ਵੱਡੀ ਖ਼ਬਰ : ਨਕੋਦਰ ਦੇ ਕੱਪੜਾ ਵਪਾਰੀ ਤੇ ਗੰਨਮੈਨ ਦਾ ਕਤਲ ਕਰਨ ਵਾਲੇ 3 ਗੈਂਗਸਟਰ ਕਾਬੂ, ਮੁੱਖ ਦੋਸ਼ੀ ਫ਼ਰਾਰ
Wednesday, Dec 14, 2022 - 10:25 AM (IST)

ਫਿਲੌਰ/ਬਠਿੰਡਾ (ਭਾਖੜੀ, ਵਿਜੇ) : ਫਿਲੌਰ ਪੁਲਸ ਨੇ ਇਕ ਵਾਰ ਫਿਰ ਜਲੰਧਰ ਦਿਹਾਤੀ ਜ਼ਿਲ੍ਹੇ ’ਚ ਬਾਜ਼ੀ ਮਾਰੀ ਹੈ। ਨਕੋਦਰ ਦੇ ਕੱਪੜਾ ਵਪਾਰੀ ਟਿੰਮੀ ਅਤੇ ਉਸ ਦੇ ਗੰਨਮੈਨ ਨੂੰ ਸਰੇ ਬਜ਼ਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ 3 ਸੁਪਾਰੀ ਕਿਲਰ ਜੋ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਮਿਲ ਕੇ ਉਨ੍ਹਾਂ ਦੇ ਨਿਰਦੇਸ਼ ਮਿਲਦੇ ਹੀ ਵੱਡੀ ਤੋਂ ਵੱਡੀ ਘਟਨਾ ਨੂੰ ਅੰਜਾਮ ਦੇ ਦਿੰਦੇ ਸਨ, ਨੂੰ ਗ੍ਰਿਫ਼ਤਾਰ ਕਰਨ ’ਚ ਥਾਣਾ ਫਿਲੌਰ ਮੁਖੀ ਇੰਸ. ਸੁਰਿੰਦਰ ਕੁਮਾਰ ਤੇ ਉਨ੍ਹਾਂ ਦੀ ਟੀਮ ਹੱਥ ਸਫ਼ਲਤਾ ਲੱਗੀ ਹੈ। ਜ਼ਿਕਰਯੋਗ ਹੈ ਕਿ ਬੀਤੀ 7 ਦਸੰਬਰ ਨੂੰ ਗੈਂਗਸਟਰਾਂ ਨੇ ਫ਼ਿਰੌਤੀ ਦੀ ਰਕਮ ਨਾ ਮਿਲਣ ਕਾਰਨ ਨਕੋਦਰ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਤੇ ਉਸ ਦੇ ਗੰਨਮੈਨ 'ਤੇ ਰਾਤ ਸਵਾ 8 ਵਜੇ, ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਜੈਮਰ ਲਾਉਣ ਦਾ ਮਾਮਲਾ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤੇ ਹੁਕਮ
ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ’ਚ ਟਿੰਮੀ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਜ਼ਖਮੀ ਗੰਨਮੈਨ ਨੇ ਅਗਲੇ ਦਿਨ ਹਸਪਤਾਲ ’ਚ ਦਮ ਤੋੜ ਦਿੱਤਾ। ਉਕਤ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਫੀ ਕਿਰਕਿਰੀ ਹੋਈ। ਉਕਤ ਘਟਨਾ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਸਵਰਨਦੀਪ ਵੱਲੋਂ ਉਕਤ ਕੇਸ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹੋਈਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲੇ ਸਾਵਧਾਨ! ਸਰਕਾਰ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ
ਸੂਤਰਾਂ ਮੁਤਾਬਕ ਇਸ ਵਿਚ ਮੁੱਖ ਭੂਮਿਕਾ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਨਿਭਾਉਂਦੇ ਹੋਏ 3 ਕਾਤਲਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕਰ ਲਈ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨ ਕਾਤਲਾਂ ਦੀ ਪਛਾਣ ਦੀਪ, ਵਿਸ਼ੂ ਅਤੇ ਜਸਕਰਨ ਦੇ ਰੂਪ 'ਚ ਹੋਈ ਹੈ, ਜਦੋਂ ਕਿ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਅਮਰੀਕ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਸ ਦੇ ਆਲਾ ਅਧਿਕਾਰੀ ਜਲਦੀ ਹੀ ਕੱਪੜਾ ਵਪਾਰੀ ਕਤਲ ਮਾਮਲੇ 'ਚ ਮੀਡੀਆ ਦੇ ਸਾਹਮਣੇ ਖ਼ੁਲਾਸਾ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ