31,000 ਕਰੋਡ਼ ਦੇ ਅਨਾਜ ਘਪਲੇ ’ਚ ਬਾਦਲਾਂ ਨੂੰ ਸ਼ਰੇਆਮ ਬਚਾ ਰਹੇ ਕੈਪਟਨ : ਸੰਧਵਾਂ

Saturday, Mar 07, 2020 - 08:27 PM (IST)

ਚੰਡੀਗਡ਼੍ਹ, (ਸ਼ਰਮਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈ. ਅਮਰਿੰਦਰ ਸਿੰਘ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕਣਕ ਦੀ ਖਰੀਦ ਲਈ ਆਏ 31000 ਕਰੋਡ਼ ਰੁਪਏ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਬਾਦਲ ਪਰਿਵਾਰ ਨੂੰ ਸ਼ਰੇਆਮ ਬਚਾ ਰਹੇ ਹਨ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਕਰਡ਼ੇ ਹੱਥੀਂ ਲੈਂਦਿਆਂ ਪੁੱਛਿਆ ਕਿ ਕੀ ਸਿਰਫ ਵਿਧਾਨ ਸਭਾ ’ਚ ਬਿਆਨ ਦਾਗ ਕੇ ਪੰਜਾਬ ਅਤੇ ਪੰਜਾਬੀਆਂ ਸਿਰ ਰਾਤੋਂ-ਰਾਤ ਚਡ਼੍ਹਾਏ 31,000 ਹਜ਼ਾਰ ਕਰੋਡ਼ ਦੇ ਵਾਧੂ ਕਰਜ਼ੇ ਦਾ ਮਸਲਾ ਹੱਲ ਹੋ ਜਾਵੇਗਾ? ਕੀ ਕੈਪਟਨ ਸਰਕਾਰ ਨੂੰ ਹੁਣ ਤੱਕ ਇਸ ਸਭ ਤੋਂ ਵੱਡੇ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬਾਦਲ ਪਰਿਵਾਰ ਨਾਲ ਸਬੰਧਿਤ ਦੋਸ਼ੀ ਮੈਂਬਰਾਂ ਨੂੰ ਕਟਹਿਰੇ ’ਚ ਖਡ਼੍ਹਾ ਨਹੀਂ ਕਰਨਾ ਚਾਹੀਦਾ ਸੀ? ਸੰਧਵਾਂ ਨੇ ਕਿਹਾ ਕਿ ਕਾਰਵਾਈ ਇਸ ਕਰ ਕੇ ਨਹੀਂ ਕੀਤੀ ਗਈ ਕਿਉਂਕਿ ਬਾਦਲ ਅਤੇ ਕੈਪਟਨ ਆਪਸ ’ਚ ਰਲੇ ਹੋਏ ਹਨ ਅਤੇ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਹਨ। ਸੰਧਵਾਂ ਨੇ ਕਿਹਾ ਕਿ ਜਦ ਬਾਦਲ ਦਲ ਦੇ ਆਗੂ ਪਿੰਡਾਂ ’ਚ ਆਉਣ ਤਾਂ ਉਨ੍ਹਾਂ ਨੂੰ ਲੋਕ ਸੱਥ ’ਚ ਖਡ਼੍ਹਾ ਕਰ ਕੇ ਇਨ੍ਹਾਂ ਸਵਾਲਾਂ ਦਾ ਜਵਾਬ ਮੰਗਣ ਕਿ ਉਨ੍ਹਾਂ ਨੇ 31,000 ਕਰੋਡ਼ ਦਾ ਹਿਸਾਬ ਸੈਂਟਰ ਨੂੰ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦ 31 ਹਜ਼ਾਰ ਕਰੋਡ਼ ਦੀ ਜਿਣਸ ਪੂਰੀ ਨਾ ਹੋਈ ਤਾਂ ਬਾਦਲ ਸਰਕਾਰ ਨੇ ਉਸ ਰਕਮ ਜਾਂ ਜਿਣਸ ਨੂੰ ਪੂਰਾ ਕਰਨ ਬਜਾਏ 31,000 ਕਰੋਡ਼ ਪੰਜਾਬ ਸਿਰ ਕਰਜ਼ੇ ਦੇ ਰੂਪ ’ਚ ਲਿਖਵਾ ਲਿਆ, ਜਿਸ ਦੇ ਸਮੇਤ ਵਿਆਜ ਲਗਭਗ 57000 ਕਰੋਡ਼ ਰੁਪਏ ਪੰਜਾਬ ਨੂੰ ਭਰਨੇ ਪੈਣਗੇ।

ਦੂਸਰੇ ਪਾਸੇ ਕੈਪਟਨ ਸਰਕਾਰ ਦੇ ਮੰਤਰੀ ਸਾਹਿਬਾਨ ਅੰਕਡ਼ੇ ਦੇ ਕੇ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਤਾਂ ਦੇ ਰਹੇ ਨੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬੇਵੱਸ ਕਿਉਂ ਦਿਖਾਈ ਦੇ ਰਹੇ ਹਨ? ਜਦ ਸਰਕਾਰ ਉਸ ਕਰਜ਼ੇ ਦੀਆਂ ਕਿਸ਼ਤਾਂ ਅਤੇ ਵਿਆਜ ਭਰ ਰਹੀ ਹੈ ਤਾਂ ਉਸ 31000 ਕਰੋਡ਼ ਨੂੰ ਖ਼ੁਰਦ-ਬੁਰਦ ਕਰਨ ਵਾਲਿਆਂ ਨੂੰ ਫਡ਼ ਕੇ ਉਨ੍ਹਾਂ ਤੋਂ ਲੁੱਟਿਆ ਪੈਸਾ ਕਿਉਂ ਨਹੀਂ ਕਢਵਾ ਰਹੀ? ਕਿਉਂ ਨਹੀਂ ਇਹ ਲੁਟੇਰੇ ਜੇਲਾਂ ’ਚ ਸੁੱਟੇ ਗਏ? ਮਤਲਬ ਸਾਫ਼ ਹੈ ਕਿ ਬਾਦਲ ਕੈਪਟਨ ਰਲੇ ਹੋਏ ਹਨ।


Bharat Thapa

Content Editor

Related News