'ਤੇ ਖੜ੍ਹਨ ਦਾ ਸਮਾਂ ਵੀ 720 ਘੰਟੇ ਘਟਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਢੇ ਤਿੰਨ ਮਹੀਨਿਆਂ ਦੌਰਾਨ ਬਲੈਕ ਸਪਾਟ ਵਜੋਂ ਜਾਣੀਆਂ ਜਾਂਦੀਆਂ ਇਨ੍ਹਾਂ ਲਾਈਟਾਂ 'ਤੇ ਕੋਈ ਵੀ ਹਾਦਸਾ ਨਹੀਂ ਵਾਪਰਿਆ। ਸਮਾਰਟ ਸਿਗਨਲ ਲਾਈਟਾਂ ਦੀਆਂ ਹੋਰ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨ੍ਹਾਂ ਦੱਸਿਆ ਕਿ ਇਹ ਲਾਈਟਾਂ ਜਿੱਥੇ ਆਪਸ 'ਚ ਸਿੰਕ੍ਰੋਨਾਈਜ਼ ਹੋਣਗੀਆਂ ਅਤੇ ਇਕ ਲਾਈਟ ਤੋਂ ਬਾਅਦ ਦੂਜੀ ਲਾਈਟ ਤੱਕ ਪਹੁੰਚਦਿਆਂ ਵਾਹਨ ਨੂੰ ਅੱਗੇ ਵੀ ਲਾਈਟ ਹਰੀ ਹੀ ਮਿਲੇਗੀ, ਉੱਥੇ ਸੈਂਸਰ ਲੱਗੇ ਕੈਮਰਿਆਂ ਨਾਲ ਸੁਰੱਖਿਆ ਪੱਖੋਂ ਵੀ ਕਾਰਗਾਰ ਸਿੱਧ ਹੋਣਗੀਆਂ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਰਵਾਇਤੀ ਟ੍ਰੈਫਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਿਤ ਟ੍ਰੈਫਿਕ ਸਿਗਨਲ ਪ੍ਰਣਾਲੀ ਵਿਕਸਤ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਮੀਟਿੰਗ ਦੌਰਾਨ ਉਨ੍ਹਾਂ ਫੂਡ ਸਪਲਾਈ ਕਰਨ ਵਾਲੇ ਕਰਿੰਦਿਆਂ ਅਤੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਣੂੰ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਵਿੱਢਣ ਲਈ ਵੀ ਕਿਹਾ। ਇਸੇ ਤਰ੍ਹਾਂ ਧੁੰਦ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਨੂੰ ਵੀ ਹੂ-ਬ-ਹੂ ਲਾਗੂ ਕਰਨ ਦੀ ਹਦਾਇਤ ਕੀਤੀ ਗਈ।


Babita

Content Editor

Related News