30 ਸਾਲ ਪੁਰਾਣਾ ਕੇਸ : ਇਕ ਪੁਲਸ ਕਰਮਚਾਰੀ ਨੂੰ 5 ਤੇ ਦੂਸਰੇ ਨੂੰ 3 ਸਾਲ ਦੀ ਸੁਣਾਈ ਸਜ਼ਾ

Friday, Mar 17, 2023 - 06:13 PM (IST)

30 ਸਾਲ ਪੁਰਾਣਾ ਕੇਸ : ਇਕ ਪੁਲਸ ਕਰਮਚਾਰੀ ਨੂੰ 5 ਤੇ ਦੂਸਰੇ ਨੂੰ 3 ਸਾਲ ਦੀ ਸੁਣਾਈ ਸਜ਼ਾ

ਮੋਹਾਲੀ (ਸੰਦੀਪ) : ਇਕ ਬੈਂਕ ਮੁਲਾਜ਼ਮ ਨੂੰ ਅਗਵਾ ਕਰ ਕੇ ਹਿਰਾਸਤ ’ਚ ਰੱਖਣ ਅਤੇ ਫਿਰ ਉਸ ਨੂੰ ਲਾਪਤਾ ਕੀਤੇ ਜਾਣ ਨਾਲ ਸਬੰਧਤ 30 ਸਾਲ ਪੁਰਾਣੇ ਮਾਮਲੇ ’ਚ ਸੀ. ਬੀ. ਆਈ. ਕੋਰਟ ਨੇ 2 ਪੁਲਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਹੈ। ਕੇਸ ’ਚ ਤੀਸਰੇ ਮੁਲਾਜ਼ਮ ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ। ਪੁਲਸ ਮੁਲਾਜ਼ਮ ਜਰਨੈਲ ਸਿੰਘ (53) ਨੂੰ 5 ਅਤੇ ਮੁਲਜ਼ਮ ਸੂਬਾ ਸਿੰਘ (82) ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਤੀਸਰੇ ਮੁਲਜ਼ਮ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਹੈ। ਮੁਲਜ਼ਮਾਂ ’ਤੇ ਕੁਲਦੀਪ ਸਿੰਘ ਨੂੰ ਅਗਵਾ ਕਰਨ, ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਉਸ ਨੂੰ ਲਾਪਤਾ ਕਰਨ ਦਾ ਦੋਸ਼ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ 10 ਬਲਾਕਾਂ ਲਈ ਵੱਡੀ ਖੁਸ਼ਖ਼ਬਰੀ

2005 ’ਚ ਪੇਸ਼ ਕੀਤਾ ਗਿਆ ਸੀ ਚਲਾਨ
ਫਰਜ਼ੀ ਰਿਕਾਰਡ ਤਿਆਰ ਕਰ ਕੇ 6 ਲੋਕਾਂ ਨੂੰ ਮਰਿਆ ਹੋਇਆ ਦਿਖਾਇਆ, ਗਲਤ ਤਰੀਕ ਨਾਲ ਕੁਲਦੀਪ ਦੀ ਲਾਸ਼ ਵੀ ਦਿਖਾਈ ਵਕੀਲ ਨੇ ਦੱਸਿਆ ਕਿ ਕੁਲਦੀਪ ਸਿੰਘ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ (ਏ. ਸੀ. ਸੀ. ਬੀ.) ਦਾ ਮੁਲਾਜ਼ਮ ਸੀ। ਉਸ ਸਮੇਂ ਦੇ ਇੰਸਪੈਕਟਰ ਗੁਰਦੇਵ ਸਿੰਘ, ਜੋ ਸੀ. ਆਈ. ਏ. ਸਟਾਫ਼ ਦਾ ਇੰਚਾਰਜ ਸੀ, ਨੇ ਪੁਲਸ ਪਾਰਟੀ ਨਾਲ ਅੰਮ੍ਰਿਤਸਰ ਸਰਕੁਲਰ ਰੋਡ ’ਤੇ ਏ. ਸੀ. ਸੀ. ਬੀ. ਦੇ ਚੇਅਰਮੈਨ ਦੇ ਘਰ ਰੇਡ ਕਰ ਕੇ ਉਸ ਦੇ ਦੋ ਗੰਨਮੈਨਾਂ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਪੁਲਸ ਪਾਰਟੀ ਨੇ ਲਾਰੈਂਸ ਰੋਡ ਅੰਮ੍ਰਿਤਸਰ ਵਿਚ ਹੋਰ ਘਰ ’ਤੇ ਰੇਡ ਕੀਤੀ ਅਤੇ ਉਥੋਂ ਕੁਲਦੀਪ ਸਿੰਘ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ। ਪੁਲਸ ਪਾਰਟੀ ਨੇ ਕਰਤਾਰ ਸਿੰਘ ਅਤੇ ਜਸਵੰਤ ਸਿੰਘ ਨੂੰ ਉਸੇ ਦੌਰਾਨ ਛੱਡ ਦਿੱਤਾ, ਜਦੋਂ ਕਿ ਬਾਕੀ ਨੂੰ ਨਾਲ ਲੈ ਗਏ। ਪੁਲਸ ਨੇ ਇਕ-ਇਕ ਕਰ ਕੇ ਛੱਡਣ ਵਿਚ ਕਈ ਦਿਨ ਲਾ ਦਿੱਤੇ ਪਰ ਕੁਲਦੀਪ ਨੂੰ ਨਹੀਂ ਛੱਡਿਆ ਗਿਆ। ਸੀ. ਆਈ. ਏ. ਸਟਾਫ਼ ਤਰਨਤਾਰਨ ਵਿਚ ਆਖਰੀ ਵਾਰ 4 ਜੁਲਾਈ 1992 ਨੂੰ ਉਸਨੂੰ ਵੇਖਿਆ ਗਿਆ ਸੀ। 6 ਜੁਲਾਈ 1992 ਨੂੰ ਕੁਲਦੀਪ ਦੇ ਘਰ ਦੁਬਾਰਾ ਪੁਲਸ ਰੇਡ ਹੋਈ, ਜਿਸ ਵਿਚ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਕੁਲਦੀਪ ਸਿੰਘ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ ਹੈ। ਐੱਸ. ਐੱਚ. ਓ. ਵੋਲੇਵਾਲ ਨੇ ਫਰਜ਼ੀ ਰਿਕਾਰਡ ਤਿਆਰ ਕੀਤਾ, ਜਿਸ ਵਿਚ 6 ਵਿਅਕਤੀਆਂ ਨੂੰ ਮ੍ਰਿਤਕ ਦਿਖਾਇਆ ਗਿਆ। ਉਸ ਮੁਕਾਬਲੇ ਵਿਚ ਦਿਖਾਏ ਗਏ ਅਣਪਛਾਤੇ ਵਿਅਕਤੀ ਨੂੰ ਕੁਲਦੀਪ ਸਿੰਘ ਦੀ ਲਾਸ਼ ਵਜੋਂ ਗਲਤ ਤਰੀਕੇ ਨਾਲ ਦਿਖਾਇਆ ਸੀ, ਜਦੋਂ ਕਿ ਅਸਲ ਵਿਚ ਲਾਸ਼ ਹੁਣ ਤਕ ਨਹੀਂ ਮਿਲੀ ਹੈ। ਇਹ ਕੇਸ 2001 ਵਿਚ ਸੀ. ਬੀ. ਆਈ. ਕੋਲ ਆਇਆ ਸੀ। ਸੀ. ਬੀ. ਆਈ. ਨੇ 2005 ’ਚ ਕੇਸ ਸਬੰਧੀ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਪਾਵਰਕਾਮ ਦਾ ਕਾਰਨਾਮਾ : ਪਹਿਲਾ ਜ਼ੀਰੋ, ਦੂਜਾ ਬਿੱਲ ਭੇਜਿਆ 1 ਲੱਖ 2000 ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News