12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਨੂੰ ਲੈ ਕੇ ਦੁਚਿੱਤੀ ''ਚ ਸੂਬੇ ਦੇ 3 ਲੱਖ ਪ੍ਰੀਖਿਆਰਥੀ

Tuesday, May 26, 2020 - 08:44 PM (IST)

12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਨੂੰ ਲੈ ਕੇ ਦੁਚਿੱਤੀ ''ਚ ਸੂਬੇ ਦੇ 3 ਲੱਖ ਪ੍ਰੀਖਿਆਰਥੀ

ਲੁਧਿਆਣਾ, (ਵਿੱਕੀ)— ਕੋਰੋਨਾ ਵਾਇਰਸ ਕਾਰਨ ਮਾਰਚ 'ਚ ਰੋਕੀਆਂ ਗਈਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁੜ ਸ਼ੁਰੂ ਕਰਵਾਉਣ ਨੂੰ ਲੈ ਕੇ ਬੇਸ਼ੱਕ ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨੇ 1 ਜੁਲਾਈ ਤੋਂ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਹੈ ਪਰ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵੱਲੋਂ ਇਸ ਸਬੰਧੀ ਢਿੱਲਾ ਰਵੱਈਆ ਅਪਣਾਉਣ ਨਾਲ ਸੂਬੇ ਦੇ ਕਰੀਬ 3 ਲੱਖ ਪ੍ਰੀਖਿਆਰਥੀ ਦੁਚਿੱਤੀ 'ਚ ਫਸੇ ਹੋਏ ਹਨ।

ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਵੱਲੋਂ ਡੇਟਸ਼ੀਟ ਐਲਾਨੇ ਜਾਣ ਤੋਂ ਬਾਅਦ ਪੀ. ਐੱਸ. ਈ. ਬੀ. ਦੇ ਵਿਦਿਆਰਥੀਆਂ ਦੀਆਂ ਨਜ਼ਰਾਂ ਬੋਰਡ ਦੀ ਵੈੱਬਸਾਈਟ 'ਤੇ ਹੀ ਹਨ ਤਾਂ ਕਿ ਡੇਟਸ਼ੀਟ ਦੇ ਅਧਾਰ 'ਤੇ ਆਪਣੀ ਤਿਆਰੀ ਸ਼ੁਰੂ ਕਰ ਸਕਣ। ਦੱਸ ਦੇਈਏ ਕਿ 12ਵੀਂ ਕਲਾਸ ਦੇ ਆਰਟਸ 9, ਸਾਇੰਸ 6 ਅਤੇ ਕਾਮਰਸ ਦੀਆਂ 4 ਪ੍ਰੀਖਿਆਵਾਂ ਪੈਂਡਿੰਗ ਹਨ। ਇਸ ਤੋਂ ਇਲਾਵਾ ਵੋਕੇਸ਼ਨਲ ਗਰੁੱਪ ਦੀਆਂ 5 ਪ੍ਰੀਖਿਆਵਾਂ ਬਚੀਆਂ ਹੋਣ ਦੇ ਨਾਲ ਸਾਰੇ ਵਿਸ਼ਿਆਂ ਦੇ ਪ੍ਰੈਕਟੀਕਲ ਹੋਣੇ ਵੀ ਬਾਕੀ ਹਨ। ਸਭ ਤੋਂ ਜ਼ਿਆਦਾ ਚਿੰਤਾ ਤਾਂ ਉਨ੍ਹਾਂ ਵਿਦਿਆਰਥੀਆਂ ਨੂੰ ਹੈ, ਜਿਨ੍ਹਾਂ ਨੇ ਬੋਰਡ ਪ੍ਰੀਖਿਆਵਾਂ ਤੋਂ ਇਲਾਵਾ ਜੇ. ਈ. ਈ. ਅਤੇ ਨੀਟ ਤੋਂ ਇਲਾਵਾ ਕਲੈਟ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੀ ਦੇਣੀਆਂ ਹਨ ਪਰ ਇਸ ਦੁਚਿੱਤੀ ਦੀ ਸਥਿਤੀ ਵਿਚ ਵਿਦਿਆਰਥੀ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਧਿਆਨ ਲਗਾ ਕੇ ਨਹੀਂ ਕਰ ਪਾ ਰਹੇ।

20 ਮਾਰਚ ਤੋਂ ਪੀ. ਐੱਸ. ਈ. ਬੀ. ਨੇ ਰੱਦ ਕਰ ਦਿੱਤੀਆਂ ਸਨ ਪ੍ਰੀਖਿਆਵਾਂ
ਜਾਣਕਾਰੀ ਮੁਤਾਬਕ ਕੋਰੋਨਾ ਦੇ ਵਧਦੇ ਕੇਸਾਂ ਦੌਰਾਨ ਪੀ. ਐੱਸ. ਈ. ਬੀ. ਨੇ 20 ਮਾਰਚ ਤੋਂ ਅਗਲੀਆਂ ਤਰੀਕਾਂ ਤਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰਦੇ ਹੋਏ ਨਵੀਂ ਡੇਟਸ਼ੀਟ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਦੇਸ਼ 'ਚ ਕੋਰੋਨਾ ਦੇ ਪੈਰ ਪਸਾਰਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਾਏ ਗਏ ਲਾਕਡਾਊਨ ਕਾਰਨ ਹੋਰਨਾਂ ਬੋਰਡਾਂ ਨੇ ਵੀ ਆਪਣੇ ਐਗਜ਼ਾਮ ਰੱਦ ਕਰ ਦਿੱਤੇ। ਕਰੀਬ 2 ਮਹੀਨੇ ਬਾਅਦ ਦੇਸ਼ 'ਚ ਲਾਕਡਾਊਨ 'ਚ ਕੁਝ ਰਾਹਤ ਮਿਲਦੇ ਹੀ ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਪੈਂਡਿੰਗ ਪ੍ਰੀਖਿਆਵਾਂ ਸ਼ੁਰੂ ਕਰਵਾਉਣ ਨੂੰ ਲੈ ਕੇ 1 ਜੁਲਾਈ ਤੋਂ ਡੇਟਸ਼ੀਟ ਨਿਰਧਾਰਤ ਕਰ ਦਿੱਤੀ। ਹਾਲਾਂਕਿ ਪੀ. ਐੱਸ. ਈ. ਬੀ. ਨੇ ਵੀ ਮਈ ਦੇ ਪਹਿਲੇ ਹਫਤੇ 'ਚ 12ਵੀਂ ਦੇ ਐਗਜ਼ਾਮ ਕਰਵਾਉਣ ਦੀਆਂ ਤਿਆਰੀਆਂ ਲਈ ਕਦਮ ਵਧਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਪ੍ਰੀਖਿਆ ਕੇਂਦਰਾਂ ਸਬੰਧੀ ਡਿਟੇਲ ਮੰਗੀ ਸੀ।

ਪ੍ਰੀਖਿਆ ਕੇਂਦਰ ਬਣੇ ਕਈ ਸਕੂਲਾਂ 'ਚ ਬਣੇ ਹਨ ਕੁਆਰੰਟਾਈਨ ਸੈਂਟਰ
ਜਾਣਕਾਰੀ ਮੁਤਾਬਕ ਬੋਰਡ ਵੱਲੋਂ ਰਾਜ ਦੇ ਸਕੂਲਾਂ 'ਚ 12ਵੀਂ ਦੀਆਂ ਪ੍ਰੀਖਿਆਵਾਂ ਲਈ 2700 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਵਿਭਾਗੀ ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਭੇਜੀ ਗਈ ਰਿਪੋਰਟ 'ਚ ਬੋਰਡ ਨੂੰ ਦੱਸਿਆ ਗਿਆ ਹੈ ਕਿ ਕੋਰੋਨਾ ਤੋਂ ਪਹਿਲਾਂ ਜਿਨ੍ਹਾਂ ਸਕੂਲਾਂ ਦੇ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਸਨ, ਉਨ੍ਹਾਂ ਵਿਚੋਂ ਕੁਝ 'ਚ ਹੁਣ ਸਰਕਾਰ ਅਤੇ ਪ੍ਰਸ਼ਾਸਨ ਨੇ ਕੁਆਰੰਟਾਈਨ ਸੈਂਟਰ ਜਾਂ ਆਈਸੋਲੇਸ਼ਨ ਵਾਰਡ ਬਣਾ ਕੇ ਕੋਰੋਨਾ ਦੇ ਪਾਜ਼ੇਟਿਵ ਤੇ ਸ਼ੱਕੀ ਵਿਅਕਤੀਆਂ ਨੂੰ ਠਹਿਰਾਇਆ ਹੋਇਆ ਹੈ। ਗੱਲ ਜੇਕਰ ਲਿਧਆਣਾ ਦੀ ਕਰੀਏ ਤਾਂ ਇਥੋਂ ਦੇ ਕਰੀਬ 40 ਅਜਿਹੇ ਸਕੂਲ ਹਨ, ਜਿਨ੍ਹਾਂ 'ਚ ਬੋਰਡ ਨੇ ਪ੍ਰੀਖਿਆ ਕੇਂਦਰ ਬਣਾਏ ਤਾਂ ਸਨ ਪਰ ਹੁਣ ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ 'ਚ ਤਬਦੀਲ ਕਰ ਦਿੱਤਾ ਗਿਆ ਹੈ। ਅਹਿਜੇ 'ਚ ਇਨ੍ਹਾਂ ਸਕੂਲਾਂ 'ਚ ਹਾਲ ਦੀ ਘੜੀ ਤਾਂ ਪ੍ਰੀਖਿਆਵਾਂ ਕਰਵਾਉਣਾ ਮੁਮਕਿਨ ਦਿਖਾਈ ਨਹੀਂ ਦੇ ਰਿਹਾ ਪਰ ਬੋਰਡ ਹੁਣ ਕਿਵੇਂ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਪੂਰਾ ਕਰਵਾਏਗਾ, ਇਹ ਵੀ ਇਕ ਸਵਾਲ ਬਣਿਆ ਹੋਇਆ ਹੈ।

ਪ੍ਰੀਖਿਆਵਾਂ ਸਬੰਧੀ ਕੋਈ ਵੀ ਫੈਸਲਾ ਸਰਕਾਰ ਨੇ ਲੈਣਾ ਹੈ। ਬੋਰਡ ਨੇ ਆਪਣੇ ਵੱਲੋਂ ਪੂਰੀ ਰਿਪੋਰਟ ਤਿਆਰ ਕਰ ਕੇ ਫਾਈਲ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਬਾਰੇ ਸਰਕਾਰ ਦਾ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਮੰਨ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
-ਜਨਕਰਾਜ ਮਹਿਰੋਕ, ਪ੍ਰੀਖਿਆ ਕੰਟ੍ਰੋਲਰ, ਪੀ. ਐੱਸ. ਈ. ਬੀ.

2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪ੍ਰੀਖਿਆਰਥੀ ਘਰ ਬੈਠੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਅਗਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਸ ਅਧਾਰ 'ਤੇ ਕਰਨ। ਪੀ. ਐੱਸ. ਈ. ਬੀ. ਨੂੰ ਚਾਹੀਦਾ ਹੈ ਕਿ 12ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ ਪੂਰੀਆਂ ਕਰਵਾਉਣ ਲਈ ਡੇਟਸ਼ੀਟ ਜਲਦ ਜਾਰੀ ਕਰੇ ਤਾਂ ਕਿ ਵਿਦਿਆਰਥੀ ਸ਼ਡਿਊਡ ਮੁਤਾਬਕ ਆਪਣੀ ਤਿਆਰੀ ਸ਼ੁਰੂ ਕਰ ਸਕਣ।
-ਵਰੁਣ ਰਾਏ, ਪ੍ਰਿੰ. ਜੀਵਨ ਮਾਡਲ ਸਕੂਲ ਦਰੇਸੀ


author

KamalJeet Singh

Content Editor

Related News