ਨਵਾਂਸ਼ਹਿਰ: ਭਾਖੜਾ ਨਹਿਰ 'ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਤ
Wednesday, Jan 16, 2019 - 11:34 AM (IST)
ਨਵਾਂਸ਼ਹਿਰ (ਰਾਕੇਸ਼)— ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਦੇਰ ਰਾਤ ਵਾਪਰੀ। ਤਿੰਨੋਂ ਨੌਜਵਾਨਾਂ ਦੀ ਉਮਰ ਕਰੀਬ 20 ਤੋਂ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਅਟਾਰੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਤਿੰਨ ਨੌਜਵਾਨ ਜਿਨ੍ਹਾਂ ਦੀ ਪਛਾਣ ਜੀਵਨ ਕੁਮਾਰ (18) ਪੁੱਤਰ ਜਗਨ ਨਾਥ, ਪ੍ਰਦੀਪ ਕੁਮਾਰ (21 ) ਪੁੱਤਰ ਜਗਦੀਸ਼ ਚੰਦ ਅਤੇ ਅਮਰੀਕ ਸਿੰਘ (19) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਬੀਤੀ ਰਾਤ ਇਹ ਜੀਵਨ ਕੁਮਾਰ ਦੀ ਮਾਰੂਤੀ ਕਾਰ 'ਚ ਸਵਾਰ ਹੋ ਕਿ ਪਿੰਡ ਹਰਦੋ ਨਿਮੋਹ ਵਿਖੇ ਛਿੰਞ ਵੇਖਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਭਾਖੜਾ ਨਹਿਰ ਦੀ ਪਟੜੀ ਰਸਤੇ ਮੁੜ ਰਹੇ ਸਨ, ਜਦੋਂ ਇਹ ਪਿੰਡ ਫਤਿਹਪੁਰ ਬੁੰਗਾ ਦੀ ਹੱਦਬਸਤ ਵਿਚ ਪੁੱਜੇ ਤਾਂ ਇਨ੍ਹਾਂ ਦੀ ਕਾਰ ਅੱਗੇ ਅਚਾਨਕ ਇਕ ਬੇਸਹਾਰਾ ਪਸ਼ੂ ਆ ਗਿਆ। ਜਿਸ ਨੂੰ ਬਚਾਉਂਦੇ ਹੋਏ ਇਨ੍ਹਾਂ ਦੀ ਕਾਰ ਬੇਕਾਬੂ ਹੋ ਕਿ ਭਾਖੜਾ ਨਹਿਰ ਵਿਚ ਜਾ ਡਿੱਗੀ। ਪਿੰਡ ਅਟਾਰੀ ਦੇ ਸਮਾਜ ਸੇਵੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਰਾਤ ਸਮੇਂ ਜਿਵੇਂ ਹੀ ਉਨ੍ਹਾਂ ਨੂੰ ਕਾਰ ਅਤੇ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਰੁੜ੍ਹਨ ਬਾਰੇ ਪਤਾ ਲੱੱਗਾ ਤਾਂ ਤੁਰੰਤ ਇਸ ਬਾਰੇ ਸ੍ਰੀ ਕੀਰਤਪੁਰ ਸਾਹਿਬ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਭਾਲ ਸ਼ੁਰੂ ਕੀਤੀ ਅਤੇ ਅੱਜ ਸਵੇਰੇ ਕਾਰ ਅਤੇ ਚਾਲਕਾਂ ਨੂੰ ਨਹਿਰ 'ਚੋਂ ਬਾਹਰ ਕੱਢਣ ਲਈ ਰੂਪਨਗਰ ਤੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ।
ਪਤਾ ਲੱਗਾ ਹੈ ਕਿ ਮ੍ਰਿਤਕ ਤਿੰਨੋਂ ਨੌਜਵਾਨ ਗਰੀਬ ਘਰ ਦੇ ਸਨ। ਇਨ੍ਹਾਂ 'ਚੋਂ ਜੀਵਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਚ 12ਵੀਂ ਕਲਾਸ ਦਾ ਵਿਦਿਆਰਥੀ ਸੀ, ਜਦਕਿ ਅਮਰੀਕ ਸਿੰਘ ਨੰਗਲ ਵਿਖੇ ਆਈ. ਟੀ. ਆਈ. ਕਰਦੀ ਸੀ ਤੇ ਘਰ ਵਿਚ ਸਭ ਤੋਂ ਛੋਟਾ ਸੀ। ਜਦਕਿ ਪ੍ਰਦੀਪ ਕੁਮਾਰ ਹਿਮਾਚਲ ਪ੍ਰਦੇਸ਼ ਵਿਚ ਕਿਸੇ ਫੈਕਟਰੀ 'ਚ ਕੰਮ ਕਰਦਾ ਸੀ। ਇਸ ਦੌਰਾਨ ਕਾਰ 'ਚ ਸਵਾਰ ਤਿੰਨੋਂ ਨੌਜਵਾਨ ਕਾਰ ਦੇ ਸ਼ੀਸ਼ੇ ਬੰਦ ਹੋਣ ਕਾਰਨ ਅੰਦਰ ਹੀ ਪਾਏ ਗਏ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸੰਨੀ ਖੰਨਾ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀਆਂ ਲਾਸ਼ਾਂ ਅਤੇ ਕਾਰ ਨੂੰ ਭਾਖੜਾ ਨਹਿਰ 'ਚੋਂ ਬਾਹਰ ਕੱਢ ਕੇ ਇਕ ਮ੍ਰਿਤਕ ਦੇ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ਉੱਪਰ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।