33 ਕਰੋੜ ਦਾ ਡਾਕਟਰ ਰੋਬੋਟ ਹੋਣ ਜਾ ਰਿਹੈ ਰਿਟਾਇਰ, ਨਵਾਂ ਰੋਬੋਟ ਖਰੀਦਦਣ ਦੀ ਕੋਸ਼ਿਸ਼ ਸ਼ੁਰੂ

06/05/2023 1:41:31 PM

ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. ਦਾ ਲਗਭਗ 33 ਕਰੋੜ ਰੁਪਏ ਦਾ ਡਾਕਟਰ ਰੋਬੋਟ 10 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਬਾਅਦ ਅਗਲੇ ਸਾਲ ਰਿਟਾਇਰ ਹੋ ਜਾਵੇਗਾ। ਹੁਣ ਪੀ. ਜੀ. ਆਈ. ਨੇ ਨਵਾਂ ਰੋਬੋਟ ਖਰੀਦਣ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੰਸਥਾ ਵਿਚ 17 ਨਵੰਬਰ 2014 ਤੋਂ ਰੋਬੋਟਿਕ ਸਰਜਰੀ ਦੀ ਸ਼ੁਰੂਆਤ ਹੋਈ ਸੀ। ਅਗਲੇ ਸਾਲ ਇਹ 10 ਸਾਲ ਦਾ ਹੋ ਜਾਵੇਗਾ, ਜਿਸ ਤੋਂ ਬਾਅਦ ਸਰਜਰੀ ਨਹੀਂ ਕਰ ਸਕੇਗਾ। 10 ਸਾਲ ਦਾ ਸਮਾਂ ਪੂਰਾ ਹੁੰਦਿਆਂ ਹੀ ਰੋਬੋਟ ਦੀ ਬਾਂਹ ਡਾਕਟਰ ਦੀ ਕਮਾਂਡ (ਸੈਂਸਰ) ਮਿਲਣ ਦੇ ਬਾਵਜੂਦ ਕੰਮ ਨਹੀਂ ਕਰੇਗੀ। ਇਸ ਲਈ ਨਵਾਂ ਰੋਬੋਟ ਖ੍ਰੀਦਣਾ ਜ਼ਰੂਰੀ ਹੋ ਗਿਆ ਹੈ। ਉਥੇ ਹੀ ਯੂਰੋਲਾਜੀ ਵਿਭਾਗ ਨੇ ਪੀ. ਜੀ. ਆਈ. ਮੈਨੇਜਮੈਂਟ ਨੂੰ ਰੋਬੋਟ ਦੀ ਖਰੀਦਦਾਰੀ ਦਾ ਪ੍ਰਸਤਾਵ ਸੌਂਪ ਦਿੱਤਾ ਹੈ। ਨਵਾਂ ਰੋਬੋਟ ਐਕਸ. ਆਈ. ਮਾਡਲ ਦਾ ਹੋਵੇਗਾ, ਜਦੋਂ ਕਿ ਪੁਰਾਣਾ ਐੱਸ. ਆਈ. ਮਾਡਲ ਸੀ।

ਫਾਰਸੇਪ ਤੋਂ ਲੈ ਕੇ ਨੀਡਲ ਹੋਲਡ ’ਤੇ 90 ਹਜ਼ਾਰ ਖਰਚਾ
ਪੀ. ਜੀ. ਆਈ. ਵਿਚ ਰੋਬੋਟਿਕ ਸਰਜਰੀ ਦੀ ਫ਼ੀਸ ਤਿੰਨ ਵਰਗਾਂ ਲਈ ਵੱਖ-ਵੱਖ ਹੈ। ਪੁਅਰ ਫ੍ਰੀ ਪੇਸ਼ੈਂਟ ਨੂੰ 10 ਹਜ਼ਾਰ ਫ਼ੀਸ ਦੇਣੀ ਪੈਂਦੀ ਹੈ। ਉਥੇ ਹੀ ਆਮ ਵਾਰਡ ਤੋਂ 30 ਹਜ਼ਾਰ, ਜਦੋਂ ਕਿ ਪ੍ਰਾਈਵੇਟ ਵਾਰਡ ਲਈ 60 ਹਜ਼ਾਰ ਰੁਪਏ ਫ਼ੀਸ ਲਈ ਜਾਂਦੀ ਹੈ। ਫ਼ੀਸ ਤੋਂ ਇਲਾਵਾ ਦਵਾਈਆਂ, ਆਈ. ਵੀ. ਸੈੱਟ, ਕੈਨੁਲਾ ਅਤੇ ਡਰਿੱਪ ਆਦਿ ਲਈ ਵੱਖਰੇ ਪੈਸੇ ਖਰਚ ਕਰਨੇ ਪੈਂਦੇ ਹਨ। 2013 ਵਿਚ ਪੀ. ਜੀ. ਆਈ. ਨੇ 33 ਕਰੋੜ ਵਿਚ ਰੋਬੋਟ ਖਰੀਦਿਆ ਸੀ। 33 ਕਰੋੜ ਵਿਚ ਰੋਬੋਟ, ਡਾਕਟਰ ਟ੍ਰੇਨਿੰਗ ਤੋਂ ਇਲਾਵਾ ਆਪ੍ਰੇਸ਼ਨ ਥਿਏਟਰ ਨਿਰਮਾਣ ਦਾ ਖਰਚ ਵੀ ਸ਼ਾਮਲ ਸੀ। ਹਰ ਸਰਜਰੀ ਵਿਚ ਰੋਬੋਟ ਦੀ ਬਾਂਹ ਵਿਚ 10 ਹਜ਼ਾਰ ਦੀ ਕੀਮਤ ਦਾ ਨਵਾਂ ਫਾਰਸੇਪ, 10 ਹਜ਼ਾਰ ਦਾ ਸੀਜ਼ਰ, 10 ਹਜ਼ਾਰ ਦਾ ਹੀ ਬਾਇਪੋਲਰ ਅਤੇ 10 ਹਜ਼ਾਰ ਦਾ ਹੀ ਮੋਨੋਪੋਲਰ ਫਾਰਸੇਪ, 10 ਹਜ਼ਾਰ ਦਾ ਨੀਡਲ ਹੋਲਡਰ ਤੇ 40 ਹਜ਼ਾਰ ਦੀ ਕੀਮਤ ਦਾ ਡਰੈਪ ਸੈੱਟ ਵਰਤਿਆ ਜਾਂਦਾ ਹੈ। 90 ਹਜ਼ਾਰ ਦੀਆਂ ਸਮੱਗਰੀਆਂ ਤੋਂ ਇਲਾਵਾ ਖਰੀਦਦਾਰੀ ’ਤੇ ਖਰਚੇ ਪੈਸਿਆਂ ਵਿਚ ਇਕ ਸਰਜਰੀ ’ਤੇ ਔਸਤ ਇਕ ਤੋਂ ਡੇਢ ਲੱਖ ਖਰਚ ਪੈਂਦਾ ਹੈ। ਬਿਜਲੀ, ਪਾਣੀ, ਆਕਸੀਜਨ ਅਤੇ ਹੋਰ ਗੈਸ, ਡਾਕਟਰਸ, ਨਰਸਿੰਗ ਸਟਾਫ਼, ਟੈਕਨੀਸ਼ੀਅਨ ਸਭ ਦੀ ਫ਼ੀਸ ਮਿਲਾ ਕੇ ਇਕ ਰੋਬੋਟਿਕ ਸਰਜਰੀ ’ਤੇ ਪੀ. ਜੀ. ਆਈ. ਦਾ ਢਾਈ ਲੱਖ ਖਰਚ ਆਉਂਦਾ ਹੈ।

ਇਹ ਵੀ ਪੜ੍ਹੋ : ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆਇਆ    

ਯੂਰੋਲਾਜੀ ਦੀਆਂ ਸਭ ਤੋਂ ਜ਼ਿਆਦਾ ਸਰਜਰੀਆਂ ਕੀਤੀਆਂ ਰੋਬੋਟ ਨੇ
ਯੂਰੋਲਾਜੀ ਵਿਭਾਗ ਦੇ ਐੱਚ. ਓ. ਡੀ. ਪ੍ਰੋ. ਉਤਮ ਮੈਟੇ ਦਾ ਕਹਿਣਾ ਹੈ ਕਿ ਇਕ ਰੋਬੋਟਿਕ ਸਰਜਰੀ ਲਈ ਕਰੀਬ ਢਾਈ ਲੱਖ ਰੁਪਏ ਖਰਚਾ ਆਉਂਦਾ ਹੈ, ਜਦਕਿ ਮਰੀਜ਼ਾਂ ਤੋਂ ਸਿਰਫ਼ 30 ਹਜ਼ਾਰ ਹੀ ਲਈ ਜਾਂਦੇ ਹਨ।
ਉਥੇ ਹੀ ਪ੍ਰਾਈਵੇਟ ਹਸਪਤਾਲ ਰੋਬੋਟਿਕ ਸਰਜਰੀ ਲਈ ਮਰੀਜ਼ਾਂ ਤੋਂ ਪੰਜ ਤੋਂ ਛੇ ਲੱਖ ਰੁਪਏ ਫ਼ੀਸ ਲੈਂਦੇ ਹਨ। ਪ੍ਰੋ. ਮੈਟੇ ਦਾ ਕਹਿਣਾ ਹੈ ਕਿ ਰੋਬੋਟ ਨੇ ਯੂਰੋਲਾਜੀ ਤੋਂ ਇਲਾਵਾ ਈ. ਐੱਨ. ਟੀ, ਗਾਇਨੀਕੋਲਾਜੀ ਅਤੇ ਪੈਡੀਐਟ੍ਰਿਕ ਡਿਪਾਰਟਮੈਂਟ ਦੇ ਆਪ੍ਰੇਸ਼ਨ ਕੀਤੇ। ਸਭ ਤੋਂ ਜ਼ਿਆਦਾ ਆਪ੍ਰੇਸ਼ਨ ਯੂਰੋਲਾਜੀ ਦੇ ਕੀਤੇ ਅਤੇ ਵੱਡੀ ਗਿਣਤੀ ਵਿਚ ਕਿਡਨੀ, ਪ੍ਰੋਸਟੇਟ ਤੇ ਬਲੈਡਰ ਟਿਊਮਰ ਕੱਢੇ। ਇਸ ਤੋਂ ਇਲਾਵਾ ਕਿਡਨੀ ਦੀ ਬੀਮਾਰੀ, ਯੂਰਿਨਰੀ ਟ੍ਰੈਕਟ ਡਿਸੀਜ਼ ਦੀ ਵੀ ਸਫ਼ਲ ਸਰਜਰੀ ਕੀਤੀ। ਰੋਬੋਟਿਕ ਸਰਜਰੀ ਦਾ ਸਭ ਤੋਂ ਜ਼ਿਆਦਾ ਫਾਇਦਾ ਇਸ ਲਈ ਹੁੰਦਾ ਹੈ ਕਿਉਂਕਿ ਉਸ ਦੇ ਹੱਥ ਉਸ ਹਿੱਸੇ ਵਿਚ ਵੀ ਪਹੁੰਚ ਜਾਂਦੇ ਹਨ, ਜਿੱਥੇ ਡਾਕਟਰ ਦੇ ਹੱਥ ਛੂਹ ਤਕ ਨਹੀਂ ਸਕਦੇ। 9 ਸਾਲਾਂ ਵਿਚ ਰੋਬੋਟ ਨੇ ਯੂਰੋਲਾਜੀ ਦੇ 2072, ਈ. ਐੱਨ. ਟੀ. ਦੇ 263, ਪੈਡੀਐਟ੍ਰਿਕ ਦੇ 152, ਜਦੋਂ ਕਿ ਗਾਇਨੀਕੋਲਾਜੀ ਦੇ 162 ਆਪ੍ਰੇਸ਼ਨ ਕੀਤੇ।

ਟ੍ਰੇਨਿੰਗ ਤੇ ਯੰਤਰ ਵੀ ਨਾਲ ਦਿੱਤੇ ਜਾਣਗੇ
ਪ੍ਰੋ. ਮੈਟੇ ਦਾ ਕਹਿਣਾ ਹੈ ਕਿ ਪੁਰਾਣੇ ਰੋਬੋਟ ਦਾ ਕੰਪਰੀਹੈਂਸਿਵ ਮੈਨਟੇਨੈਂਸ ਕੰਟਰੈਕਟ 2024 ਵਿਚ ਖ਼ਤਮ ਹੋਣ ਵਾਲਾ ਹੈ। ਪੁਰਾਣਾ ਰੋਬੋਟ 10 ਸਾਲ ਪੂਰੇ ਹੋਣ ਤੋਂ ਬਾਅਦ ਕਮਾਂਡ ਦੇਣ ’ਤੇ ਵੀ ਕੰਮ ਨਹੀਂ ਕਰੇਗਾ। ਅਜਿਹੇ ਵਿਚ ਪੀ. ਜੀ. ਆਈ. ਨੂੰ ਨਵਾਂ ਰੋਬੋਟ ਖ੍ਰੀਦਣਾ ਪਵੇਗਾ। ਇਸ ਲਈ ਪੀ. ਜੀ. ਆਈ. ਮੈਨੇਜਮੈਂਟ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ। ਉਮੀਦ ਹੈ ਕਿ ਪੁਰਾਣੇ ਰੋਬੋਟ ਦਾ ਕਾਰਜਕਾਲ ਖ਼ਤਮ ਹੋਣ ਤਕ ਨਵਾਂ ਰੋਬੋਟ ਮਿਲ ਜਾਵੇਗਾ। ਨਵਾਂ ਰੋਬੋਟ 31 ਕਰੋੜ ਰੁਪਏ ਵਿਚ ਮਿਲੇਗਾ, ਉਸ ਵਿਚ ਡਾਕਟਰਾਂ ਦੀ ਟ੍ਰੇਨਿੰਗ, 250 ਸਰਜਰੀ ਲਈ ਯੰਤਰ ਵੀ ਨਾਲ ਦਿੱਤੇ ਜਾਣਗੇ। ਖਰੀਦਦਾਰੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਿਚ ਸਮਾਂ ਲੱਗਦਾ ਹੈ, ਇਸ ਲਈ ਹੁਣੇ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਸ਼ੁਰੂਆਤ ’ਚ ਦੋ ਤੇ ਹੁਣ ਕਰ ਰਿਹੈ ਹਫਤੇ ’ਚ 5 ਸਰਜਰੀਆਂ
ਡਾ. ਮੈਟੇ ਦਾ ਕਹਿਣਾ ਹੈ ਕਿ ਰੋਬੋਟ ਇਕ ਦਿਨ ਵਿਚ ਤਿੰਨ ਸਰਜਰੀਆਂ ਕਰਦਾ ਹੈ। ਵੱਡਾ ਅਪ੍ਰੇਸ਼ਨ ਹੈ ਅਤੇ ਕਰੀਬ 11 ਘੰਟੇ ਲੱਗਣ ਵਾਲੇ ਹਨ, ਤਾਂ ਦਿਨ ਵਿਚ ਇਕ ਸਰਜਰੀ ਹੀ ਕਰਨੀ ਪੈਂਦੀ ਹੈ। ਸ਼ੁਰੂਆਤ ਵਿਚ ਹਫਤੇ ਵਿਚ ਦੋ ਦਿਨ ਰੋਬੋਟਿਕ ਸਰਜਰੀ ਕੀਤੀ ਜਾਂਦੀ ਸੀ। ਹੁਣ ਵਧਾ ਕੇ ਹਫ਼ਤੇ ਵਿਚ ਪੰਜ ਦਿਨ ਕਰ ਦਿੱਤਾ ਗਿਆ।

ਇਕ ਰੋਬੋਟਿਕ ਸਰਜਰੀ ’ਤੇ ਆਉਣ ਵਾਲਾ ਖਰਚ
ਸਾਮਾਨ- 90,000 ਰੁਪਏ
ਰੋਬੋਟ ਦਾ ਇਕ ਸਰਜਰੀ ’ਤੇ ਖਰਚ - 100000 ਰੁਪਏ
ਬਿਜਲੀ, ਪਾਣੀ, ਆਕਸੀਜਨ - 5000 ਰੁਪਏ
ਡਾਕਟਰ, ਨਰਸ, ਟੈਕਨੀਸ਼ੀਅਨ - 50000 ਰੁਪਏ
ਓ. ਟੀ. ਸੈਨੀਟਾਈਜੇਸ਼ਨ - 4000 ਰੁਪਏ

ਰੋਬੋਟਿਕ ਸਰਜਰੀ ਦੇ ਲਾਭ
1. ਰਿਵਾਇਤੀ ਸਰਜਰੀ ਦੇ ਮੁਕਾਬਲੇ ਘੱਟ ਚੀਰੇ
2. ਹਸਪਤਾਲ ਵਿਚ ਜਿਆਦਾ ਦਿਨ ਰਹਿਣ ਦੀ ਜ਼ਰੂਰਤ ਨਹੀਂ
3. ਸਰਜਰੀ ਤੋਂ ਬਾਅਦ ਘੱਟ ਦਰਦ
4. ਸਰਜਰੀ ਤੋਂ ਬਾਅਦ ਇਨਫੈਕਸ਼ਨ ਦੀ ਘੱਟ ਸੰਭਾਵਨਾ
5. ਖੂਨ ਦੀ ਕਮੀ ਦਾ ਨਹੀਂ ਰਹਿੰਦਾ ਜ਼ੌਖਮ

2013 ਵਿਚ ਆਇਆ
► 10 ਸਾਲ ਪੂਰੇ ਹੁੰਦਿਆਂ ਹੀ
►  ਰੋਬੋਟ ਦੀਆਂ ਬਾਂਹਾਂ ਡਾਕਟਰ ਦੀ ਕਮਾਂਡ (ਸੈਂਸਰ) ਮਿਲਣ ਦੇ ਬਾਵਜੂਦ ਕੰਮ ਨਹੀਂ ਕਰਨਗੀਆਂ
►  2649 ਸਰਜਰੀਆਂ 9 ਸਾਲਾਂ ਵਿਚ ਹੁਣ ਤਕ ਚੁੱਕਿਆ ਹੈ। ਦਿਨ-ਰਾਤ ਕਰ ਸਕਦਾ ਸੀ ਕੰਮ। ਹਫਤੇ ਵਿਚ 5 ਦਿਨ ਕੀਤਾ।

2.5 ਲੱਖ ਖਰਚਾ
ਹਰ ਸਰਜਰੀ ’ਤੇ ਮਰੀਜ਼ ਤੋਂ ਲਏ ਜਾਂਦੇ ਹਨ ਸਿਰਫ 30000, ਬਾਕੀ ਰਾਸ਼ੀ ਪੀ. ਜੀ. ਆਈ. ਦਿੰਦਾ ਹੈ।

ਪੀ. ਜੀ. ਆਈ. ਦੀ ਰੋਬੋਟਿਕ ਸਰਜਰੀ ਦੀ ਫੀਸ

ਪੁਅਰ ਫਰੀ 10000 ਰੁਪਏ
ਜਨਰਲ ਵਾਰਡ 30000 ਰੁਪਏ
ਪ੍ਰਾਈਵੇਟ ਵਾਰਡ 60000 ਰੁਪਏ

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕੀਤਾ : ਚੁਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Anuradha

Content Editor

Related News