ਬਠਿੰਡਾ ਮਗਰੋਂ 3 ਹੋਰ ਥਰਮਲ ਪਲਾਂਟ ਹੋਏ ਮੁਕੰਮਲ ਬੰਦ

Friday, Jun 30, 2017 - 06:15 AM (IST)

ਬਠਿੰਡਾ ਮਗਰੋਂ 3 ਹੋਰ ਥਰਮਲ ਪਲਾਂਟ ਹੋਏ ਮੁਕੰਮਲ ਬੰਦ

ਪਟਿਆਲਾ  (ਪਰਮੀਤ) - ਪੰਜਾਬ ਵਿਚ ਭਰਵੀਂ ਬਰਸਾਤ ਕਾਰਨ ਬਿਜਲੀ ਦੀ ਮੰਗ ਵਿਚ ਪਹਿਲੇ ਦਿਨ 800 ਲੱਖ ਯੂਨਿਟ ਦੀ ਕਮੀ ਆਉਣ ਮਗਰੋਂ ਦੂਜੇ ਦਿਨ 200 ਲੱਖ ਯੂਨਿਟ ਮੰਗ ਹੋਰ ਘਟ ਗਈ ਹੈ। ਇਸ ਤਰ੍ਹਾਂ 2 ਦਿਨਾਂ ਵਿਚ ਹੀ ਤਕਰੀਬਨ 1000 ਲੱਖ ਯੂਨਿਟ ਮੰਗ ਘਟ ਗਈ ਹੈ। ਇਸ ਦੀ ਬਦੌਲਤ ਬਠਿੰਡਾ ਮਗਰੋਂ ਅੱਜ 3 ਸਰਕਾਰੀ ਥਰਮਲ ਪਲਾਂਟ ਅਤੇ ਪ੍ਰਾਈਵੇਟ ਸੈਕਟਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ।
ਝੋਨੇ ਦੇ ਸੀਜ਼ਨ ਕਾਰਨ ਜੋ ਮੰਗ 10500 ਮੈਗਾਵਾਟ ਭਾਵ 2520 ਲੱਖ ਯੂਨਿਟ ਦੇ ਕਰੀਬ ਸੀ, ਉਹ ਹੁਣ ਘਟ ਕੇ 6200 ਮੈਗਾਵਾਟ (1480 ਲੱਖ ਯੂਨਿਟ) ਦੇ ਕਰੀਬ ਰਹਿ ਗਈ ਹੈ। ਡਾਇਰੈਕਟਰ ਉਤਪਾਦਨ ਇੰਜੀ. ਐੈੱਮ. ਆਰ. ਪਰਿਹਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਾਵਰਕਾਮ ਦੀ ਮਲਕੀਅਤ ਵਾਲੇ 3 ਸਰਕਾਰੀ ਥਰਮਲ ਪਲਾਂਟਾਂ ਵਿਚੋਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ, ਬਠਿੰਡਾ ਸਥਿਤ ਗੁਰੂ ਨਾਨਕ ਦੇਵ ਥਰਮਲ ਪਲਾਂਟ ਅਤੇ ਪ੍ਰਾਈਵੇਟ ਸੈਕਟਰ ਦਾ ਗੋਇੰਦਵਾਲ ਪਲਾਂਟ ਹੁਣ ਮੁਕੰਮਲ ਬੰਦ ਹਨ। ਕੱਲ ਰੋਪੜ ਤੇ ਲਹਿਰਾ ਮੁਹੱਬਤ ਪਲਾਂਟ ਦਾ ਇੱਕ-ਇੱਕ ਯੂਨਿਟ ਚਾਲੂ ਸੀ।
ਇਨ੍ਹਾਂ 3 ਹੋਰ ਪਲਾਂਟਾਂ ਨੂੰ ਮੁਕੰਮਲ ਬੰਦ ਕਰਨ ਤੋਂ ਇਲਾਵਾ ਪਾਵਰਕਾਮ ਨੇ ਤਲਵੰਡੀ ਸਾਬੋ ਸਥਿਤ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟ ਦਾ ਵੀ ਯੂਨਿਟ ਨੰਬਰ 3 ਬੰਦ ਕਰਵਾ ਦਿੱਤਾ ਹੈ। ਇਸ ਵੇਲੇ ਥਰਮਲ ਪਲਾਂਟਾਂ ਵਿਚੋਂ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ 2-2 ਯੂਨਿਟ ਆਪਣੀ ਨਿਰਧਾਰਿਤ ਸਮਰੱਥਾ ਨਾਲੋਂ ਅੱਧੀ ਸਮਰੱਥਾ 'ਤੇ ਚੱਲ ਰਹੇ ਹਨ।
ਇਸੇ ਦੌਰਾਨ ਪਾਵਰਕਾਮ ਨੇ ਪਣ-ਬਿਜਲੀ ਉਤਪਾਦਨ ਵਿਚ ਵੀ ਕਮੀ ਲਿਆਂਦੀ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਇੱਕ ਯੂਨਿਟ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਨਨ ਪ੍ਰਾਜੈਕਟ ਵਿਚ ਗਾਰ ਆਉਣ ਕਾਰਨ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਹੈ। ਪਣ-ਬਿਜਲੀ ਪ੍ਰਾਜੈਕਟਾਂ ਵਿਚੋਂ ਰਣਜੀਤ ਸਾਗਰ ਡੈਮ ਦੇ 2 ਯੂਨਿਟ, ਯੂ. ਬੀ. ਡੀ. ਸੀ., ਐੈੱਮ. ਐੈੱਚ. ਪੀ. ਅਤੇ ਆਨੰਦਪੁਰ ਸਾਹਿਬ ਹਾਈਡਲ ਦੇ ਦੋਵੇਂ ਯੂਨਿਟ ਇਸ ਵੇਲੇ ਬਿਜਲੀ ਪੈਦਾਵਾਰ ਕਰ ਰਹੇ ਹਨ। ਪਣ-ਬਿਜਲੀ ਪ੍ਰਾਜੈਕਟਾਂ ਤੋਂ ਇਸ ਵੇਲੇ 519 ਮੈਗਾਵਾਟ ਤੇ ਥਰਮਲ ਪਲਾਂਟਾਂ ਤੋਂ 1277 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ। ਬਾਕੀ ਦੀ ਬਿਜਲੀ ਸਪਲਾਈ ਕੇਂਦਰੀ ਪ੍ਰਾਜੈਕਟਾਂ ਵਿਚੋਂ ਪੰਜਾਬ ਦੇ ਹਿੱਸੇ ਦੀ ਮਿਲ ਰਹੀ ਹੈ।


Related News