ਹਵਾ 'ਚ ਲਟਕਣ ਲੱਗਾ 3 ਮੰਜ਼ਿਲਾ ਮਕਾਨ, ਸੀਨ ਦੇਖ ਘਰ ਵਾਲਿਆਂ ਦੀਆਂ ਅੱਖਾਂ ਅੱਗੇ ਛਾਇਆ ਹਨ੍ਹੇਰ (ਤਸਵੀਰਾਂ)
Wednesday, Jun 09, 2021 - 10:41 AM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਗੰਦੇ ਨਾਲੇ ਨੂੰ ਕਵਰ ਕਰਨ ਲੱਗਿਆਂ ਚੱਲ ਰਹੇ ਕੰਮ ਦੌਰਾਨ ਸਰਕਾਰੀ ਮਹਿੰਦਰਾ ਕਾਲਜ ਸਾਹਮਣੇ ਇਕ 3 ਮੰਜ਼ਿਲਾਂ ਆਲੀਸ਼ਾਨ ਮਕਾਨ ਹਵਾ ’ਚ ਹੀ ਲਟਕ ਗਿਆ। ਦੂਜੇ ਦੀ ਨੀਂਹ ਕੱਢ ਦਿੱਤੀ ਗਈ ਅਤੇ ਇਕ ਮਕਾਨ ’ਚ ਤਰੇੜਾਂ ਆ ਗਈਆਂ। ਮਕਾਨ ਮਾਲਕ ਗੁਰਮੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਜੇ. ਸੀ. ਬੀ. ਨੇ ਉਨ੍ਹਾਂ ਦੇ ਮਕਾਨ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਜਿਸ ਨਾਲ ਮਕਾਨ ਦਾ ਇਕ ਹਿੱਸਾ ਹਵਾ ’ਚ ਲਟਕ ਗਿਆ। ਜਦੋਂ ਉਨ੍ਹਾਂ ਆਵਾਜ਼ ਸੁਣੀ ਤਾਂ ਜੇ. ਸੀ. ਬੀ. ਵਾਲੇ ਨੂੰ ਰੋਕਿਆ ਤਾਂ ਉਦੋਂ ਤੱਕ ਤਾਂ ਵੱਡਾ ਹਿੱਸਾ ਥੱਲੋਂ ਕੱਢਿਆ ਜਾ ਚੁੱਕਿਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅੱਧਾ ਹਿੱਸਾ ਡਿੱਗਣ ਨੂੰ ਤਿਆਰ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ਸਮਾਨ ਬਾਹਰ ਕੱਢਿਆ ਅਤੇ ਆਪ ਵੀ ਸਾਰੀ ਰਾਤ ਮਕਾਨ ਤੋਂ ਬਾਹਰ ਰਹੇ ਪਰ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ।
ਇਹ ਵੀ ਪੜ੍ਹੋ : ਪੰਜਾਬ 'ਚ ਸਿਆਸੀ ਹਲਚਲ ਤੇਜ਼, 3 ਮੈਂਬਰੀ ਕਮੇਟੀ ਅੱਜ ਸੌਂਪ ਸਕਦੀ ਹੈ ਸੋਨੀਆ ਗਾਂਧੀ ਨੂੰ ਰਿਪੋਰਟ
ਉਨ੍ਹਾਂ ਦੱਸਿਆ ਕਿ ਮਕਾਨ ਦੀ ਹਾਲਤ ਇਹ ਹੋ ਗਈ ਕਿ ਉਹ ਅੰਦਰ ਵੀ ਨਹੀਂ ਜਾ ਸਕਦੇ, ਕਿਉਂਕਿ ਉਨ੍ਹਾਂ ਦਾ ਮਕਾਨ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਅਤੇ ਜਾਨੀ ਨੁਕਸਾਨ ਹੋ ਸਕਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੁਣਵਾਈ ਕਰਨ ਦੀ ਬਜਾਏ ਉਨ੍ਹਾਂ ਦੇ 30 ਸਾਲ ਪੁਰਾਣੇ ਘਰ ਨੂੰ ਹੀ ਨਾਜਾਇਜ਼ ਦੱਸਿਆ ਜਾ ਰਿਹਾ ਹੈ। ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਭਾਰਤੀ ਫ਼ੌਜ ’ਚ ਸੇਵਾ ਕੀਤੀ ਅਤੇ ਸਾਰੀ ਜ਼ਿੰਦਗੀ ’ਚ ਮਕਾਨ ਬਣਾਇਆ। ਹੁਣ ਨਗਰ ਨਿਗਮ ਅਤੇ ਠੇਕੇਦਾਰ ਦੀ ਇਸ ਕਾਰਵਾਈ ਨੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ। ਦੇਸ਼ ਦੀ ਸੇਵਾ ਕਰਨ ਦਾ ਬੁਢਾਪੇ ’ਚ ਇਹ ਫਲ ਮਿਲੇਗਾ, ਇਹ ਸੋਚ ਕੇ ਅੱਖਾਂ ਅੱਗੇ ਹਨ੍ਹੇਰਾ ਆ ਜਾਂਦਾ ਹੈ।
ਇਹ ਵੀ ਪੜ੍ਹੋ : 'ਫ਼ੌਜ' 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, 5 ਜ਼ਿਲ੍ਹਿਆਂ 'ਚ ਰਜਿਸਟ੍ਰੇਸ਼ਨ ਸ਼ੁਰੂ
ਲੋਕਾਂ ਨੇ ਨਿਗਮ ਤੇ ਠੇਕੇਦਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਠੇਕੇਦਾਰ ਤੇ ਨਗਰ ਨਿਗਮ ਵੱਲੋਂ ਬੇਪਰਵਾਹੀ ਨਾਲ ਕੰਮ ਕਰਨ ਦੇ ਵਿਰੋਧ ’ਚ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਉਨ੍ਹਾਂ ਨੇ ਠੇਕੇਦਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਿਹੜਾ ਨੁਕਸਾਨ ਹੋਇਆ ਹੈ, ਉਸ ਦੇ ਲਈ ਮੁਆਵਜ਼ਾ ਦਿੱਤਾ ਜਾਵੇ ਪਰ ਉਲਟਾ ਠੇਕੇਦਾਰ ਅਤੇ ਸੁਪਰਵਾਈਜ਼ਰ ਆ ਕੇ ਉਨ੍ਹਾਂ ਨੂੰ ਦਬਕੇ ਮਾਰ ਰਹੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਖ਼ਰ ਕਿੱਥੇ ਜਾਣ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਬੇਘਰ ਕਰਨਾ ਹੈ ਤਾਂ ਫਿਰ ਵੈਸੇ ਹੀ ਆ ਕੇ ਕਹਿ ਦੇਣ, ਉਹ ਲੋਕ ਪਟਿਆਲਾ ਸ਼ਹਿਰ ਛੱਡ ਕੇ ਚਲੇ ਜਾਣਗੇ ਕਿਉਂਕਿ ਇੱਥੇ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਇਸ ਮੌਕੇ ਸੁਰੇਸ਼ ਸ਼ਰਮਾ, ਕਾਲਾ, ਨਰੇਸ਼ ਨੱਥੀਆ, ਕਮਲ ਕੁਮਾਰ, ਮੰਗਲ ਸਿੰਘ, ਬਲਵੰਤ ਕੁਮਾਰ, ਰਾਮ ਯਾਦਵ, ਸੁਨੀਤਾ ਆਦਿ ਵੀ ਹਾਜ਼ਰ ਸਨ।
ਠੇਕੇਦਾਰ ਅਤੇ ਸੁਪਰਵਾਈਜ਼ਰ ਨੇ ਦੱਸਿਆ ਨਗਰ ਨਿਗਮ ਨੂੰ ਜ਼ਿੰਮੇਵਾਰ
ਠੇਕੇਦਾਰ ਬ੍ਰਿਜ ਲਾਲ ਅਤੇ ਸੁਪਰਵਾਈਜ਼ਰ ਨੇ ਇਸ ਦੇ ਲਈ ਨਗਰ ਨਿਗਮ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਹੜਾ ਵਰਕ ਆਰਡਰ ਜਾਰੀ ਕੀਤਾ ਗਿਆ ਹੈ, ਉਸ ਮੁਤਾਬਕ ਕੰਮ ਕਰ ਰਹੇ ਹਨ। ਉਨ੍ਹਾਂ ’ਤੇ ਕੰਮ ਤੇਜ਼ ਕਰਨ ਲਈ ਬੀਬਾ ਜੈਇੰਦਰ ਕੌਰ ਵੱਲੋਂ ਦਬਾਅ ਬਣਾਇਆ ਗਿਆ ਸੀ ਕਿ 25 ਜੂਨ ਤੱਕ ਕੰਮ ਖ਼ਤਮ ਕਰਨਾ ਹੈ। ਇਸ ’ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਉਹ ਤਾਂ ਦਿੱਤੀ ਨਿਸ਼ਾਨਦੇਹੀ ’ਤੇ ਕੰਮ ਕਰ ਰਹੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ