ਸ਼ੌਕ ਪੂਰਾ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 3 ਗ੍ਰਿਫਤਾਰ

Sunday, Feb 18, 2018 - 07:43 AM (IST)

ਸ਼ੌਕ ਪੂਰਾ ਕਰਨ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ 3 ਗ੍ਰਿਫਤਾਰ

ਚੰਡੀਗੜ੍ਹ (ਸੰਦੀਪ) - ਮਹਿੰਗੇ ਮੋਟਰਸਾਈਕਲਾਂ ਦਾ ਸ਼ੌਕ ਪੂਰਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕ੍ਰਾਈਮ ਬ੍ਰਾਂਚ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਾਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ, ਰਾਜ ਕੁਮਾਰ ਤੇ ਸਾਗਰ ਮਸੀਹ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇਕ ਜੀਪ ਤੇ 7 ਮੋਟਰਸਾਈਕਲ ਬਰਾਮਦ ਕੀਤੇ ਹਨ, ਜਿਨ੍ਹਾਂ 'ਚ ਡਿਊਕ ਵਰਗਾ ਮਹਿੰਗਾ ਮੋਟਰਸਾਈਕਲ ਵੀ ਸ਼ਾਮਲ ਹੈ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਹਿੰਗੇ ਮੋਟਰਸਾਈਕਲ ਚਲਾਉਣ ਦਾ ਸ਼ੌਕ ਪੂਰਾ ਕਰਨ ਲਈ ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਕ੍ਰਾਈਮ ਬਰਾਂਚ 'ਚ ਹੋਏ ਪੱਤਰਕਾਰ ਸੰਮੇਲਨ ਦੌਰਾਨ ਐੱਸ. ਪੀ. ਆਪ੍ਰੇਸ਼ਨ ਰਵੀ ਕੁਮਾਰ ਨੇ ਦੱਸਿਆ ਕਿ ਸ਼ਹਿਰ 'ਚ ਵਾਹਨ ਚੋਰੀ ਦੀਆਂ ਵਾਰਦਾਤਾਂ ਦਾ ਨੋਟਿਸ ਲੈਂਦਿਆਂ ਡੀ. ਐੱਸ. ਪੀ. ਕ੍ਰਾਈਮ ਬ੍ਰਾਂਚ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਨੂੰ ਸੈਕਟਰ-11 ਦੇ ਸਮਾਲ ਚੌਕ 'ਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਟੀਮ ਨੇ ਇਥੇ ਬੁਲੇਟ ਮੋਟਰਸਾਈਕਲ 'ਤੇ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਪਰ ਉਹ ਕਾਗਜ਼ ਨਹੀਂ ਦਿਖਾ ਸਕੇ। ਇਸ 'ਤੇ ਪੁਲਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਨੌਜਵਾਨਾਂ ਨੇ ਇਸ ਮੋਟਰਸਾਈਕਲ 'ਤੇ ਫਰਜ਼ੀ ਰਜਿਸਟ੍ਰੇਸ਼ਨ ਨੰਬਰ ਲਾਇਆ ਹੋਇਆ ਸੀ ਤੇ ਬੁਲੇਟ ਚੋਰੀ ਕੀਤਾ ਹੋਇਆ ਸੀ।


Related News