ਇਰਾਕ ''ਚ ਮਾਰੇ ਗਏ ਪਿੰਡ ਬੋਹਾਨੀ ਦੇ ਸੁਖਵਿੰਦਰ ਦਾ ਦੇਰ ਸ਼ਾਮ ਹੋਇਆ ਅੰਤਿਮ ਸੰਸਕਾਰ

04/03/2018 11:19:39 AM

ਫਗਵਾੜਾ (ਹਰਜੋਤ)— ਇਰਾਕ 'ਚ ਅਗਵਾ ਕਰਕੇ ਮਾਰੇ ਗਏ 39 ਭਾਰਤੀਆਂ 'ਚ ਇਥੋਂ ਦੇ ਨੇੜਲੇ ਪਿੰਡ ਬੋਹਾਨੀ ਦੇ ਵਾਸੀ ਸੁਖਵਿੰਦਰ ਸਿੰਘ ਦਾ ਸੋਮਵਾਰ ਸ਼ਾਮ 7 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਦੇਹ ਨੂੰ ਅਗਨੀ ਉਸ ਦੇ ਬਜ਼ੁਰਗ ਪਿਤਾ ਨਿਰਮਲ ਸਿੰਘ ਨੇ ਦਿੱਤੀ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ, ਐੱਸ. ਐੱਸ. ਪੀ. ਸੰਦੀਪ ਸ਼ਰਮਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ, ਮੇਅਰ ਅਰੁਨ ਖੋਸਲਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਰਵਣ ਸਿੰਘ ਕੁਲਾਰ,ਤਹਿਸੀਲਦਾਰ ਇੰਦਰਦੇਵ ਸਿੰਘ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਸੁਖਵਿੰਦਰ ਬਿੱਲੂ ਖੇੜਾ ਵੀ ਇਸ ਮੌਕੇ ਪੁੱਜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਗਲਬਾਤ ਕਰਦਿਆਂ ਸੁਖਵਿੰਦਰ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤ ਅਤੇ ਇਕ ਧੀ ਸੀ। ਉਨ੍ਹਾਂ ਦੀ ਉਮਰ ਸਿਆਣੀ ਹੋਣ ਕਾਰਨ ਉਹ ਕੰਮ ਕਰਨ ਤੋਂ ਅਸਮਰੱਥ ਹਨ ਤਾਂ ਇਸੇ ਕਰਕੇ ਰੋਜ਼ੀ-ਰੋਟੀ ਦੀ ਕਮਾਉਣ ਲਈ ਉਸ ਦਾ 37 ਸਾਲਾ ਲੜਕਾ ਸੁਖਵਿੰਦਰ ਸਿੰਘ 2010 'ਚ ਇਰਾਕ ਗਿਆ ਸੀ, ਜਿੱਥੇ 2013 ਤੱਕ ਉਹ ਕੰਮ ਕਰਕੇ ਘਰ ਖਰਚ ਵੀ ਭੇਜਦਾ ਰਿਹਾ ਅਤੇ ਉਸ ਨਾਲ ਗੱਲਬਾਤ ਵੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ 2014 ਤੋਂ ਉਸ ਨਾਲ ਸਾਡਾ ਸੰਪਰਕ ਬਿਲਕੁਲ ਟੁੱਟ ਗਿਆ ਸੀ ਅਤੇ ਸਾਨੂੰ ਉਸ ਬਾਰੇ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ, ਜਿਸ ਤੋਂ ਉਹ ਬਹੁਤ ਪਰੇਸ਼ਾਨ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੇ ਅਗਵਾ ਹੋਣ ਦੇ ਸ਼ੱਕ 'ਚ ਅਕਤੂਬਰ ਮਹੀਨੇ 'ਚ ਸਾਡੇ ਖੂਨ ਅਤੇ ਵਾਲਾਂ ਦੇ ਸੈਂਪਲ ਲਏ ਗਏ ਸਨ, ਜਿਸ ਦੀ ਪੁਸ਼ਟੀ ਹੋਣ ਉਪਰੰਤ ਹੁਣ ਸਾਨੂੰ ਇਹ ਸੂਚਨਾ ਮਿਲੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਸਮੇਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਵੀ ਮ੍ਰਿਤਕ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਕਿਸੇ ਨੂੰ ਨਹੀਂ ਕਰਨ ਦਿੱਤੇ ਗਏ ਮ੍ਰਿਤਕ ਦੇਹ ਦੇ ਦਰਸ਼ਨ: ਇਰਾਕ 'ਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਮੌਕੇ ਕਿਸੇ ਨੂੰ ਦਰਸ਼ਨ ਨਹੀਂ ਕਰਨ ਦਿੱਤੇ। ਪ੍ਰਸ਼ਾਸਨ ਨੇ ਹਨ੍ਹੇਰਾ ਹੋਣ ਦੇ ਬਾਵਜੂਦ ਜਲਦੀ-ਜਲਦੀ ਸਸਕਾਰ ਕਰਨਾ ਬਿਹਤਰ ਸਮਝਿਆ। 
ਲਾਸ਼ 4 ਵਜੇ ਦੀ ਥਾਂ 6.45 'ਤੇ ਪੁੱਜੀ: ਸੋਮਵਾਰ ਸਵੇਰੇ ਤੋਂ ਹੀ 4 ਵਜੇ ਤੱਕ ਮ੍ਰਿਤਕ ਦੇਹ ਪੁੱਜਣ ਦੀ ਆਸ ਸੀ ਪਰ ਦਲਿਤ ਸੰਸਥਾਵਾਂ ਵੱਲੋਂ ਕੀਤੇ ਗਏ ਸੰਘਰਸ਼ ਕਾਰਨ ਇਹ ਦੇਹ ਦੇਰੀ ਨਾਲ ਪੁੱਜੀ।


Related News