15 ਸਾਲਾਂ ਤੋਂ ‘ਕਿਗਵਾ’ ਨਹਿਰ ਦੀ ਸਫਾਈ ਨਾ ਹੋਣ ਕਾਰਨ 35 ਪਿੰਡਾਂ ਦੀ ਸਿੰਚਾਈ ਹੋ ਰਹੀ ਏ ਪ੍ਰਭਾਵਿਤ

Tuesday, May 08, 2018 - 01:33 AM (IST)

15  ਸਾਲਾਂ ਤੋਂ ‘ਕਿਗਵਾ’ ਨਹਿਰ ਦੀ ਸਫਾਈ ਨਾ ਹੋਣ ਕਾਰਨ 35 ਪਿੰਡਾਂ ਦੀ ਸਿੰਚਾਈ ਹੋ ਰਹੀ ਏ ਪ੍ਰਭਾਵਿਤ

ਮੋਗਾ,   (ਗੋਪੀ ਰਾਊਕੇ)-  ਇਕ ਪਾਸੇ ਜਿਥੇ ਪੰਜਾਬ ਸਰਕਾਰ ਤੇ ਸੂਬੇ ਦੇ ਸਿੰਚਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਥੇ  ਹੀ ਦੁੂਜੇ ਪਾਸੇ ਸਰਕਾਰ ਵੱਲੋਂ ਨਹਿਰਾਂ ਦੀ ਸਾਫ-ਸਫਾਈ ਵੱਲ ਪੁਖਤਾ ਧਿਆਨ ਨਾ ਦਿੱਤੇ ਜਾਣ ਕਰ  ਕੇ ਇਨ੍ਹਾਂ ਨਹਿਰਾਂ ’ਚ ਉੱਗਿਆ ਘਾਹ-ਫੂਸ ਅਤੇ ਹੋਰ ਸਰਕੰਡੇ ਪਾਣੀ  ਨੂੰ ਰੋਕ ਰਹੇ ਹਨ, ਜਿਸ  ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਮੁਸ਼ਕਲਾਂ ਪੇਸ਼ ਆ ਰਹੀਅਾਂ ਹਨ। ਤਾਜ਼ਾ ਮਾਮਲਾ ਮੋਗਾ ਸ਼ਹਿਰ ਦੇ ਜ਼ੀਰਾ ਰੋਡ ਤੋਂ ਲੰਘਦੀ ‘ਕਿਗਵਾ’ ਨਹਿਰ ਦਾ ਹੈ, ਜਿਸ ਦੀ ਪਿਛਲੇ 15 ਸਾਲਾਂ ਤੋਂ ਸਫਾਈ ਨਾ ਹੋਣ ਕਾਰਨ  35 ਪਿੰਡਾਂ ਦੇ ਕਿਸਾਨਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ, ਇਥੇ ਹੀ ਬਸ ਨਹੀਂ ਲਗਾਤਾਰ ਨਹਿਰ  ‘ਬੰਦੀ’ ਰਹਿਣ ਕਰ ਕੇ ਇਸ ’ਚ ਕਥਿਤ ਤੌਰ ’ਤੇ ਸੁੱਟੀ ਜਾ ਰਹੀ ਗੰਦਗੀ ਕਾਰਨ ਪ੍ਰਦੂਸ਼ਣ ਵੀ ਫੈਲ ਰਿਹਾ ਹੈ, ਹੈਰਾਨੀ ਜਨਕ ਗੱਲ ਤਾਂ ਇਹ ਹੈ ਕਿ ਇਸ ਖੇਤਰ ਦੇ ਕਿਸਾਨਾਂ ਨੇ ਇਹ ਮਾਮਲਾ ਕਈ ਦਫਾ ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਹੈ ਪਰ ਹਾਲੇ ਤੱਕ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ, ਜਿਸ ਕਰ ਕੇ ਕਿਸਾਨ ਵਰਗ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘ ਰਿਹਾ ਹੈ।
 ‘ਜਗ ਬਾਣੀ’ ਵੱਲੋਂ ਇਸ ਸਬੰਧੀ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ  ’ਚ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਕਿ ਡਾਰਕ ਜ਼ੋਨ ਐਲਾਨੇ ਗਏ ਮੋਗਾ  ਜ਼ਿਲੇ ’ਚੋਂ ਲੰਘਦੀ ਨਹਿਰ ਦਾ ਪਾਣੀ ਕਿਸਾਨਾਂ ਨੂੰ ਫਸਲਾਂ ਲਈ ਮਿਲੇ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋ ਸਕਦੀ ਹੈ ਪਰ ਇਸ ਨਹਿਰ ਤੋਂ ਕਿਸਾਨਾਂ ਨੂੰ ਲੋਡ਼ ਅਨੁਸਾਰ ਸਿੰਚਾਈ ਲਈ ਪਾਣੀ ਨਾ ਮਿਲਣ ਕਰ ਕੇ ਉਨ੍ਹਾਂ ਕੋਲ ਖੇਤੀ ਮੋਟਰਾਂ ਤੋਂ ਪਾਣੀ ਲੈ ਕੇ ਫਸਲਾਂ ਨੂੰ ਦੇਣ ਲਈ ਹੋਰ ਕੋਈ ਚਾਰਾ  ਬਾਕੀ ਨਹੀਂ ਬਚਿਆ।
  ਇਕੱਤਰ ਵੇਰਵਿਆਂ ’ਚ ਇਹ ਵੀ ਪਤਾ ਲੱਗਾ ਹੈ ਕਿ ਇਸ ਨਹਿਰ ’ਚੋਂ ਨਿਕਲਦੇ ‘ਮਨਾਵਾਂ ਰਜਬਾਹੇ’ ਦੀਆਂ ਟੇਲਾਂ ’ਤੇ ਵੀ ਇਸ ਨਹਿਰ ਦੀ ਸਫਾਈ ਕਰ ਕੇ ਪਾਣੀ ਨਹੀਂ ਪੁੱਜਦਾ, ਜਿਸ ਕਰ ਕੇ ਇਸ ਰਜਬਾਹੇ ਤੋਂ ਸਿੰਚਾਈ ਕਰਦੇ 30 ਹੋਰ ਪਿੰਡਾਂ ਦੇ ਕਿਸਾਨ ਵੀ ਸਮੱਸਿਆ ਨਾਲ ਜੂਝ ਰਹੇ ਹਨ।  

ਨਹਿਰ ਦੀ ਸਫਾਈ ਲਈ ਸਰਕਾਰ ਤੋਂ ਬਜਟ ਮੰਗਿਐ : ਐੱਸ. ਡੀ. ਓ.
 ਕਿਹਾ-ਲੋਡ਼ ਅਨੁਸਾਰ ਛੱਡਿਆ ਜਾਂਦੈ ਨਹਿਰ ’ਚ ਪਾਣੀ  ਇਸ ਮਾਮਲੇ ਸਬੰਧੀ ਸੰਪਰਕ ਕਰਨ ’ਤੇ ਵਿਭਾਗ ਦੇ ਐੱਸ. ਡੀ. ਓ. ਨਿਤਿਨ ਸੂਦ ਦਾ ਕਹਿਣਾ ਸੀ ਕਿ ਨਹਿਰ ਦੀ ਸਫਾਈ ਲਈ ਸਰਕਾਰ ਤੋਂ ਬਜਟ ਮੰਗਿਆ ਗਿਆ ਹੈ, ਜੇਕਰ ਬਜਟ ਨਾ ਆਇਆ ਤਾਂ ਮਗਨਰੇਗਾ ਦੇ ਫੰਡਾਂ ਰਾਹੀਂ ਇਸ ਦੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਜਦੋਂ ਪਾਣੀ ਦੀ ਮੰਗ ਹੁੰਦੀ ਹੈ, ਉਦੋਂ ਹੀ ਪਾਣੀ ਛੱਡਿਆ ਜਾਂਦਾ ਹੈ। 

 ਨਹਿਰ ਦੀ ਸਫਾਈ ਕਰਵਾਈ ਜਾਵੇ : ਦਵਿੰਦਰ ਘਾਲੀ
 ਕਿਸਾਨ ਆਗੂ ਦਵਿੰਦਰ ਸਿੰਘ ਘਾਲੀ ਦਾ ਕਹਿਣਾ ਸੀ ਕਿ ਕਿਗਵਾ ਨਹਿਰ ਦੀ ਸਫਾਈ ਨਾ ਹੋਣ ਦੀ ਸਮੱਸਿਆ  ਸਾਲਾਂ ਪੁਰਾਣੀ ਹੈ,  ਜਿਸ  ਕਾਰਨ ਕਿਸਾਨ ਵਰਗ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ  ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਤੁਰੰਤ ਇਸ ਨਹਿਰ ਦੀ ਸਫਾਈ ਕਰਵਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਨਹਿਰ ਦੀ ਸਫਾਈ ਨਾ ਹੋਈ ਤਾਂ ਕਿਸਾਨ ਆਗੂਆਂ ਨਾਲ ਇਸ ਮਾਮਲੇ ’ਤੇ ਰਾਬਤਾ ਬਣਾ ਕੇ ਸੰਘਰਸ਼ ਕੀਤਾ ਜਾਵੇਗਾ।


Related News