38 ਅਣਅਧਿਕਾਰਤ ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ, ਇਕ ਦਾ ਚਲਾਨ ਕੱਟਿਆ
Monday, Oct 25, 2021 - 01:25 AM (IST)
ਚੰਡੀਗੜ੍ਹ(ਰਮਨਜੀਤ)- ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਸਵਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਦੇ ਆਵਾਜਾਈ ਖੇਤਰ ’ਚ ਵਧੇਰੇ ਕੁਸ਼ਲਤਾ ਲਿਆਉਣ ਦੇ ਉਦੇਸ਼ ਨਾਲ ਅੱਜ ਟੈਕਸ ਚੋਰੀ, ਅਧੂਰੇ ਦਸਤਾਵੇਜਾਂ ਅਤੇ ਗੈਰ-ਕਾਨੂੰਨੀ ਪਰਮਿਟਾਂ ’ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਠ ਜ਼ਿਲਿਆਂ ’ਚ 38 ਬੱਸਾਂ ਜ਼ਬਤ ਕੀਤੀਆਂ ਅਤੇ ਇਕ ਬੱਸ ਦਾ ਚਲਾਨ ਕੱਟਿਆ।
ਚੈਕਿੰਗ ਮੁਹਿੰਮ ਦੌਰਾਨ ਅੱਜ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਗੁਰਦਾਸਪੁਰ ਦੇ ਚੈਕਿੰਗ ਦਸਤੇ ਨੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ’ਚ ਨਿਊ ਦੀਪ ਬੱਸ ਸਰਵਿਸ, ਦਾਲਮ ਅਤੇ ਬਾਬਾ ਨੰਦ ਬੱਸ ਸਰਵਿਸ ਦੀ ਇਕ-ਇਕ ਬੱਸ ਅਤੇ ਰਾਜਧਾਨੀ ਬੱਸ ਸਰਵਿਸ ਦੀਆਂ 2 ਬੱਸਾਂ ਸ਼ਾਮਲ ਹਨ, ਜਦਕਿ ਆਰ.ਟੀ.ਏ. ਫ਼ਿਰੋਜ਼ਪੁਰ ਵਲੋਂ ਚਾਰ ਬੱਸਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ’ਚ ਨਿਊ ਬੱਸ ਸਰਵਿਸ ਦੀਆਂ ਦੋ ਬੱਸਾਂ ਅਤੇ ਰਾਜ ਬੱਸ ਸਰਵਿਸ ਤੇ ਟੂਰਿਸਟ ਬੱਸ ਦੀ ਇਕ-ਇਕ ਬੱਸ ਸ਼ਾਮਲ ਹੈ।
ਇਸੇ ਤਰ੍ਹਾਂ, ਆਰ.ਟੀ.ਏ. ਐੱਸ.ਏ.ਐੱਸ. ਨਗਰ ਵਲੋਂ ਚਾਰ ਸੈਲਾਨੀ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ’ਚ ਦੋ ਬੱਸਾਂ ਅਸ਼ੋਕਾ ਟੂਰਿਸਟ ਕੰਪਨੀਆਂ ਅਤੇ ਇਕ-ਇਕ ਬੱਸ ਸਾਹਿਬਾ ਟੂਰਿਸਟ ਅਤੇ ਵੈਸ਼ਨੋ ਯਾਤਰਾ ਕੰਪਨੀ ਦੀ ਸ਼ਾਮਲ ਹੈ। ਆਰ.ਟੀ.ਏ. ਸੰਗਰੂਰ ਵਲੋਂ ਨਿਯਮਾਂ ਦੀ ਉਲੰਘਣਾ ਤਹਿਤ ਆਰਬਿਟ ਏਵੀਏਸ਼ਨ ਕੰਪਨੀ ਦੀ ਇਕ ਬੱਸ ਜ਼ਬਤ ਕੀਤੀ ਗਈ।
ਇਸੇ ਤਰ੍ਹਾਂ ਆਰ.ਟੀ.ਏ. ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਂਝੇ ਤੌਰ ’ਤੇ ਕੀਤੀ ਗਈ ਚੈਕਿੰਗ ਦੌਰਾਨ 7 ਬੱਸਾਂ ਦੇ ਕਾਗ਼ਜ਼ਾਤ ਚੈੱਕ ਕੀਤੇ ਗਏ ਅਤੇ ਆਰਬਿਟ ਏਵੀਏਸ਼ਨ ਦੀਆਂ ਤਿੰਨ, ਨਿਊ ਦੀਪ ਦੀ ਇਕ, ਫ਼ਤਹਿ ਬੱਸ ਸਰਵਿਸ ਦੀ ਇਕ ਅਤੇ ਨਾਰਦਰਨ ਬੱਸ ਸਰਵਿਸ ਦੀ ਇਕ ਬੱਸ ਕਬਜ਼ੇ ’ਚ ਲਈ ਗਈ ਜਦਕਿ ਨਾਰਦਰਨ ਬੱਸ ਦੀ ਇਕ ਬੱਸ ਦਾ ਚਲਾਨ ਕੱਟਿਆ ਗਿਆ।
ਇਸੇ ਤਰ੍ਹਾਂ, ਆਰ.ਟੀ.ਏ. ਅੰਮ੍ਰਿਤਸਰ ਦੇ ਚੈਕਿੰਗ ਦਸਤੇ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਰ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ’ਚ ਨਿਊ ਦੀਪ ਸਰਵਿਸ, ਗੋਬਿੰਦ, ਭੁਪਿੰਦਰ ਬੱਸ ਸਰਵਿਸ ਅਤੇ ਮਾਲਵਾ ਬੱਸ ਸਰਵਿਸ ਦੀ ਇਕ-ਇਕ ਬੱਸ ਸ਼ਾਮਲ ਹੈ, ਜਦਕਿ ਆਰ.ਟੀ.ਏ. ਹੁਸ਼ਿਆਰਪੁਰ ਵਲੋਂ 2 ਮਿੰਨੀ ਬੱਸਾਂ, 6 ਟੂਰਿਸਟ ਬੱਸਾਂ ਅਤੇ ਇਕ ਸਕੂਲ ਬੱਸ ਸਣੇ ਕੁੱਲ 9 ਬੱਸਾਂ ਜ਼ਬਤ ਕੀਤੀਆਂ ਗਈਆਂ। ਇਸੇ ਤਰ੍ਹਾਂ ਆਰ.ਟੀ.ਏ. ਬਠਿੰਡਾ ਨੇ ਪੰਜ ਬੱਸਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ’ਚ ਨਿਊ ਦੀਪ ਦੀਆਂ ਦੋ ਬੱਸਾਂ ਅਤੇ ਡੱਬਵਾਲੀ, ਰਾਜਧਾਨੀ ਅਤੇ ਖੱਟੜਾ ਬੱਸ ਸੇਵਾ ਦੀ ਇਕ-ਇਕ ਬੱਸ ਸ਼ਾਮਲ ਹੈ।