ਖਾਲਿਸਤਾਨੀ ਨਾਅਰਿਆਂ ਨਾਲ ਮਨਾਇਆ 36ਵਾਂ ਘੱਲੂਘਾਰਾ ਦਿਵਸ
Saturday, Jun 06, 2020 - 09:33 PM (IST)
ਅੰਮ੍ਰਿਤਸਰ,(ਅਨਜਾਣ, ਦੀਪਕ)-ਜੇਕਰ ਖਾਲਿਸਤਾਨ ਮਿਲੇਗਾ ਤਾਂ ਜ਼ਰੂਰ ਲਵਾਂਗੇ ਦੇ ਨਾਅਰੇ ਕੋਈ ਆਪਣੀ ਵੇਦਨਾ ਪ੍ਰਗਟ ਕਰਨ ਲਈ ਮਾਰਦਾ ਹੈ ਤਾਂ ਇਸ ਵਿਚ ਕੋਈ ਇਤਰਾਜ਼ ਨਹੀਂ ਪਰ ਨਾਅਰੇ ਬਾਹਰ ਜਾ ਕੇ ਲਾਉਣੇ ਚਾਹੀਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਾਅਰੇ ਮਾਰਨਾ ਮਰਿਆਦਾ ਦੇ ਉਲਟ ਹੈ। ਇਹ ਵਿਚਾਰ ਅੱਜ ਹਰ ਸਾਲ ਵਾਂਗ 36ਵੇਂ ਘੱਲੂਘਾਰਾ ਦਿਵਸ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਰਵਾਏ ਗਏ ਧਾਰਮਿਕ ਸਮਾਰੋਹ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ। ਘੱਲੂਘਾਰਾ ਦਿਵਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਰਮ ਖਿਆਲੀ ਸੰਗਠਨਾਂ ਦੀ ਮੌਜੂਦਗੀ 'ਚ ਖਾਲਿਸਤਾਨੀ ਨਾਅਰਿਆਂ ਨਾਲ ਮਨਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਾਕਡਾਊਨ ਦੇ ਬਾਵਜੂਦ ਗਰਮਖਿਆਲੀ ਸੰਗਠਨ ਹਾਜ਼ਰ ਹੋਏ ਤੇ ਉਨ੍ਹਾਂ ਦੀ ਅਤੇ ਸੰਗਤ ਦੀ ਹਾਜ਼ਰੀ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਅਤੇ ਭਾਈ ਸੁਲਤਾਨ ਸਿੰਘ ਅਰਦਾਸੀਏ ਸਿੰਘ ਵਲੋਂ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਐਡੀ. ਹੈੱਡ ਗ੍ਰੰਥੀ ਗਿ. ਮਲਕੀਤ ਸਿੰਘ ਵਲੋਂ ਲਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ 6 ਜੂਨ 1984 ਨੂੰ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਗੋਲੀਆਂ ਦਾਗੀਆਂ ਗਈਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ -ਢੇਰੀ ਕਰ ਦਿੱਤਾ ਗਿਆ ਤੇ ਅਨੇਕਾਂ ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਨਿਹੱਥੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜੋ ਅਤਿ ਦੁੱਖਦਾਈ ਘਟਨਾ ਸੀ ਤੇ ਜਿਸ ਦਾ ਹਾਲੇ ਤੱਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਜੂਨ, 1984 ਦੇ ਘੱਲੂਘਾਰੇ ਨੂੰ ਸੰਸਾਰ ਦੇ ਇਤਿਹਾਸ ਅੰਦਰ ਕਾਲਾ ਦਿਨ ਦੱਸਿਆ।
ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਸਮੇਂ ਸਿਰਫ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੀ ਨਹੀਂ, ਸਗੋਂ 37 ਦੇ ਕਰੀਬ ਗੁਰੂ ਘਰਾਂ 'ਤੇ ਹਮਲੇ ਕੀਤੇ ਗਏ। ਇਹ ਕੇਂਦਰੀ ਹਕੂਮਤ ਦੀ ਸੌੜੀ ਸੋਚ ਦਾ ਪ੍ਰਗਟਾਵਾ ਸੀ। ਸਿੱਖ ਇਸ ਨੂੰ ਕਦੀ ਭੁਲਾ ਨਹੀਂ ਸਕਦੇ। ਅੱਜ ਉਨ੍ਹਾਂ ਟੀਚਿਆਂ ਪ੍ਰਤੀ ਕੌਮੀ ਮੰਥਨ ਵਾਸਤੇ ਸਮੁੱਚੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਚੰਗੀ ਨੀਤੀ ਅਤੇ ਨੇਕ ਨੀਅਤ ਜ਼ਰੂਰੀ ਹੈ। ਸਾਨੂੰ ਗੁਰੂ ਦੇ ਸਿੱਖ ਹੋਣ ਨਾਤੇ ਰਾਜਨੀਤਕ ਅਤੇ ਜਥੇਬੰਦਕ ਧੜੇਬੰਦੀਆਂ ਤੋਂ ਉਪਰ ਉਠ ਕੇ ਆਪਸੀ ਸਾਂਝ ਮਜ਼ਬੂਤ ਕਰਨ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਸੁਪਰੀਮ ਕੋਰਟ 'ਚ ਜੂਨ 1984 ਸਮੇਂ ਹੋਏ ਨੁਕਸਾਨ ਲਈ 1000 ਕਰੋੜ ਰੁਪਏ ਦਾ ਕੇਸ ਕੀਤਾ ਗਿਆ ਹੈ, ਉਸ ਦਾ ਫੈਸਲਾ ਹਾਲੇ ਆਉਣਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 8 ਜੂਨ ਨੂੰ ਧਾਰਮਿਕ ਅਸਥਾਨ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਲਈ ਅਸੀਂ ਧੰਨਵਾਦੀ ਹਾਂ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਧਾਰਮਿਕ ਅਸਥਾਨ ਖੋਲ੍ਹੇ, ਅਸੀਂ ਪ੍ਰਬੰਧ ਆਪੇ ਕਰ ਲਵਾਂਗੇ। ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹ ਕਿਹਾ ਗਿਆ ਕਿ ਜੇਕਰ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਲਵਾਂਗੇ।
ਮਾਨ ਦਲ ਤੇ ਸਿੱਖ ਜਥੇਬੰਦੀਆਂ ਨੇ ਲਾਏ ਖਾਲਿਸਤਾਨ ਪੱਖੀ ਨਾਅਰੇ
ਸਮਾਗਮ ਸਮਾਪਤ ਹੁੰਦਿਆਂ ਹੀ ਮਾਨ ਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦਿਆਂ ਸਿਮਰਨਜੀਤ ਸਿੰਘ ਮਾਨ ਵੱਲੋਂ ਭੇਜਿਆ ਸੰਦੇਸ਼ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਹਾਲੇ ਤੱਕ ਸਿੱਖ ਕੌਮ ਨੂੰ ਨਾ ਤਾਂ ਇਨਸਾਫ਼ ਮਿਲਿਆ ਹੈ ਤੇ ਨਾ ਹੀ ਕੋਈ ਮਸਲਾ ਹੱਲ ਹੋਇਆ ਹੈ। ਸਿੱਖ ਕੌਮ ਨਾਲ ਘੱਲੂਘਾਰੇ ਹੋਏ, ਨਸਲਕੁਸ਼ੀ ਕੀਤੀ ਗਈ। ਸਾਡੀ ਲੜਾਈ ਨਾ ਤਾਂ ਪਾਕਿਸਤਾਨ ਨਾਲ ਹੈ ਤੇ ਨਾ ਹੀ ਚੀਨ ਨਾਲ ਸਾਡੀ ਲੜਾਈ ਸਰਕਾਰ ਨਾਲ ਹੈ, ਜਿਸ ਕੋਲੋਂ ਕਦੇ ਵੀ ਕੋਈ ਇਨਸਾਫ਼ ਮਿਲਣ ਦੀ ਉਮੀਦ ਨਹੀਂ। ਜਦ ਅਸੀਂ ਆਏ ਤਾਂ ਸਾਨੂੰ ਧੱਕੇ ਮਾਰੇ ਗਏ। ਦਲ ਖਾਲਸਾ ਤੇ ਹੋਰ ਜਥੇਬੰਦੀਆਂ ਤੇ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਦੀ ਬੇਇੱਜ਼ਤੀ ਕੀਤੀ ਗਈ। ਕੀ ਸਿੱਖ ਇਸ ਦਿਨ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ? ਕੀ ਸਿੱਖ ਆਪਣੀ ਵੇਦਨਾ ਪ੍ਰਗਟ ਨਹੀਂ ਕਰ ਸਕਦੇ? ਇਸੇ ਲਈ ਅਸੀਂ ਅੱਜ ਆਪਣਾ 36ਵਾਂ ਖਾਲਿਸਤਾਨੀ ਡੇਅ ਮਨਾ ਰਹੇ ਹਾਂ ਤੇ ਅੱਗੋਂ 37ਵਾਂ ਖਾਲਿਸਤਾਨੀ ਡੇਅ ਵੀ ਮਨਾਵਾਂਗੇ।
ਸਰਬੱਤ ਖਾਲਸਾ ਦੇ ਜਥੇਦਾਰ ਨੇ ਵੀ ਦਿੱਤਾ ਸੰਦੇਸ਼
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਕੌਮ ਦੇ ਨਾਂਅ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਲੋਕਤੰਤਰ ਦੇ ਬੁਰਕੇ ਹੇਠ ਛੁਪੇ ਭਾਰਤ ਦੇ ਜ਼ਾਲਮ ਹਾਕਮ ਨੇ ਸਿੱਖ ਪੰਥ 'ਤੇ ਜੂਨ 1984 ਵਿਚ ਬਹੁਤ ਵੱਡਾ ਤੇ ਖਤਰਨਾਕ ਹਮਲਾ ਕੀਤਾ ਸੀ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸਰੂਪ ਅਗਨ ਭੇਟ ਹੋ ਗਏ ਤੇ ਅਨੇਕਾਂ ਸਿੰਘ-ਸਿੰਘਣੀਆਂ ਸਮੇਤ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਅਨੇਕਾਂ ਬੇਗੁਨਾਹ ਸਿੱਖ ਜੇਲਾਂ ਦੀਆਂ ਕਾਲ ਕੋਠੜੀਆਂ ਵਿਚ ਸਜ਼ਾਵਾਂ ਭੁਗਤਣ ਦੇ ਬਾਅਦ ਵੀ ਬੰਦ ਹਨ।
ਸਰਕਾਰ ਦੀ ਲੰਗਰ ਤੇ ਪ੍ਰਸਾਦ ਦੀ ਮਨਾਹੀ 'ਤੇ ਭਾਈ ਲੌਂਗੋਵਾਲ ਨੇ ਜਤਾਇਆ ਇਤਰਾਜ਼
ਐਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਰਕਾਰ ਵਲੋਂ 8 ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਸੰਬੰਧਿਤ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਚ ਲੰਗਰ ਅਤੇ ਪ੍ਰਸਾਦ ਦੀ ਮਨਾਹੀ 'ਤੇ ਇਤਰਾਜ਼ ਜਤਾਇਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਲੰਗਰ ਅਤੇ ਕੜਾਹ ਪ੍ਰਸਾਦ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਅਹਿਮ ਅੰਗ ਹੈ, ਜਿਸ 'ਤੇ ਮਨਾਹੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ 'ਚ ਲੰਗਰ ਦੇ ਸਮੇਂ ਪੂਰੀ ਤਰ੍ਹਾਂ ਸਫਾਈ ਰੱਖੀ ਜਾਂਦੀ ਹੈ। ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਲਾਜ਼ਮੀ ਹਨ। ਗੁਰਦੁਆਰਾ ਸਾਹਿਬ 'ਚ ਸੰਗਤ ਨੂੰ ਛੂਟ ਦੇਣ ਦਾ ਫੈਸਲਾ ਤਾਂ ਸਵਾਗਤਯੋਗ ਹੈ ਪਰ ਲੰਗਰ ਅਤੇ ਕੜਾਹ ਪ੍ਰਸਾਦ ਦੀ ਮਨਾਹੀ ਦੇ ਫੈਸਲੇ ਦੇ ਬਾਰੇ 'ਚ ਫਿਰ ਵਿਚਾਰ ਕੀਤਾ ਜਾਵੇ।