ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ''ਚ 3 ਵਿਰੁੱਧ ਕੇਸ ਦਰਜ

07/01/2017 6:24:35 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਪਿੰਡ ਅਮਰਕੋਟ 'ਚ ਵਿਆਹੀ ਇਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਸਹੁਰੇ ਅਮਰਜੀਤ ਸਿੰਘ ਸੱਸ ਮਨਜੀਤ ਕੌਰ ਤੇ ਮਨਜੀਤ ਕੌਰ ਦੇ ਜਵਾਈ ਪਰਮਿੰਦਰ ਸਿੰਘ ਦੇ ਖਿਲਾਫ ਲੜਕੀ ਨੂੰ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਮਾਰਨ ਦੇ ਦੋਸ਼ 'ਚ ਧਾਰਾ 302, 376, 511, 328, 120-ਬੀ ਤਹਿਤ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਵਨ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਟਿੱਬਾ ਦੀ ਲੜਕੀ ਯਾਚਨਾ ਸ਼ਰਮਾ ਦਾ ਵਿਆਹ 20 ਅਪ੍ਰੈਲ ਪਿੰਡ ਅਮਰਕੋਟ ਦੇ ਪ੍ਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਮੁਤਾਬਕ ਲੜਕੀ ਦਾ ਸਹੁਰਾ ਅਮਰਜੀਤ ਸਿੰਘ ਵਿਆਹ ਤੋਂ ਕੁਝ ਦੇਰ ਬਾਅਦ ਹੀ ਉਸ ਨਾਲ ਕੁੱਟਮਾਰ ਕਰਨ ਲੱਗਾ ਤੇ ਕਥਿਤ ਤੌਰ 'ਤੇ ਛੇੜਛਾੜ ਕਰਨ ਦੀ ਵੀ ਕੋਸ਼ਿਸ਼ ਕੀਤੀ।  ਉਨ੍ਹਾਂ ਦੱਸਿਆ ਬੀਤੀ 28 ਜੂਨ ਨੂੰ ਸ਼ਾਮ 3 ਵਜੇ ਦੇ ਕਰੀਬ ਲੜਕੀ ਦੇ ਸਹੁਰੇ ਅਮਰਜੀਤ ਸਿੰਘ ਨੇ ਮੇਰੀ ਲੜਕੀ ਨੂੰ ਇਕੱਲੇ ਵੇਖ ਕੇ ਉਸਦੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸਨੇ ਵਿਰੋਧ ਕੀਤਾ ਤਾਂ ਅਮਰਜੀਤ ਸਿੰਘ ਨੇ ਧੱਕੇ ਨਾਲ ਮੇਰੀ ਲੜਕੀ ਦੇ ਮੂੰਹ 'ਚ ਸਲਫਾਸ ਦੀ ਗੋਲੀ ਪਾ ਕੇ ਉਸਦਾ ਮੂੰਹ ਬੰਦ ਕਰ ਦਿੱਤਾ ਤਾਂ ਲੜਕੀ ਦੀ ਸੱਸ ਮਨਜੀਤ ਕੌਰ ਤੇ ਮਨਜੀਤ ਕੌਰ ਦੇ ਜਵਾਈ ਪਰਮਿੰਦਰ ਸਿੰਘ ਵਾਸੀ ਡੌਲਾ ਨੇ ਲੜਕੀ ਨੂੰ ਹਸਪਤਾਲ ਲਿਜਾਣ ਦੀ ਬਜਾਏ ਘਰ 'ਚ ਅੰਦਰ ਕੁੰਡਾ ਮਾਰਕੇ ਬੰਦ ਕਰ ਦਿੱਤਾ, ਤਾਂਕਿ ਇਹ ਪਿੱਛੋਂ ਮਰ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਯਾਚਨਾ ਸ਼ਰਮਾ ਦਾ ਪਤੀ ਪ੍ਰਦੀਪ ਸਿੰਘ ਘਰ ਆਇਆ ਤਾਂ ਉਸਨੇ ਯਾਚਨਾ ਦੀ ਹਾਲਤ ਨੂੰ ਵੇਖਦਿਆਂ ਪਹਿਲਾਂ ਸਿਵਲ ਹਸਪਤਾਲ ਟਿੱਬਾ ਲੈ ਗਿਆ। 
ਫਿਰ ਉਸਨੇ ਲੜਕੀ ਦੇ ਪਿਤਾ ਨੂੰ ਇਤਲਾਹ ਦਿੱਤੀ ਤੇ ਜਦੋਂ ਉਸਦੇ ਮਾਤਾ-ਪਿਤਾ ਇਕ ਹੋਰ ਗੁਆਂਢੀ ਹਰੀ ਨਰਾਇਣ ਦੇ ਨਾਲ ਹਸਪਤਾਲ ਪਹੁੰਚੇ ਤਾਂ ਲੜਕੀ ਨੇ ਸਾਰੀ ਗੱਲ ਦੱਸੀ ਤੇ ਉਸਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ। ਜਿਥੇ ਡਾਕਟਰਾਂ ਨੇ ਯਾਚਨਾ ਦੀ ਮਾੜੀ ਹਾਲਤ ਦੇਖ ਕੇ ਸੈਕਰਡ ਹਾਰਟ ਹਸਪਤਾਲ ਜਲੰਧਰ ਲੈ ਜਾਣ ਲਈ ਕਿਹਾ ਤਾਂ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਉਸਨੂੰ ਜਲੰਧਰ ਲੈ ਗਏ ਤਾਂ ਉਥੇ ਇਲਾਜ ਦੌਰਾਨ ਯਾਚਨਾ ਦੀ ਮੌਤ ਹੋ ਗਈ।  ਐੱਸ. ਐੱਚ. ਓ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮ੍ਰਿਤਕ ਯਾਚਨਾ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਸਪੁਰਦ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ ਉਪਰੰਤ ਹੀ ਕੋਈ ਗ੍ਰਿਫਤਾਰੀ ਕੀਤੀ ਜਾਵੇਗੀ।


Related News