ਕੋਰੋਨਾ ਦੇ ਕਰਫਿਊ ਦੌਰਾਨ ਬੇਕਾਬੂ ਹੋਈ ਭੀੜ, 3 ਦਿਨਾਂ ਲਈ ਸਬਜ਼ੀ ਮੰਡੀਆਂ ਬੰਦ

Wednesday, Apr 22, 2020 - 06:36 PM (IST)

ਸਮਰਾਲਾ/ਮਾਛੀਵਾੜਾ ਸਾਹਿਬ,(ਗਰਗ, ਟੱਕਰ): ਸ਼ਹਿਰ ਦੇ ਆਸ-ਪਾਸ ਦੀਆਂ ਸਬਜ਼ੀ ਮੰਡੀਆਂ ਦੇ ਬੰਦ ਹੋਣ ਮਗਰੋਂ ਸਮਰਾਲਾ ਤੇ ਮਾਛੀਵਾੜਾ ਸਾਹਿਬ ਦੀ ਸਬਜ਼ੀ ਮੰਡੀ 'ਚ ਬਾਹਰਲੇ ਸ਼ਹਿਰਾਂ ਤੋਂ ਵੀ ਉਮੜ ਰਹੀ ਭਾਰੀ ਭੀੜ ਕਾਰਨ ਸਮਾਜਿਕ ਦੂਰੀ ਸਮੇਤ ਮਹਾਂਮਾਰੀ ਤੋਂ ਬਚਾਓ ਲਈ ਜਾਰੀ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉੱਡ ਗਈਆਂ। ਜਿਸ ਤੋਂ ਬਾਅਦ ਸਥਾਨਕ ਪ੍ਰਸਾਸ਼ਨ ਨੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਸਬਜ਼ੀ ਮੰਡੀ ਨੂੰ ਵੀ ਅਗਲੇ ਤਿੰਨ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਥਾਨਕ ਪੁਲਸ ਪ੍ਰਸਾਸ਼ਨ ਵੀ ਇਨ੍ਹਾਂ ਦੋਵੇਂ ਮੰਡੀਆਂ 'ਚ ਲੋਕਾਂ ਨੂੰ ਕਰੋਨਾ ਵਾਇਰਸ ਫੈਲਣ ਦੇ ਖਤਰੇ ਨੂੰ ਵੇਖਦੇ ਹੋਏ ਵਾਰ-ਵਾਰ ਭੀੜ ਇੱਕਠੀ ਨਾ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰ ਰਿਹਾ ਸੀ ਪਰ ਮੰਡੀ 'ਚ ਆ ਰਹੀ ਲੋਕਾਂ ਦੀ ਭੀੜ ਸਰਕਾਰ ਦੀਆਂ ਸਾਰੀਆਂ ਹੀ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੀ ਹੋਈ ਸਥਾਨਕ ਪ੍ਰਸਾਸ਼ਨ ਦੀਆਂ ਅਪੀਲਾਂ ਨੂੰ ਵੀ ਲਗਾਤਾਰ ਦਰਕਿਨਾਰ ਕਰਦੀ ਆ ਰਹੀ ਸੀ। ਹੁਣ ਜਦੋਂ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੀ ਸਬਜ਼ੀ ਮੰਡੀ 'ਚ ਹੋਰ ਸ਼ਹਿਰਾਂ ਦੀਆਂ ਮੰਡੀਆਂ ਬੰਦ ਹੋਣ ਕਾਰਨ ਉੱਥੋਂ ਦੀ ਭੀੜ ਵੀ ਇਥੇ ਪੁੱਜਣੀ ਸ਼ੁਰੂ ਹੋ ਗਈ ਤਾਂ ਬੇਕਾਬੂ ਹੁੰਦੇ ਹਾਲਾਤ ਨੂੰ ਵੇਖਦੇ ਹੋਏ ਪ੍ਰਸਾਸ਼ਨ ਨੂੰ ਇਹ ਮੰਡੀਆਂ ਵੀ ਬੰਦ ਕਰਨ ਦਾ ਫੈਸਲਾ ਲੈਣਾ ਪਿਆ।

ਐੱਸ. ਡੀ. ਐਮ. ਗੀਤਿਕਾ ਸਿੰਘ ਨੇ ਦੱਸਿਆ ਕਿ ਖੰਨਾ ਅਤੇ ਲੁਧਿਆਣਾ ਸਮੇਤ ਆਸਪਾਸ ਦੀਆਂ ਸਾਰੀਆਂ ਸਬਜ਼ੀ ਮੰਡੀਆਂ ਬੰਦ ਹੋਣ ਕਾਰਨ ਇਨ੍ਹਾਂ ਸਬਜ਼ੀ ਮੰਡੀਆਂ 'ਚ ਦੂਰ-ਦੁਰਾਡੇ ਤੋਂ ਸਬਜ਼ੀ ਵੇਚਣ ਅਤੇ ਖਰੀਦਣ ਵਾਲਿਆਂ ਦੀ ਅਥਾਹ ਭੀੜ ਕਾਰਨ ਸਥਾਨਕ ਸਬ ਡਵੀਜ਼ਨ ਦੀਆਂ ਦੋਵੇਂ ਸਬਜ਼ੀ ਮੰਡੀਆਂ ਨੂੰ ਬੰਦ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ, ਜਮਾਲਪੁਰ, ਖੰਨਾ, ਦੋਰਾਹਾ ਅਤੇ ਹੋਰ ਆਸ-ਪਾਸ ਦੇ ਸ਼ਹਿਰਾਂ ਦੇ ਲੋਕ ਸਬਜ਼ੀ ਦੀ ਖਰੀਦੋ ਫਰੋਖਤ ਕਰਨ ਲਈ ਭਾਰੀ ਗਿਣਤੀ 'ਚ ਤੜਕੇ ਹੀ ਸਬਜ਼ੀ ਮੰਡੀਆਂ 'ਚ ਪਹੁੰਚ ਜਾਂਦੇ ਸਨ। ਕਰੋਨਾ ਤੋਂ ਬਚਾਓ ਲਈ 'ਵਿਅਕਤੀਗਤ ਦੁਰੀ'  ਰੱਖਣ ਅਤੇ ਇੱਥੋਂ ਤੱਕ ਕਿ ਸਬਜ਼ੀ ਖ਼ਰੀਦਣ ਵਾਲਿਆਂ ਦੀ ਭੀੜ ਨੂੰ ਸੰਭਾਲਣ ਲਈ ਵਾਧੂ ਪੁਲਸ ਫੋਰਸ ਵੀ ਲਗਾਈ ਗਈ ਸੀ ਪਰ ਹੁਣ ਆਖਰ  ਦੋਵੇਂ ਸਬਜ਼ੀ ਮੰਡੀਆਂ ਨੂੰ ਤਿੰਨ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕਰਨੇ ਪਏ ਹਨ। ਉਨ੍ਹਾਂ ਕਿਹਾ ਕਿ ਸਮੀਖਿਆ ਕਰਨ ਉਪਰੰਤ ਜੇਕਰ  ਲੋਕਾਂ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ  ਦੀ ਪਾਲਣਾ ਕੀਤੀ ਜਾਵੇਗੀ ਤਾਂ ਸੋਮਵਾਰ ਤੋਂ ਸਬਜ਼ੀ ਮੰਡੀਆਂ 'ਚ ਕੰਮ ਸ਼ੁਰੂ ਹੋ ਸਕੇਗਾ । ਸਬਜ਼ੀ ਮੰਡੀ ਦੇ ਕੁਝ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ 'ਚ ਸਵੇਰੇ ਇਕੱਠੀ ਹੁੰਦੀ ਬੇਕਾਬੂ ਭੀੜ ਨੂੰ ਵੇਖਦਿਆਂ ਕਰੋਨਾ ਫੈਲਣ ਦੇ ਡਰੋਂ ਸਾਰੇ ਆੜ੍ਹਤੀਆਂ ਨੇ ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ  ਨੂੰ ਸਬਜ਼ੀ ਮੰਡੀ ਬੰਦ ਕਰਨ ਦਾ ਸੁਝਾਅ ਦਿੱਤਾ ਸੀ ।


Deepak Kumar

Content Editor

Related News