ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 363 ਨਵੇਂ ਮਾਮਲਿਆਂ ਦੀ ਪੁਸ਼ਟੀ, 11 ਦੀ ਮੌਤ
Tuesday, Sep 15, 2020 - 02:51 AM (IST)
ਲੁਧਿਆਣਾ, (ਸਹਿਗਲ)- ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਸਭ ਤੋਂ ਬਦਤਰ ਹਾਲਤ ਵਿਚ ਚੱਲ ਰਹੇ ਮਗਾਨਗਰ ’ਚ ਕੋਰੋਨਾ ਕਾਰਨ ਮਾਰਨ ਵਾਲੇ ਮਰੀਜ਼ਾਂ ਦੀ ਗਿਣਤੀ 588 ਹੋ ਗਈ ਹੈ, ਜਦੋਂਕਿ ਹੁਣ ਤੱਕ 14,184 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਜ਼ਿਲੇ ਵਿਚ 363 ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋ ਗਈ। 363 ਮਰੀਜ਼ਾਂ ਵਿਚੋਂ 39 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜਦੋਂਕਿ 324 ਜ਼ਿਲੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਦੇ 1532 ਮਰੀਜ਼ ਸਥਾਨਕ ਹਸਪਤਾਲਾਂ ਵਿਚ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 155 ਦੀ ਮੌਤ ਹੋ ਗਈ ਹੈ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚ 34 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ, ਜਦੋਂਕਿ ਫਲੂ ਕਾਰਨਰ ’ਤੇ 99, ਓ. ਪੀ. ਡੀ. ਵਿਚ 80 ਪਾਜ਼ੇਟਿਵ ਮਰੀਜ਼ਾਂ ਵਿਚ 11 ਹੈਲਥ ਕੇਅਰ ਵਰਕਰ, 3 ਗਰਭਵਤੀ ਔਰਤਾਂ ਅਤੇ 2 ਅੰਡਰ ਟ੍ਰਾਇਲ ਵੀ ਸ਼ਾਮਲ ਹਨ।
ਸੈਂਪਲਿੰਗ ਦੀ ਗਿਣਤੀ ਘਟਾਈ
ਸਿਹਤ ਵਿਭਾਗ ਨੇ ਸ਼ੱਕੀ ਮਰੀਜ਼ਾਂ ਦੀ ਕੀਤੀ ਜਾ ਰਹੀ ਸੈਂਪਲਿੰਗ ਵਿਚ ਅੱਜ ਭਾਰੀ ਕਮੀ ਕਰ ਦਿੱਤੀ। ਅੱਜ 2841 ਸੈਂਪਲ ਹੀ ਜਾਂਚ ਲਈ ਭੇਜੇ ਗਏ। ਪਿਛਲੇ ਕਈ ਦਿਨਾਂ ਤੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵਧ-ਚੜ੍ਹ ਕੇ ਲੋਕਾਂ ਦੇ ਸੈਂਪਲ ਲੈਣ ਦੀ ਗੱਲ ਕਰ ਰਹੇ ਸਨ। ਅੱਜ ਅਚਾਨਕ ਇਸ ਵਿਚ ਭਾਰੀ ਕਮੀ ਕਰ ਦਿੱਤੀ ਗਈ।
1360 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਵੱਲੋਂ ਕੱਲ ਭੇਜੇ ਗਏ ਸੈਂਪਲਾਂ ’ਚੋਂ 1360 ਦੀ ਰਿਪੋਰਟ ਪੈਂਡਿੰਗ ਦੱਸੀ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਮਰੀਜ਼ਾਂ ਦੇ ਸੈਂਪਲ ਘੱਟ ਇਸ ਲਈ ਲਏ ਜਾ ਰਹੇ ਹਨ ਤਾਂ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਆਪਣੇ ਆਪ ਕਮੀ ਆ ਜਾਵੇ। ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ 197422 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 196062 ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲੀ ਹੈ, ਜਦੋਂਕਿ 1,80,346 ਸੈਂਪਲ ਨੈਗੇਟਿਵ ਆਏ ਹਨ।
457 ਵਿਅਕਤੀਆਂ ਨੂੰ ਕੀਤਾ ਆਈਸੋਲੇਟ
ਸਿਹਤ ਵਿਭਾਗ ਨੇ ਅੱਜ 457 ਵਿਅਕਤੀਆਂ ਨੂੰ ਹੋਮ ਆਈਸੋਲੇਟ ਕੀਤਾ ਹੈ। ਮੌਜੂਦਾ ਵਿਚ 4 753 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
ਡੇਂਗੂ ਦੇ ਕੇਸਾਂ ਨੂੰ ਜਨਤਕ ਨਹੀਂ ਕਰ ਰਿਹੈ ਸਿਹਤ ਵਿਭਾਗ
ਸੂਬੇ ’ਚ ਡੇਂਗੂ ਦੇ ਕੇਸਾਂ ਦੀ ਗਿਣਤੀ 300 ਦੇ ਕਰੀਬ ਪੁੱਜ ਗਈ ਦੱਸੀ ਜਾਂਦੀ ਹੈ, ਜਦੋਂਕਿ ਜ਼ਿਲੇ ਵਿਚ ਡੇਂਗੂ ਦੇ ਹੁਣ ਤੱਕ 40-50 ਤੋਂ ਜ਼ਿਆਦਾ ਕੇ ਸਾਹਮਣੇ ਆ ਚੁੱਕੇ ਹਨ ਪਰ ਕਿਸੇ ਇਕ ਨੂੰ ਵੀ ਸਿਹਤ ਵਿਭਾਗ ਵਿਚ ਅਜੇ ਤੱਕ ਜਨਤਕ ਨਹੀਂ ਕੀਤਾ। ਇਥੋਂ ਤੱਕ ਕਿ ਹੁਣ ਕੋਵਿਡ-19 ਦੇ ਨਾਲ ਡੇਂਗੂ ਦੇ ਸੰਯੁਕਤ ਮਰੀਜ਼ ਆਉਣ ਦਾ ਖਤਰਾ ਕਾਫੀ ਵਧ ਗਿਆ ਹੈ। ਪਿਛਲੇ ਦਿਨੀਂ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਨੂੰ ਕੋਰੋਨਾ ਨਾਲ ਡੇਂਗੂ ਵੀ ਸੀ ਪਰ ਸਿਹਤ ਵਿਭਾਗ ਨੇ ਇਸ ਕੇਸ ਨੂੰ ਦਬਾ ਦਿੱਤਾ। ਸਿਹਤ ਵਿਭਾਗ ਵਿਚ ਚਰਚਾ ਹੈ ਕਿ ਡੇਂਗੂ ਦੇ ਕੇਸਾਂ ਨੂੰ ਜਾਣ-ਬੁੱਝ ਕੇ ਦਬਾਇਆ ਜਾ ਰਿਹਾ ਹੈ ਅਤੇ ਕੋਈ ਬਚਾਅ ਕਾਰਜ ਵੀ ਨਹੀਂ ਕੀਤੇ ਜਾ ਰਹੇ ਤਾਂ ਕਿ ਬੀਮਾਰੀ ਨੂੰ ਵਧਣ ਦਾ ਮੌਕਾ ਮਿਲੇ ਅਤੇ ਉਸ ਦੀ ਆੜ ਵਿਚ ਠੇਕੇ ’ਤੇ ਵੱਧ ਤੋਂ ਵੱਧ ਆਦਮੀ ਰੱਖੇ ਜਾਣ, ਜੋ ਡੇਂਗੂ ਖਤਮ ਕਰਨ ਦਾ ਕੰਮ ਕਰਨ। ਕਿਹਾ ਜਾਂਦਾ ਹੈ ਕਿ ਬੀਤੇ ਸਾਲ ਵੀ ਓਨੇ ਆਦਮੀ ਫੀਲਡ ਵਿਚ ਨਹੀਂ ਦਿਖੇ ਜਿੰਨੇ ਕਾਗਜ਼ਾਂ ਵਿਚ ਰੱਖੇ ਗਏ ਸਨ। ਸਾਰੇ ਕੰਮ-ਕਾਜ ਦੀ ਦੇਖ-ਰੇਖ ਚੰਡੀਗੜ੍ਹ ਵਿਚ ਬੈਠਾ ਇਕ ਅਧਿਕਾਰੀ ਦੇਖ ਰਿਹਾ ਹੈ, ਜਿਸ ਵਿਚ ਕਈ ਜ਼ਿਲਿਆਂ ਵਿਚ ਆਪਣੀਆਂ ਗੋਟੀਆਂ ਫਿੱਟ ਕਰ ਰੱਖੀਆਂ ਦੱਸੀਆਂ ਜਾਂਦੀਆਂ ਹਨ। ਸੂਤਰਾਂ ਮੁਤਾਬਕ ਇਹ ਗਹਿਰੀ ਜਾਂਚ ਦਾ ਵਿਸ਼ਾ ਹੈ, ਜਿਸ ’ਤੇ ਸਿਹਤ ਵਿਭਾਗ ਨੂੰ ਗੌਰ ਕਰਨਾ ਚਾਹੀਦਾ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਗੁਰੂ ਅਰਜਨ ਦੇਵ ਨਗਰ 67 ਪੁਰਸ਼ ਸਿਵਲ ਹਸਪਤਾਲ
ਧਾਂਦਰਾਂ ਰੋਡ 70 ਔਰਤ ਡੀ. ਐੱਮ. ਸੀ.
ਪਿੰਡ ਇਰਾਕ ਸਮਰਾਲਾ 45 ਪੁਰਸ਼ ਡੀ. ਐੱਮ. ਸੀ.
ਕਿਚਲੂ ਨਗਰ 70 ਔਰਤ ਡੀ. ਐੱਮ. ਸੀ.
ਬੀ. ਆਰ. ਐੱਸ. ਨਗਰ 46 ਔਰਤ ਡੀ. ਐੱਮ. ਸੀ.
ਢੰਡਾਰੀ 38 ਪੁਰਸ਼ ਸਿਵਲ ਹਸਪਤਾਲ
ਦੁੱਗਰੀ 75 ਔਰਤ ਡੀ. ਐੱਮ. ਸੀ.
ਬਸਤੀ ਜੋਧੇਵਾਲ 54 ਪੁਰਸ਼ ਰਜਿੰਦਰਾ ਹਸਪਤਾਲ ਪਟਿਆਲਾ
ਦੁਰਗਾਪੁਰੀ 70 ਪੁਰਸ਼ ਓਸਵਾਲ ਹਸਪਤਾਲ
ਕਾਕੋਵਾਲ ਰੋਡ 42 ਪੁਰਸ਼ ਸੀ. ਐੱਮ. ਸੀ.
ਬਸਤੀ ਜੋਧੇਵਾਲ 78 ਔਰਤ ਸੀ. ਐੱਮ. ਸੀ.