ਭਾਜਪਾ ਦੇ 3 ਨਵੇਂ ਮੁੱਖ ਮੰਤਰੀਆਂ ਸਮੇਤ ਕਈ ਕੇਂਦਰੀ ਮੰਤਰੀ ਏ. ਬੀ. ਵੀ. ਪੀ. ’ਚੋਂ

Tuesday, Dec 19, 2023 - 05:05 PM (IST)

ਭਾਜਪਾ ਦੇ 3 ਨਵੇਂ ਮੁੱਖ ਮੰਤਰੀਆਂ ਸਮੇਤ ਕਈ ਕੇਂਦਰੀ ਮੰਤਰੀ ਏ. ਬੀ. ਵੀ. ਪੀ. ’ਚੋਂ

ਜਲੰਧਰ (ਅਨਿਲ ਪਾਹਵਾ) : ਭਾਜਪਾ ’ਚ ਇਕ ਦੌਰ ਸੀ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਬੰਧਤ ਲੋਕਾਂ ਕੋਲ ਵੱਡੇ ਅਹੁਦੇ ਤੇ ਜ਼ਿੰਮੇਵਾਰੀਆਂ ਹੁੰਦੀਆਂ ਸਨ। ਉਸ ਦੌਰ ਤੋਂ ਬਾਅਦ ਇਕ ਹੋਰ ਦੌਰ ਸ਼ੁਰੂ ਹੋਇਆ ਹੈ ਜਦੋਂ ਭਾਜਪਾ ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਇਸ ਵੇਲੇ ਦੇਸ਼ ’ਚ ਕੇਂਦਰੀ ਮੰਤਰੀਆਂ ਤੋਂ ਲੈ ਕੇ ਭਾਜਪਾ ਦੇ ਅਹਿਮ ਅਹੁਦਿਆਂ ’ਤੇ ਬੈਠੇ ਬਹੁਤ ਸਾਰੇ ਨੇਤਾ ਅਜਿਹੇ ਹਨ, ਜੋ ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ. ਨਾਲ ਲੰਮਾ ਸਮਾਂ ਬਿਤਾ ਚੁੱਕੇ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਤਾਂ ਏ. ਬੀ. ਵੀ. ਪੀ. ਨਾਲ ਜੁੜੇ ਹੀ ਰਹੇ ਹਨ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵੀ ਏ. ਬੀ. ਵੀ. ਪੀ. ਨਾਲ ਪੁਰਾਣੇ ਦੌਰ ’ਚ ਜੁੜੇ ਰਹੇ ਹਨ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਇਸ ਵੇਲੇ ਮਜ਼ਬੂਤ ਹੋ ਚੁੱਕਾ ਸੰਗਠਨ ਹੈ ਅਤੇ ਉਸ ਦਾ ਪ੍ਰਭਾਵ ਸਿਰਫ ਭਾਜਪਾ ਤੇ ਆਰ. ਐੱਸ. ਐੱਸ. ’ਤੇ ਹੀ ਨਹੀਂ, ਸਗੋਂ ਵਿੱਦਿਅਕ ਜਗਤ ਵਿਚ ਵੀ ਇਸ ਸੰਗਠਨ ਦਾ ਦਬਦਬਾ ਬਣਿਆ ਹੋਇਆ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਫੈਕਲਟੀ ਮੈਂਬਰਾਂ ਤੋਂ ਲੈ ਕੇ ਮੋਦੀ ਸਰਕਾਰ ਵਲੋਂ ਹੁਣੇ ਜਿਹੇ ਬਣਾਈ ਗਈ ਸਿੱਖਿਆ ਨੀਤੀ ਵਿਚ ਵੀ ਏ. ਬੀ. ਵੀ. ਪੀ. ਦਾ ਵੱਡਾ ਯੋਗਦਾਨ ਰਿਹਾ ਹੈ। ਏ. ਬੀ. ਵੀ. ਪੀ. ਦੀ ਖਾਸੀਅਤ ਹੈ ਕਿ ਇਹ ਸਿਰਫ ਚੋਣਾਂ ਲੜਨ ਜਾਂ ਵਿਦਿਆਰਥੀ ਰਾਜਨੀਤੀ ਤਕ ਹੀ ਸੀਮਤ ਨਹੀਂ, ਸਗੋਂ ਨੌਜਵਾਨ ਵਰਗ ਨੂੰ ਅਨੁਸ਼ਾਸਨ ਤੇ ਸਮਾਜਿਕ ਜੀਵਨ ਬਾਰੇ ਵੀ ਸਿਖਲਾਈ ਦਿੰਦਾ ਹੈ।

ਇਹ ਵੀ ਪੜ੍ਹੋ : ਸਾਂਸਦ ਰਿੰਕੂ ਨੇ ਸਦਨ ’ਚ ਪਾਸਪੋਰਟ ਨੂੰ ਲੈ ਕੇ ਕੀਤਾ ਸਵਾਲ, ਕਿਹਾ ਬਿਨੈਕਾਰਾਂ ਦੀ ਗਿਣਤੀ ਦੁੱਗਣੀ, ਸੇਵਾ ਕੇਂਦਰ ਘੱਟ

ਮੌਜੂਦਾ ਸਰਕਾਰਾਂ ’ਚ ਏ. ਬੀ. ਵੀ. ਪੀ. ’ਚੋਂ ਨਿਕਲੇ ਹੋਏ ਬਹੁਤ ਸਾਰੇ ਅਜਿਹੇ ਚਿਹਰੇ ਹਨ ਜੋ ਇਸ ਵੇਲੇ ਅਹਿਮ ਅਹੁਦਿਆਂ ’ਤੇ ਬੈਠੇ ਹਨ। ਰਾਜਨਾਥ ਸਿੰਘ, ਨਿਤਿਨ ਗਡਕਰੀ, ਧਰਮਿੰਦਰ ਪ੍ਰਧਾਨ, ਜੀ. ਕਿਸ਼ਨ ਰੈੱਡੀ, ਕਿਰਨ ਰਿਜਿਜੂ, ਗਜੇਂਦਰ ਸ਼ੇਖਾਵਤ, ਵੀ. ਮੁਰਲੀਧਰਨ, ਭੁਪਿੰਦਰ ਯਾਦਵ ਆਦਿ ਵਰਗੇ ਕੁਝ ਚਿਹਰੇ ਹਨ ਜੋ ਮੋਦੀ ਸਰਕਾਰ ਦੀ ਕੈਬਨਿਟ ਵਿਚ ਸ਼ਾਮਲ ਹਨ ਅਤੇ ਇਹ ਸਾਰੇ ਏ. ਬੀ. ਵੀ. ਪੀ. ਦੀ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਰਹੇ ਹਨ। ਇਹੀ ਨਹੀਂ, ਭਾਜਪਾ ਦੇ ਸੰਗਠਨ ਵਿਚ ਵੀ ਇਸ ਵੇਲੇ ਏ. ਬੀ. ਵੀ. ਪੀ. ਦਾ ਪੂਰਾ ਦਬਦਬਾ ਹੈ। ਜਨਰਲ ਸਕੱਤਰ ਸੁਨੀਲ ਬਾਂਸਲ, ਵਿਨੋਦ ਤਾਵੜੇ, ਓ. ਪੀ. ਧਨਖੜ ਤੇ ਆਸ਼ਾ ਲਾਕੜਾ ਨੇ ਏ. ਬੀ. ਵੀ. ਪੀ. ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਹੈ। ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਮੋਹਨ ਯਾਦਵ ਹੁਣੇ ਜਿਹੇ ਏ. ਬੀ. ਵੀ. ਪੀ. ਦੇ ਸਥਾਪਨਾ ਦਿਵਸ ਦੀ 75ਵੀਂ ਵਰ੍ਹੇਗੰਢ ’ਤੇ ਦਿੱਲੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੂਦੇਵ ਅਤੇ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਸਿਆਸੀ ਸਫਰ ਏ. ਬੀ. ਵੀ. ਪੀ. ਤੋਂ ਹੀ ਸ਼ੁਰੂ ਹੋਇਆ ਹੈ।

ਇਹ ਵੀ ਪੜ੍ਹੋ : ਈ-ਰਿਕਸ਼ਾ ਚਾਲਕਾਂ ਅਤੇ ਰੇਹੜੀ-ਫੜ੍ਹੀ ਲਾਉਣ ਵਾਲਿਆਂ ’ਤੇ ਪੁਲਸ ਕਮਿਸ਼ਨਰ ਵਲੋਂ ਲਿਆ ਸਖ਼ਤ ਐਕਸ਼ਨ 

ਇਸੇ ਤਰ੍ਹਾਂ ਕੁਝ ਸਾਬਕਾ ਮੁੱਖ ਮੰਤਰੀ ਵੀ ਏ. ਬੀ. ਵੀ. ਪੀ. ਨਾਲ ਜੁੜੇ ਰਹੇ ਹਨ, ਜਿਨ੍ਹਾਂ ਵਿਚ ਸ਼ਿਵਰਾਜ ਸਿੰਘ ਚੌਹਾਨ, ਜੈਰਾਮ ਠਾਕੁਰ, ਵਿਜੇ ਰੁਪਾਨੀ, ਤੀਰਥ ਸਿੰਘ ਰਾਵਤ ਅਤੇ ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਸੁਸ਼ੀਲ ਮੋਦੀ ਪੁਰਾਣੇ ਦੌਰ ਵਿਚ ਏ. ਬੀ. ਵੀ. ਪੀ. ਨਾਲ ਜੁੜੇ ਰਹੇ ਹਨ। ਇਸੇ ਤਰ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ਵਿਚ ਵੀ ਏ. ਬੀ. ਵੀ. ਪੀ. ਨੇ ਸਮੇਂ-ਸਮੇਂ ’ਤੇ ਯੋਗਦਾਨ ਪਾਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ, ਸੰਘ ਦੇ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਅਤੇ ਸੰਘ ਦੇ ਸਹਿ-ਇੰਚਾਰਜ ਰਮੇਸ਼ ਅੱਪਾ ਸਮੇਤ ਕਈ ਅਹੁਦੇਦਾਰ ਏ. ਬੀ. ਵੀ. ਪੀ. ’ਚੋਂ ਆਏ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ, ਸਾਈਬਰ ਕ੍ਰਾਈਮ ਦੇ ਵਿੱਤੀ ਧੋਖਾਧੜੀ ਪੀੜਤਾਂ ਦੇ ਖਾਤਿਆਂ ’ਚ ਫਰੀਜ਼ ਮਨੀ ਆਈ ਵਾਪਸ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News