ਪਾਕਿਸਤਾਨ ਤੋਂ ਆਏ ਨਗਰ ਕੀਰਤਨ ''ਚ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ 3 ਗ੍ਰਿਫ਼ਤਾਰ

Tuesday, Aug 06, 2019 - 07:13 PM (IST)

ਗੁਰਦਾਸਪੁਰ,(ਵਿਨੋਦ, ਹਰਮਨਪ੍ਰੀਤ): ਸਿਟੀ ਪੁਲਸ ਗੁਰਦਾਸਪੁਰ ਨੇ ਪਾਕਿਸਤਾਨ ਤੋਂ ਆਏ ਨਗਰ ਕੀਰਤਨ 'ਚ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਇਕ ਗਿਰੋਹ ਦੇ ਦੋ ਮੈਂਬਰਾਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਤੋਂ ਨਗਰ ਕੀਰਤਨ 'ਚ ਲੋਕਾਂ ਦੀਆਂ ਜੇਬਾਂ ਤੋਂ ਕੱਢੇ ਮੋਬਾਇਲ ਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਸੋਮਨਾਥ ਨੇ ਪੁਰਾਣੀ ਅਨਾਜ ਮੰਡੀ ਦੇ ਕੋਲ ਪੁਲਸ ਪਾਰਟੀ ਦੇ ਨਾਲ ਨਾਕਾ ਲਾਇਆ ਹੋਇਆ ਸੀ ਤਾਂ ਇਕ ਐਕਟਿਵਾ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਦੋਸ਼ੀ ਕੁੱਝ ਘਬਰਾ ਗਿਆ ਅਤੇ ਉਸ ਨੇ ਆਪਣੀ ਪਛਾਣ ਹਿਤੇਸ਼ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਮੁਸਤਫਾਬਾਦ ਅੰਮ੍ਰਿਤਸਰ ਦੱਸੀ। ਉਸ ਦੀ ਤਲਾਸ਼ੀ ਲੈਣ 'ਤੇ ਉਸ ਤੋਂ 33000 ਰੁਪਏ ਨਕਦ ਸਮੇਤ ਇਕ ਏ.ਟੀ.ਐੱਮ. ਕਾਰਡ, ਇਕ ਡਰਾਈਵਿੰਗ ਲਾਇਸੈਂਸ ਤੇ ਦੋ ਆਧਾਰ ਕਾਰਡ ਬਰਾਮਦ ਹੋਏ। 
ਦੋਸ਼ੀ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਉਸ ਨੇ 4 ਅਗਸਤ ਨੂੰ ਪਾਕਿਸਤਾਨ ਤੋਂ ਆਏ ਨਗਰ ਕੀਰਤਨ ਸਬੰਧੀ ਬਰਿਆਰ ਬਾਈਪਾਸ ਦੇ ਕੋਲ ਲੱਗੇ ਇਕ ਲੰਗਰ ਤੋਂ ਅਮਰੀਕ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਗਾਦੜੀਆ ਦੀ ਜੇਬ ਤੋਂ ਕੱਢਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਰੱਖਿਆ ਹੈ। ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਧਰਮਜੀਤ ਸਿੰਘ ਸਹਾਇਕ ਸਬ-ਇੰਸਪੈਕਟਰ ਨੇ ਪੁਲਸ ਪਾਰਟੀ ਨਾਲ ਰੇਲਵੇ ਫਾਟਕ ਕੋਲ ਨਾਕਾ ਲਾ ਰੱਖਿਆ ਸੀ ਤਾਂ ਇਕ ਐਕਟਿਵਾ 'ਤੇ ਦੋ ਵਿਅਕਤੀ ਆ ਰਹੇ ਸੀ ਤਾਂ ਉਨ੍ਹਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ ਕੀਤੀ, ਤਾਂ ਉਨ੍ਹਾਂ 'ਤੇ ਕਾਬੂ ਪਾ ਕੇ ਤਲਾਸ਼ੀ ਲਈ ਤਾਂ ਇਕ ਦੋਸ਼ੀ ਜਸਬੀਰ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਮੋਹਕਮਪੁਰਾ ਅੰਮ੍ਰਿਤਸਰ ਤੋਂ ਚਾਰ ਮੋਬਾਇਲ ਅਤੇ ਇਕ ਹਜ਼ਾਰ ਰੁਪਏ ਬਰਾਮਦ ਹੋਏ। ਜਦਕਿ ਦੂਜੇ ਦੋਸ਼ੀ ਸਤਨਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਰਸੂਲਪੁਰ ਕਲੇੜ ਅੰਮ੍ਰਿਤਸਰ ਤੋਂ ਚਾਰ ਮੋਬਾਇਲ ਅਤੇ 980 ਰੁਪਏ ਬਰਾਮਦ ਹੋਏ। ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਇਹ ਮੋਬਾਇਲ ਅਤੇ ਰਾਸ਼ੀ ਉਨ੍ਹਾਂ ਨੇ ਪਾਕਿਸਤਾਨ ਤੋਂ ਆਏ ਨਗਰ ਕੀਰਤਨ ਦੇ ਸਮੇਂ ਲੋਕਾਂ ਦੀਆਂ ਜੇਬਾਂ ਤੋਂ ਕੱਢੇ ਸੀ ਅਤੇ ਮੋਬਾਇਲ ਵੇਚਣ ਲਈ ਗਾਹਕਾਂ ਦੀ ਤਲਾਸ਼ ਕਰ ਰਹੇ ਸੀ ਕਿ ਫੜੇ ਗਏ। ਪੁਲਸ ਅਧਿਕਾਰੀਆਂ ਦੇ ਅਨੁਸਾਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News