ਦੁਕਾਨਦਾਰ ਨੂੰ ਲੁੱਟਣ ਵਾਲੇ ਨੌਕਰ ਸਮੇਤ ਤਿੰਨ ਕਾਬੂ
Sunday, Aug 20, 2017 - 05:22 PM (IST)
ਚੰਡੀਗੜ੍ਹ(ਸੁਸ਼ੀਲ)— ਧਨਾਸ ਦੀ ਮਾਰਬਲ ਮਾਰਕੀਟ ਨੇੜੇ ਗੰਨ ਪੁਆਇੰਟ 'ਤੇ ਦੁਕਾਨਦਾਰ ਨੂੰ ਲੁੱਟਣ ਵਾਲੇ ਨੌਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਕ੍ਰਾਈਮ ਬਰਾਂਚ ਨੇ ਬੀਤੇ ਦਿਨ ਦਬੋਚ ਲਿਆ। ਉਨ੍ਹਾਂ ਦੀ ਪਛਾਣ ਸਰਗਨਾ ਮੁੱਲਾਂਪੁਰ ਵਾਸੀ ਸੁਮਿਤ ਕੁਮਾਰ ਉਰਫ ਲੱਕੀ, ਰੋਪੜ ਵਾਸੀ ਅਨਮੋਲ ਸ਼ਰਮਾ ਤੇ ਮੋਹਾਲੀ ਵਾਸੀ ਅਮਨਦੀਪ ਕੌਸ਼ਲ ਦੇ ਰੂਪ 'ਚ ਹੋਈ। ਪੁਲਸ ਨੇ ਉਨ੍ਹਾਂ ਕੋਲੋਂ 10 ਲੱਖ 43 ਹਜ਼ਾਰ ਰੁਪਏ, ਚੈੱਕ ਬੁਕ, ਗੰਨ, ਜ਼ਰੂਰੀ ਕਾਗਜ਼ਾਤ ਤੇ ਬਾਈਕ ਬਰਾਮਦ ਕਰ ਲਿਆ। ਪੁਲਸ ਨੇ ਦੱਸਿਆ ਕਿ ਸੁਮਿਤ ਕੁਮਾਰ ਸ਼ਿਕਾਇਤਕਰਤਾ ਦੀ ਦੁਕਾਨ 'ਤੇ 6 ਮਹੀਨਿਆਂ ਤੋਂ ਕੰਮ ਕਰਦਾ ਸੀ।
ਪੁਲਸ ਨੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਕ੍ਰਾਈਮ ਬਰਾਂਚ ਦੇ ਡੀ. ਐੈੱਸ. ਪੀ. ਪਵਨ ਕੁਮਾਰ ਨੇ ਦੱਸਿਆ ਕਿ 10 ਅਗਸਤ ਨੂੰ ਸੈਕਟਰ-38 ਵਾਸੀ ਸੁਭਾਸ਼ ਗੁਪਤਾ ਨੂੰ ਮਾਰਬਲ ਮਾਰਕੀਟ ਨੇੜੇ ਲੁੱਟਣ ਵਾਲੇ ਧਨਾਸ 'ਚ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਕ੍ਰਾਈਮ ਬਰਾਂਚ ਨੇ ਧਨਾਸ ਪੁਲ ਨੇੜੇ ਨਾਕਾ ਲਾ ਕੇ ਬਾਈਕ ਸਵਾਰ ਅਨਮੋਲ ਸ਼ਰਮਾ ਅਤੇ ਅਮਨਦੀਪ ਨੂੰ ਦਬੋਚ ਲਿਆ ਸੀ। ਪੁੱਛਗਿੱਛ 'ਚ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੁਭਾਸ਼ ਗੁਪਤਾ ਦਾ ਬੈਗ ਗੰਨ ਪੁਆਇੰਟ 'ਤੇ ਲੁੱਟਿਆ ਸੀ ਪਰ ਪੂਰੀ ਯੋਜਨਾ ਸੁਭਾਸ਼ ਗੁਪਤਾ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਕਰ ਸੁਮਿਤ ਕੁਮਾਰ ਨੇ ਬਣਾਈ ਸੀ। ਪੁਲਸ ਨੇ ਦੋਹਾਂ ਦੀ ਨਿਸ਼ਾਨਦੇਹੀ 'ਤੇ ਸੁਮਿਤ ਨੂੰ ਦਬੋਚ ਲਿਆ ਸੀ। ਫੜਿਆ ਗਿਆ ਅਨਮੋਲ ਸ਼ਰਮਾ ਕੁਝ ਮਹੀਨੇ ਪਹਿਲਾਂ ਵਿਦੇਸ਼ ਤੋਂ ਵਾਪਸ ਆਇਆ ਸੀ। ਉਸ ਨੂੰ ਵਿਦੇਸ਼ ਜਾਣ ਲਈ ਪੈਸਿਆਂ ਦੀ ਲੋੜ ਸੀ। ਇਸੇ ਤਰ੍ਹਾਂ ਸੁਮਿਤ ਅਤੇ ਅਮਨਦੀਪ ਕੌਸ਼ਲ ਨੂੰ ਮੌਜ-ਮਸਤੀ ਲਈ ਪੈਸੇ ਚਾਹੀਦੇ ਸਨ। ਸੁਮਿਤ ਨੇ ਅਨਮੋਲ ਅਤੇ ਅਮਨਦੀਪ ਕੌਸ਼ਲ ਨਾਲ ਲੁੱਟ ਦੀ ਯੋਜਨਾ ਬਣਾਈ ਅਤੇ ਮਾਲਕ ਸੁਭਾਸ਼ ਦੇ ਪੈਸੇ ਲੈ ਕੇ ਜਾਣ ਦੀ ਪੂਰੀ ਜਾਣਕਾਰੀ ਅਮਨਦੀਪ ਅਤੇ ਅਨਮੋਲ ਨੂੰ ਦਿੱਤੀ ਸੀ।
