ਪਾਜ਼ੇਟਿਵ ਪਾਲਿਟਿਕਸ ਕਰਨ ਲਈ ਹੀ ''ਆਪ'' ’ਚ ਆਇਆਂ ਹਾਂ : ਦੀਪਕ ਬਾਲੀ

Sunday, Aug 24, 2025 - 11:50 AM (IST)

ਪਾਜ਼ੇਟਿਵ ਪਾਲਿਟਿਕਸ ਕਰਨ ਲਈ ਹੀ ''ਆਪ'' ’ਚ ਆਇਆਂ ਹਾਂ : ਦੀਪਕ ਬਾਲੀ

ਜਲੰਧਰ (ਅਨਿਲ ਪਾਹਵਾ)–ਇਕ ਸਾਧਾਰਨ ਪਰਿਵਾਰ ਵਿਚ ਪਲੇ ਵਧੇ, ਮਿਊਜ਼ਿਕ ਇੰਡਸਟਰੀ ਨਾਲ ਜੁੜੇ ਰਹੇ ਦੀਪਕ ਬਾਲੀ ਹੁਣ ਜਲੰਧਰ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵਿਚ ਸਲਾਹਕਾਰ ਦਾ ਅਹੁਦਾ ਦਿੱਤਾ ਹੈ। ਸਿਆਸਤ ਨੂੰ ਲੈ ਕੇ ਬਾਲੀ ਵੱਖ ਸੋਚ ਰੱਖਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਚੋਣ ਸਿਆਸਤ ਦੀ ਦੌੜ ਵਿਚ ਉਹ ਨਹੀਂ ਹਨ ਪਰ ਪਾਰਟੀ ਦਾ ਹਰ ਹੁਕਮ ਸਿਰ ਮੱਥੇ ’ਤੇ। ਸ਼ਹਿਰ ਦੇ ਵੱਖ-ਵੱਖ ਮਸਲਿਆਂ ’ਤੇ ਉਨ੍ਹਾਂ ਨਾਲ ਗੱਲ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਅੰਸ਼ :
-ਜਲੰਧਰ ਦੇ ਵਿਕਾਸ ਨੂੰ ਲੈ ਕੇ ਕੀ ਕਰ ਰਹੀ ਹੈ ਆਮ ਆਦਮੀ ਪਾਰਟੀ?
ਉਹ ਸ਼ਹਿਰ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਮੇਅਰ ਦੇ ਤੌਰ ’ਤੇ ਵਨੀਤ ਧੀਰ ਬਿਹਤਰ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਸ਼ਹਿਰ ਦੇ ਚੱਪੇ-ਚੱਪੇ ਦੀ ਜਾਣਕਾਰੀ ਹੈ। ਉਹ ਜ਼ਮੀਨੀ ਪੱਧਰ ’ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵੀ ਪਤਾ ਹੈ ਅਤੇ ਉਨ੍ਹਾਂ ਦਾ ਹੱਲ ਕਿਵੇਂ ਕਰਨਾ ਹੈ, ਉਹ ਵੀ ਪਤਾ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਥੇ ਫੰਡ ਚਾਹੀਦਾ, ਮਿਲ ਰਿਹਾ ਹੈ। ਸ਼ਹਿਰ ਵਿਚ ਪਿਛਲੇ ਕਾਫੀ ਸਮੇਂ ਤੋਂ ਕੰਮ ਨਹੀਂ ਹੋ ਸਕਿਆ ਪਰ ਹੁਣ ਨਿਗਮ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਹੈ, ਤਾਂ ਕੰਮ ਤੇਜ਼ ਹੋਏ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert

-ਕਹਿੰਦੇ ਹਨ ਕਿ ਅਕਾਲੀ-ਭਾਜਪਾ ਸਮੇਂ ਜਲੰਧਰ ਦਾ ਜੋ ਵਿਕਾਸ ਹੋਇਆ, ਉਹ ਦੁਬਾਰਾ ਦੇਖਣ ਨੂੰ ਨਹੀਂ ਮਿਲਿਆ?
ਲੋਕ ਵਰਤਮਾਨ ਤੋਂ ਕਦੀ ਖੁਸ਼ ਨਹੀਂ ਹੁੰਦੇ। ਪਹਿਲਾਂ ਦਾ ਸਭ ਬਿਹਤਰ ਲੱਗਦਾ ਹੈ। ਇਹ ਮਨੁੱਖੀ ਟੈਂਡੈਂਸੀ ਹੈ। ਪੰਜਾਬ ਵਿਚ ਮੌਜੂਦਾ ਸਰਕਾਰ ਦੇ ਸਮੇਂ ਵਿਚ ਵਿਕਾਸ ਸਭ ਦੇਖ ਹੀ ਰਹੇ ਹਨ। ਅਸੀਂ ਲੋਕ ਸਿਆਸਤ ਨਹੀਂ ਕਰਨ ਆਏ, ਅਸੀਂ ਤਾਂ ਕੰਮ ਕਰਨ ਆਏ ਹਾਂ। ਸ਼ਹਿਰ ਵਿਚ ਪਹਿਲਾਂ ਤੋਂ ਜੋ ਵਿਵਸਥਾ ਹੈ, ਉਸ ਨੂੰ ਤੁਰੰਤ ਨਹੀਂ ਬਦਲਿਆ ਜਾ ਸਕਦਾ। ਜਿਵੇਂ ਸ਼ਹਿਰ ਵਿਚ ਸੀਵਰੇਜ ਜਾਂ ਪਾਣੀ ਵਾਲੇ ਪਾਈਪ ਕਈ ਸਾਲ ਪਹਿਲਾਂ ਦੇ ਪਾਏ ਗਏ ਹਨ, ਹੁਣ ਪੂਰੇ ਸ਼ਹਿਰ ਦੇ ਪਾਈਪ ਨਹੀਂ ਬਦਲੇ ਜਾ ਸਕਦੇ, ਸਗੋਂ ਉਨ੍ਹਾਂ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ, ਤਾਂ ਕਿ ਵਿਵਸਥਾ ਠੀਕ ਹੋਵੇ। ਅਸੀਂ ਜੋ ਨਵੇਂ ਕੰਮ ਕਰ ਰਹੇ ਹਾਂ, ਉਹ 50 ਸਾਲ ਦਾ ਵਿਜ਼ਨ ਦੇਖ ਕੇ ਚੱਲ ਰਹੇ ਹਨ।

-ਸਰਕਾਰੀ ਦਫ਼ਤਰਾਂ ’ਚ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ, ਕੀ ਕਰ ਰਹੀ ਸਰਕਾਰ?
ਇਹ ਵਿਵਸਥਾ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਖਰਾਬ ਹੈ, ਉਸ ਨੂੰ ਹੁਣ ਦਰੁੱਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਤਾਂ ਕਈ ਵਾਰ ਸੋਚਦਾ ਹਾਂ, ਜੋ ਕੰਮ ਕਰਨਾ ਉਹ 100 ਫੀਸਦੀ ਕੀਤਾ ਜਾਵੇ। ਜੇਕਰ ਇਕ ਫੀਸਦੀ ਵੀ ਘੱਟ ਹੋ ਰਿਹਾ ਹੈ ਤਾਂ ਅਸੀਂ ਇਕ ਫੀਸਦੀ ਦੇ ਬੇਈਮਾਨ ਹਾਂ। ਇਥੇ ਇਕ ਫ਼ੀਸਦੀ ਕੰਮ ਕਰ ਕੇ ਕ੍ਰੈਡਿਟ 100 ਫੀਸਦੀ ਦਾ ਲੈ ਰਹੇ ਹਨ। ਪਹਿਲਾਂ ਦੀਆਂ ਸਰਕਾਰਾਂ ਵਿਚ ਵਿਵਸਥਾ ਹੀ ਇਸ ਤਰ੍ਹਾਂ ਦੀ ਬਣੀ ਹੈ ਕਿ ਅਫ਼ਸਰ ਜਾਂ ਬਾਬੂ ਆਪਣੀ ਡਿਊਟੀ ਪੂਰੀ ਨਹੀਂ ਕਰਦੇ। ਫੀਲਡ ਸਟਾਫ ਵੀ ਉਸੇ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਇਕ ਸੋਚ ਬਣ ਗਈ ਸੀ ਕਿ ਸਰਕਾਰੀ ਨੌਕਰੀ ਦਾ ਮਤਲਬ ਐਸ਼ਪ੍ਰਸਤੀ ਹੁੰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਿਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਛੋਟੀ ਤੋਂ ਛੋਟੀ ਚੀਜ਼ ਮਾਨੀਟਰ ਹੋ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ, 5 ਦਿਨ ਪਵੇਗਾ ਭਾਰੀ ਮੀਂਹ! ਇਹ ਜ਼ਿਲ੍ਹੇ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ

-ਸ਼ਹਿਰ ’ਚ ਕਾਨੂੰਨ ਵਿਵਸਥਾ ’ਤੇ ਵਾਰ-ਵਾਰ ਸਵਾਲ ਹੋ ਰਹੇ ਹਨ?
ਲਾਅ ਐਂਡ ਆਰਡਰ ਦੀ ਜੋ ਵਿਵਸਥਾ ਹੈ, ਉਹ ਕੁਝ ਲੋਕਾਂ ਕਾਰਨ ਖਰਾਬ ਹੋਈ ਸੀ। ਪੁਰਾਣੇ ਆਗੂ ਮਸਲ ਪਾਵਰ ਜਾਂ ਪਾਲਿਟਿਕਲ ਪਾਵਰ ਲਈ ਗੈਂਗਸਟਰ ਜਾਂ ਗੁੰਡਾ ਅਨਸਰਾਂ ਨੂੰ ਸ਼ਹਿ ਦਿੰਦੇ ਰਹੇ ਹਨ ਤਾਂ ਕਿ ਉਨ੍ਹਾਂ ਦੀ ਵਰਤੋਂ ਕਰ ਸਕਣ। ਉਹ ਜੋ ਵਿਵਸਥਾ ਸੀ, ਉਹ ਸੋਸਾਇਟੀ ਵਿਚ ਚਲੀ ਗਈ। ਲਾਅ ਐਂਡ ਆਰਡਰ ਦੀ ਸਮੱਸਿਆ ਦਾ ਵੱਡਾ ਕਾਰਨ ਡਰੱਗਜ਼ ਹੈ, ਜੋ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਵਿਚ ਫੈਲਾਇਆ ਹੈ। ਜੋ ਸਨੈਚਿੰਗ ਜਾਂ ਕ੍ਰਾਈਮ ਹੋ ਰਿਹਾ ਹੈ, ਉਹ ਨਸ਼ੇ ਦੇ ਆਦੀ ਲੋਕਾਂ ਦੇ ਕੰਮ ਹਨ। ਉਹੀ ਵਿਵਸਥਾ ਪੰਜਾਬ ਦੀ ਮੌਜੂਦਾ ਸਰਕਾਰ ਨੇ ਖਤਮ ਕੀਤੀ ਹੈ। ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਹੈ, ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਅਸੀਂ ਕਿਸੇ ਨਸ਼ਾ, ਸੱਟੇਬਾਜ਼ ਜਾਂ ਕਿਸੇ ਅਜਿਹੇ ਸਮਾਜ ਿਵਰੋਧੀ ਲੋਕਾਂ ਨੂੰ ਐਂਟਰਟੇਨ ਨਹੀਂ ਕਰਦੇ। ਅਸੀਂ ਪੀੜਤ ਲੋਕਾਂ ਨਾਲ ਖੜ੍ਹੇ ਹਾਂ, ਲੋਕਾਂ ਨੂੰ ਨਿਆਂ ਦਿਵਾਉਣ ਲਈ ਕੰਮ ਕਰ ਰਹੇ ਹਾਂ।

-ਜਲੰਧਰ ਨੂੰ ਲੈ ਕੇ ਕੀ ਮਾਸਟਰ ਪਲਾਨ ਹੈ ਤੁਹਾਡਾ?
ਮੈਂ ਸੋਚਦਾ ਹਾਂ ਕਿ ਪੰਜਾਬ ਵਿਚ ਐਗਰੋ ਇੰਡਸਟਰੀਜ਼ ਲੱਗਣੀ ਚਾਹੀਦੀ ਅਤੇ ਜਿਥੋਂ ਤਕ ਜਲੰਧਰ ਦੀ ਗੱਲ ਹੈ ਤਾਂ ਇਥੇ ਮੇਰੇ ਖਿਆਲ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਕੰਮ ਹੋਣੇ ਚਾਹੀਦੇ ਹਨ। ਹੁਣ ਜਿਸ ਤਰ੍ਹਾਂ ਬਰਲਟਨ ਪਾਰਕ ਤਿਆਰ ਹੋ ਰਿਹਾ ਹੈ, ਇਥੇ ਖੇਡਾਂ ਹੋਣਗੀਆਂ, ਬਾਹਰ ਦੇ ਲੋਕ ਆਉਣਗੇ, ਵਪਾਰ ਵਧੇਗਾ, ਟੀਮਾਂ ਇਥੇ ਖੇਡਣਗੀਆਂ, ਜਲੰਧਰ ਦਾ ਵਿਕਾਸ ਹੋਵੇਗਾ ਅਤੇ ਦੁਨੀਆ ਦੇ ਨਕਸ਼ੇ ’ਤੇ ਜਲੰਧਰ ਦਾ ਨਾਂ ਫਿਰ ਤੋਂ ਚਮਕੇਗਾ। ਇੰਡਸਟਰੀ ਉਤਸ਼ਾਹਿਤ ਹੋਵੇਗੀ, ਜਿਨ੍ਹਾਂ ਨਾਲ ਲੱਖਾਂ ਲੋਕਾਂ ਦੇ ਘਰ ਚੱਲ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ! 31 ਅਗਸਤ ਤੱਕ ਕਰ ਲਵੋ ਇਹ ਕੰਮ ਨਹੀਂ ਤਾਂ...

-ਜਲੰਧਰ ਵਿਚ ਟੂਰਿਜ਼ਮ ਨੂੰ ਲੈ ਕੇ ਕੀ ਪਲਾਨ ਹੈ?
ਇਤਿਹਾਸਕ ਟੂਰਿਜ਼ਮ ਦੇ ਨਾਲ-ਨਾਲ ਕੁਝ ਧਾਰਮਿਕ ਟੂਰਿਜ਼ਮ ਵੀ ਹੁੰਦਾ ਹੈ। ਜਲੰਧਰ ਵਿਚ ਕੁਝ ਧਾਰਮਿਕ ਸਥਾਨ ਹਨ, ਜਿਨ੍ਹਾਂ ਦੀ ਆਪਣੀ ਜਗ੍ਹਾ ਹੈ। ਸ਼੍ਰੀ ਦੇਵੀ ਤਲਾਬ ਮੰਦਰ ਜਾਂ ਇਮਾਮ ਨਾਸਿਰ ਦੀ ਮਸਜਿਦ ਨੂੰ ਲੈ ਕੇ ਕੁਝ ਪਲਾਨ ਹਨ, ਜਿਨ੍ਹਾਂ ’ਤੇ ਜਲਦ ਸਰਕਾਰ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਇਲਾਵਾ ਕੁਝ ਹੋਰ ਵੀ ਜਗ੍ਹਾ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।

-ਪਾਲਿਟਿਕਸ ਜਾਂ ਮਿਊਜ਼ਿਕ, ਕੀ ਬਿਹਤਰ ਰਿਹਾ?
ਜੇਕਰ ਅੰਤਰ ਦੇਖਣਾ ਹੋਵੇ ਤਾਂ ਮਿਊਜ਼ਿਕ ਜ਼ਿਆਦਾ ਸਕੂਨ ਦਿੰਦਾ ਹੈ। ਜਦੋਂ ਵੀ ਸਮਾਂ ਮਿਲੇ, ਮੈਂ ਸੰਗੀਤ ਕੋਲ ਵਾਪਸ ਮੁੜਦਾ ਹਾਂ। ਅੱਜ ਵੀ ਸ਼ਾਮ ਨੂੰ ਕਦੀ ਸੰਗੀਤ ਦੀ ਮਹਿਫਿਲ ਵਿਚ ਜਾਣ ਦਾ ਮੌਕਾ ਮਿਲੇ ਤਾਂ ਮੇਰੇ ਚਿਹਰੇ ਦਾ ਰੰਗ ਹੀ ਬਦਲ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਸੰਗੀਤ ਅਤੇ ਕਲਾ ਵਾਲੇ ਲੋਕ ਈਮਾਨਦਾਰ ਹੁੰਦੇ ਹਨ। ਦਿਨ ਭਰ ਦੇ ਕੰਮ ਨਿਪਟਾਉਣ ਦੇ ਬਾਅਦ ਸੌਣ ਤੋਂ ਪਹਿਲਾਂ ਸੰਗੀਤ ਜਾਂ ਕਿਤਾਬ ਪੜ੍ਹਨਾ ਮੇਰੀ ਰੋਜ਼ਾਨਾ ਦੀ ਰੁਟੀਨ ਹੈ ਕਿਉਂਕਿ ਦਿਨ ਭਰ ਦੀ ਥਕਾਨ ਜਾਂ ਦਿਮਾਗ ਨੂੰ ਸ਼ਾਂਤ ਕਰਨ ਲਈ ਕੋਸ਼ਿਸ਼ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚ ਵਾਪਰੇ LPG ਟੈਂਕਰ ਬਲਾਸਟ ਮਾਮਲੇ ਨੂੰ ਲੈ ਕੇ CM ਮਾਨ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ

-ਰੁਝੇਵਿਆਂ ’ਚੋਂ ਪਰਿਵਾਰ ਨੂੰ ਸਮਾਂ ਦੇ ਪਾਉਂਦੇ ਹੋ?
ਪਰਿਵਾਰ ਹਰ ਇਨਸਾਨ ਦੇ ਜੀਵਨ ਦਾ ਆਧਾਰ ਹੈ। ਮੈਂ ਘਰ ਤੋਂ ਜਾਂਦੇ ਸਮੇਂ ਮਾਂ ਅਤੇ ਪਿਤਾ ਜੀ ਨਾਲ ਗੱਲ ਕਰ ਕੇ ਹੀ ਜਾਂਦਾ ਹਾਂ। ਰਾਤ ਨੂੰ ਵੀ ਘਰ ਆ ਕੇ ਪਹਿਲਾਂ ਮਾਂ-ਬਾਪ ਨੂੰ ਮਿਲਦਾ ਹਾਂ, ਫਿਰ ਆਪਣੇ ਕਮਰੇ ਵਿਚ ਜਾ ਕੇ ਸੌਂਦਾ ਹਾਂ। ਮੇਰੀ ਸੋਚ ਹੈ ਕਿ ਜੋ ਤੁਹਾਡੇ ਬੱਚੇ ਦੇਖਦੇ ਹਨ, ਉਸੇ ਤਰ੍ਹਾਂ ਹੀ ਉਹ ਕਰਦੇ ਹਨ, ਇਸ ਲਈ ਬੱਚਿਆਂ ਨੂੰ ਬਿਹਤਰ ਸੰਸਕਾਰ ਦਿਓ। ਤੁਸੀਂ ਕੰਪਨੀ ਵਿਚ ਆਪਣੇ ਬੱਚਿਆਂ ਨੂੰ ਹਿੱਸਾ ਦੇ ਦਿਓ ਪਰ ਜੇਕਰ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਪਾਏ ਤਾਂ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਹੋਵੇਗਾ। ਬਾਕੀ ਭਾਵੇਂ ਉਨ੍ਹਾਂ ਨੂੰ ਕੁਝ ਨਾ ਦਿਓ, ਜੇਕਰ ਵਧੀਆ ਸੋਚ ਅਤੇ ਵਧੀਆ ਸੰਸਕਾਰ ਦੇ ਦਿੱਤੇ ਤਾਂ ਉਹ ਖੁਦ ਬਹੁਤ ਕੁਝ ਕਮਾ ਲੈਣਗੇ।

-ਚੋਣ ਲੜਨ ਦੀ ਕੋਈ ਇੱਛਾ ਹੈ?
ਮੈਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਮਨ ਇਸ ਲਈ ਬਣਾਇਆ ਸੀ ਤਾਂ ਕਿ ਮੈਂ ਪਾਜ਼ੇਟਿਵ ਪਾਲਿਟਿਕਸ ਕਰ ਸਕਾਂ। ਮੈਂ ਪਾਰਟੀ ਦਾ ਸਿਪਾਹੀ ਹਾਂ, ਪਾਰਟੀ ਮੈਨੂੰ ਜਿਥੇ ਕਹੇਗੀ, ਉਥੇ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ। ਮੇਰੀ ਕੋਈ ਇੱਛਾ ਨਹੀਂ ਹੈ ਪਰ ਪਾਰਟੀ ਅਤੇ ਜਨਤਾ ਦੀ ਸੇਵਾ ਕਰਨਾ ਮੇਰੀ ਇੱਛਾ ਹੈ ਅਤੇ ਉਹ ਮੈਂ ਕਰ ਰਿਹਾ ਹਾਂ। ਮੈਂ ਸੰਤੁਸ਼ਟ ਹਾਂ, ਮੈਂ ਪਾਰਟੀ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ। ਹੁਣ ਪਾਰਟੀ ਦੇ ਹੱਥ ਹੈ ਕਿ ਉਹ ਮੈਨੂੰ ਕਿਹੜੀ ਜ਼ਿੰਮੇਵਾਰੀ ਸੌਂਪਦੀ ਹੈ।

-ਬਾਕੀਆਂ ਤੋਂ ਕਿਵੇਂ ਵੱਖ ਹੈ ਤੁਹਾਡੀ ਪਾਲਿਟਿਕਲ ਸੋਚ?
ਮੈਂ ਸਿਆਸਤ ਕਰਨੀ ਚਾਹੁੰਦਾ ਹਾਂ ਪਰ ਮੈਂ ਪਾਜ਼ੇਟਿਵ ਪਾਲਿਟਿਕਸ ਕਰਨੀ ਚਾਹੁੰਦਾ ਹਾਂ। ਕਿਸੇ ਲਕੀਰ ਨੂੰ ਛੋਟੀ ਕਰਨ ਦੀ ਜਗ੍ਹਾ ਆਪਣੀ ਲਕੀਰ ਵੱਡੀ ਕਰਨ ਵਿਚ ਭਰੋਸਾ ਰੱਖਦਾ ਹਾਂ। ਜਦੋਂ ਮੈਂ ਸ਼ਹਿਰ ਵਿਚ ਆਇਆ ਸੀ ਤਾਂ 70 ਰੁਪਏ ਸਨ ਮੇਰੀ ਜੇਬ ਵਿਚ। ਉਦੋਂ ਮੈਨੂੰ ਕੋਈ ਨਹੀਂ ਜਾਣਦਾ ਸੀ ਪਰ ਪਾਜ਼ੇਟਿਵ ਸੋਚ ਦੇ ਨਾਲ ਹੀ ਮੈਨੂੰ ਇੰਨਾ ਕੁਝ ਮਿਲਿਆ ਹੈ। ਮੈਨੂੰ ਜਲੰਧਰ ਵਿਚ ਇਕ ਵੀ ਸ਼ਖਸ ਬੁਰਾ ਨਹੀਂ ਲੱਗਦਾ। ਕਿਸੇ ਦੀ ਮੇਰੇ ਬਾਰੇ ਸੋਚ ਕੀ ਹੈ, ਮੈਨੂੰ ਨਹੀਂ ਪਤਾ ਪਰ ਮੇਰਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਮੈਂ ਪਾਰਟੀ ਦਾ ਵਫਾਦਾਰ ਹਾਂ ਅਤੇ ਸਦਾ ਰਹਾਂਗਾ।

ਇਹ ਵੀ ਪੜ੍ਹੋ:  ਪੰਜਾਬ 'ਚ ਢਾਬਾ ਮਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇਕਰ ਹਾਈਵੇਅ 'ਤੇ ...

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News