339 ਆਵਾਰਾ ਪਸ਼ੂਆਂ ਨੂੰ ਫੜ ਕੇ ਭੇਜਿਆ ਗਊਸ਼ਾਲਾ

Monday, Aug 13, 2018 - 01:42 AM (IST)

339 ਆਵਾਰਾ ਪਸ਼ੂਆਂ ਨੂੰ ਫੜ ਕੇ ਭੇਜਿਆ ਗਊਸ਼ਾਲਾ

 ਮਾਨਸਾ, (ਸੰਦੀਪ ਮਿੱਤਲ)- ਹੁਣ ਮਾਨਸਾ ਸ਼ਹਿਰ ਅੰਦਰੋਂ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਨਿਜਾਤ ਦਿਵਾਉਣ  ਲਈ ਜ਼ਿਲਾ ਪ੍ਰਸ਼ਾਸਨ ਨੇ ਸਖਤ ਕਦਮ ਉਠਾ ਲਏ ਹਨ। ਹੁਣ ਮਾਨਸਾ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਦੇ ਖਤਮ ਹੋਣ ’ਤੇ ਸੁੱਖ ਦਾ ਸਾਹ  ਲੈਣ ਦੀ ਉਮੀਦ ਬੱਝ ਗਈ ਹੈ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਸ਼ਹਿਰ ਅੰਦਰ ਫਿਰ ਰਹੇ ਸਾਰੇ ਅਵਾਰਾ ਪਸ਼ੂਆਂ ਨੂੰ ਫਡ਼ ਕੇ 10 ਦਿਨਾਂ ਅੰਦਰ ਗਊਸ਼ਾਲਾਵਾਂ ’ਚ ਪਹੁੰਚਾਇਆ ਜਾਵੇ। ਇਸੇ ਤਹਿਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਖੁਦ 10 ਦਿਨਾਂ ਅੰਦਰ ਆਵਾਰਾ ਪਸ਼ੂਆਂ ਨੂੰ ਸਡ਼ਕਾਂ ਤੋਂ ਹਟਾ ਕੇ ਗਊਸ਼ਾਲਾਵਾਂ ’ਚ ਭੇਜਣ ਦੀ ਮੁਹਿੰਮ ਤਹਿਤ ਡੀ. ਐੱਸ. ਪੀ. ਮਾਨਸਾ ਸਿਮਰਜੀਤ ਸਿੰਘ ਦੀ ਯੋਗ ਅਗਵਾਈ ’ਚ ਗਊ ਸੇਵਕਾਂ 2 ਦਿਨਾਂ ਅੰਦਰ 339 ਅਵਾਰਾ ਪਸ਼ੂਆਂ ਨੂੰ ਫਡ਼ ਲਿਆ ਗਿਆ ਹੈ। 
ਡਿਪਟੀ ਕਮਿਸ਼ਨਰ ਨੇ ਖੁਦ ਸ਼ਹਿਰ ਦੇ ਬਾਰ੍ਹਾਂ ਹੱਟਾਂ ਚੌਕ ਜਾ ਕੇ ਇਸ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਵਾਰਾ ਪਸ਼ੂਆਂ ਦੀ ਹੋ ਰਹੀ ਫਡ਼ੋ ਫਡ਼ਾਈ ਲਈ ਵੀ ਗਊਸੇਵਕਾਂ, ਸਮਾਜ ਸੇਵੀਆਂ ਅਤੇ ਆਮ ਨਾਗਰਿਕਾਂ ਨੂੰ ਹੱਲਾਸ਼ੇਰੀ ਵੀ ਦਿੱਤੀ। ਡੀ. ਐੱਸ. ਪੀ. ਸਿਮਰਜੀਤ ਸਿੰਘ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ।  ਗਊਸ਼ਾਲਾ ਕਮੇਟੀ ਮਾਨਸਾ ਸਾਬਕਾ ਪ੍ਰਧਾਨ ਅਸ਼ੋਕ ਜਿੰਦਲ ਨੇ ਦੱਸਿਆ ਕਿ ਮਾਨਸਾ-ਸਿਰਸਾ ਰੋਡ ’ਤੇ ਨੰਦੀਸ਼ਾਲਾ ਮਾਨਸਾ ਵਿਖੇ 200, ਗਊਸ਼ਾਲਾ ਰਮਦਿੱਤੇਵਾਲਾ ਵਿਖੇ 45 ਅਤੇ ਗਊਸ਼ਾਲਾ ਮਾਨਸਾ ਵਿਖੇ 69 ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ’ਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਗਊ ਸੇਵਕਾਂ ਅਤੇ ਨਗਰ ਵਾਸੀਆਂ ਵੱਲੋਂ ਸਿਰਸਾ ਰੋਡ ਤੋਂ ਕਰੀਬ 200 ਪਸ਼ੂਆਂ ਨੂੰ ਹੱਕ ਕੇ ਦੇਰ ਰਾਤ ਨੰਦੀਸ਼ਾਲਾ ਮਾਨਸਾ ਵਿਖੇ ਭੇਜਿਆ ਗਿਆ। ਇਸ ਤੋਂ ਇਲਾਵਾ ਰਮਦਿੱਤਾ ਵਾਲਾ ਚੌਕ, ਰੇਲਵੇ ਫਾਟਕ ਅਤੇ ਭਾਗੀਰਥ ਕਾਲੋਨੀ 45 ਅਵਾਰਾ ਪਸ਼ੂਆਂ ਅਤੇ ਵਾਟਰ ਵਰਕਸ ਅਤੇ ਪੁਰਾਣੀ ਅਨਾਜ ਮੰਡੀ ਦੇ ਆਸ-ਪਾਸ ਤੋਂ 69 ਪਸ਼ੂਆਂ ਨੂੰ ਫਡ਼ਿਆ ਗਿਆ ਹੈ। ਇਸੇ ਤਰ੍ਹਾਂ 25 ਆਵਾਰਾ ਪਸ਼ੂਆਂ ਨੂੰ ਫਡ਼ ਕੇ ਕੈਟਲ ਪੋਂਡ ਖੋਖਰ ਕਲਾਂ ਵਿਖੇ ਛੱਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾਡ਼੍ਹਨ ਲਈ ਗਊ ਸੇਵਕ ਤਡ਼ਕਸਾਰ 4 ਵਜੇ ਪਹੁੰਚ ਜਾਂਦੇ ਹਨ ਅਤੇ ਆਵਾਰਾ ਪਸ਼ੂਆਂ ਨੂੰ ਫਡ਼ਨ ਲਈ ਰਾਤ ਦੇ 10-11 ਵਜੇ ਵੀ ਡਿਊਟੀ ਕੀਤੀ ਜਾਂਦੀ ਹੈ।  ਇਸ 10 ਰੋਜ਼ਾ ਮੁਹਿੰਮ ’ਚ  ਗਊਸੇਵਕ ਪਵਨ ਕੁਮਾਰ ਸੁਪਰਡੈਂਟ, ਅਸ਼ਵਨੀ ਕੁਮਾਰ ਜਿੰਦਲ ਐੱਸ.ਓ., ਸੰਜੀਵ ਪਿੰਕਾ, ਪ੍ਰਵੀਨ ਸ਼ਰਮਾ ਟੋਨੀ, ਪਵਨ ਕੋਟਲੀ, ਸੁਨੀਲ ਗੋਇਲ, ਰਾਜੇਸ਼ ਕੁਮਾਰ, ਮਹਾਬੀਰ, ਜੈਪਾਲ, ਜਗਜੀਤ ਵਾਲੀਆ, ਬਿੰਦਰ ਪਾਲ, ਵਿਨੋਦ ਭੰਮਾ,  ਬਲਜੀਤ ਕਡ਼ਵਲ, ਸੁਰਿੰਦਰ ਪਿੰਟਾ, ਮੁਕੇਸ਼ ਕੁਮਾਰ, ਟਿੰਕੂ ਅਾਦਿ ਹਾਜ਼ਰ ਸਨ। 


Related News