ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਨਗਰ ਨਿਗਮ ਦੇ ਜੇ. ਈ. ਨੂੰ ਲੁੱਟਿਆ
Monday, Jan 22, 2018 - 07:33 AM (IST)

ਲੁਧਿਆਣਾ, (ਰਿਸ਼ੀ)- ਸ਼ਨੀਵਾਰ ਦੇਰ ਰਾਤ ਸ਼ਿੰਗਾਰ ਸਿਨੇਮਾ ਰੋਡ 'ਤੇ ਬਲੈਕ ਰੰਗ ਦੇ ਬਿਨਾਂ ਨੰਬਰ ਪਲੇਟ ਮੋਟਰਸਾਈਕਲ 'ਤੇ ਆਏ 3 ਹਥਿਆਰਬੰਦ ਨੌਜਵਾਨਾਂ ਨੇ ਨਗਰ ਨਿਗਮ ਦੇ ਜੇ. ਈ. ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਹ ਕੋਲੋਂ 5 ਹਜ਼ਾਰ ਰੁਪਏ, ਮੋਬਾਇਲ, ਘੜੀ ਅਤੇ ਹੋਰ ਸਾਮਾਨ ਲੁੱਟ ਲਿਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜੇ. ਈ. ਅਵਨੀਤ ਸਿੰਘ ਨਿਵਾਸੀ ਸੈਕਟਰ-39 ਚੰਡੀਗੜ੍ਹ ਰੋਡ ਨੇ ਦੱਸਿਆ ਕਿ 19 ਜਨਵਰੀ ਰਾਤ ਨੂੰ ਉਸ ਦੀ ਡਿਊਟੀ ਨਗਰ ਨਿਗਮ ਦੇ ਸਬ-ਜ਼ੋਨ ਬੀ. ਵਿਚ ਸੀ।
ਉਨ੍ਹਾਂ ਦੱਸਿਆ ਕਿ ਧਰਮਪੁਰਾ ਪੁਲੀ ਕੋਲ ਉਨ੍ਹਾਂ ਦਾ ਕੰਮ ਚੱਲ ਰਿਹਾ ਹੈ। ਰਾਤ ਕਰੀਬ 2:00 ਵਜੇ ਉਹ ਸ਼ਿੰਗਾਰ ਸਿਨੇਮਾ, ਗੰਦੇ ਨਾਲੇ ਦੀ ਪੁਲੀ 'ਤੇ ਮੋਟਰ ਚੈੱਕ ਕਰਨ ਗਿਆ ਸੀ। ਵਰਕਰ ਹੇਠਾਂ ਜਾ ਕੇ ਮੋਟਰ ਚੈੱਕ ਕਰਨ ਲੱਗਾ, ਇਸ ਦੌਰਾਨ ਮੋਟਰਸਾਈਕਲ ਸਵਾਰ 3 ਹਥਿਆਰਬੰਦ ਨੌਜਵਾਨ ਉਸ ਕੋਲ ਆਏ ਅਤੇ ਹਥਿਆਰਾਂ ਦੇ ਬਲ 'ਤੇ ਕੀਮਤੀ ਸਾਮਾਨ ਸਮੇਤ ਜ਼ਰੂਰੀ ਕਾਗਜ਼ਾਤ ਲੈ ਗਏ, ਜਿਸ ਤੋਂ ਬਾਅਦ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।