ਬੈਂਕ ਨਾਲ ਡੇਢ ਕਰੋੜ ਦੀ ਧੋਖਾਦੇਹੀ ਕਰਨ ਦੇ ਮਾਮਲੇ ''ਚ 3 ਨਾਮਜ਼ਦ
Saturday, Aug 12, 2017 - 01:02 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ, ਜਗਸੀਰ)- ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਦੇਹੀ ਦੇ ਮਾਮਲੇ 'ਚ ਮੈਨੇਜਰ ਦਲਜੀਤ ਸਿੰਘ ਦੇ ਬਿਆਨਾਂ 'ਤੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਫਰਮ ਮੈਸਰਜ਼ ਗਰਗ ਇੰਡਸਟਰੀ ਜਿਸ ਦੇ ਮਾਲਕ ਰਜਿੰਦਰ ਗਰਗ ਤੇ ਕਰਜ਼ਦਾਰ ਉਸ ਦੀ ਪਤਨੀ ਰਜਨੀ ਗਰਗ ਨੇ 3 ਅਗਸਤ, 2015 ਨੂੰ ਪੰਜਾਬ ਨੈਸ਼ਨਲ ਬੈਂਕ ਨਿਹਾਲ ਸਿੰਘ ਵਾਲਾ ਤੋਂ ਗਾਰੰਟਿਡ ਮੁਨੀਸ਼ ਗਰਗ ਰਾਹੀਂ 80 ਲੱਖ ਦਾ ਕਰਜ਼ਾ ਲਿਆ ਸੀ ਤੇ 28 ਅਗਸਤ, 2015 ਨੂੰ ਮੈਸਰਜ਼ ਰਾਧਾ ਕ੍ਰਿਸ਼ਨ ਜਿਊਲਰਜ਼ ਜਿਸ ਦੇ ਮਾਲਕ ਮੁਨੀਸ਼ ਗਰਗ ਅਤੇ ਕਰਜ਼ਦਾਰ ਉਸ ਦੀ ਪਤਨੀ ਮੇਘਾ ਗਰਗ ਨੇ ਗਾਰੰਟਿਡ ਰਜਨੀਸ਼ ਗਰਗ ਪੁੱਤਰ ਬਲਦੇਵ ਕ੍ਰਿਸ਼ਨ ਰਾਹੀਂ ਪੰਜਾਬ ਨੈਸ਼ਨਲ ਬੈਂਕ ਨਿਹਾਲ ਸਿੰਘ ਵਾਲਾ ਤੋਂ 80 ਲੱਖ ਦਾ ਕਰਜ਼ਾ ਲਿਆ ਸੀ, ਕਰਜ਼ੇ ਦੀ ਜ਼ਮਾਨਤ ਵਜੋਂ ਰਜਨੀਸ਼ ਗਰਗ ਨੇ ਆਪਣੀ ਜਾਇਦਾਦ ਬੈਂਕ ਕੋਲ ਗਹਿਣੇ ਰੱਖੀ ਹੋਈ ਸੀ ਪਰ ਬੈਂਕ ਦੇ ਲੋਨ ਅਧਿਕਾਰੀ ਨਰੇਸ਼ ਕੁਮਾਰ ਪੱਬੀ ਪੁੱਤਰ ਸਰੂਪ ਚੰਦ ਵੱਲੋਂ ਮੈਨੇਜਰ ਦੇ ਵਾਰ-ਵਾਰ ਕਹਿਣ 'ਤੇ ਵੀ ਬੈਂਕ ਕੋਲ ਗਹਿਣੇ ਪਈ ਜ਼ਮੀਨ ਨੂੰ ਮਾਲ ਰਿਕਾਰਡ 'ਚ ਰਹਿਣ ਨਹੀਂ ਕਰਵਾਇਆ ਗਿਆ।
ਰਜਨੀਸ਼ ਗਰਗ ਅਤੇ ਮੁਨੀਸ਼ ਗਰਗ ਨੂੰ ਇਸ ਦਾ ਪਤਾ ਲੱਗਣ 'ਤੇ ਬੈਂਕ ਕੋਲ ਗਿਹਣੇ ਰੱਖੀ ਜ਼ਮੀਨ ਮਾਲ ਵਿਭਾਗ ਦੇ ਰਿਕਾਰਡ 'ਚ ਰਹਿਣ ਨਹੀਂ ਕੀਤਾ ਗਿਆ, ਜਿਸ ਦਾ ਲਾਹਾ ਲੈਂਦਿਆਂ ਉਕਤ ਜ਼ਮੀਨ ਦੀ ਫਰਦ ਹਾਸਲ ਕਰਦਿਆਂ ਗੁਲਸ਼ਨ ਕੁਮਾਰ ਪੁੱਤਰ ਰਾਜ ਕੁਮਾਰ ਨੂੰ ਧੋਖੇ 'ਚ ਰੱਖਦੇ ਹੋਏ ਉਸ ਨੂੰ ਇਹ ਜ਼ਮੀਨ ਡੇਢ ਕਰੋੜ 'ਚ ਗਹਿਣੇ ਦੀ ਰਜਿਸਟਰੀ ਕਰਵਾ ਦਿੱਤੀ ਅਤੇ ਬੈਂਕ ਨਾਲ ਕੀਤੀ ਇਸ ਧੋਖਾਦੇਹੀ ਖਿਲਾਫ ਪੁਲਸ ਨੇ ਰਜਨੀਸ਼ ਗਰਗ ਅਤੇ ਮੁਨੀਸ਼ ਗਰਗ ਪੁੱਤਰ ਬਲਦੇਵ ਕ੍ਰਿਸ਼ਨ ਅਤੇ ਬੈਂਕ ਅਧਿਕਾਰੀ ਨਰੇਸ਼ ਕੁਮਾਰ ਪੱਬੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਰਾਜ ਮੋਹਨ ਕਰ ਰਹੇ ਹਨ।