ਨਸ਼ੀਲੇ ਪਦਾਰਥਾਂ ਸਮੇਤ 3 ਗ੍ਰਿਫਤਾਰ
Sunday, Nov 05, 2017 - 07:34 AM (IST)
ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੀ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ 'ਚ ਛਾਪੇਮਾਰੀ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੇ ਏ. ਐੱਸ. ਆਈ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ 'ਚ ਜਾ ਰਹੇ ਸਨ। ਜਦੋਂ ਅਸੀਂ ਖੇਮਕਰਨ ਰੋਡ ਚੂਸਲੇਵੜ ਪੁੱਜੇ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਸਾਨੂੰ ਵੇਖ ਕੇ ਇਕਦਮ ਘਬਰਾ ਕੇ ਪਿੱਛੇ ਨੂੰ ਮੁੜ ਪਿਆ, ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਦੋਸ਼ੀ ਬਲਬੀਰ ਚੰਦ ਪੁੱਤਰ ਕਸਤੂਰੀ ਲਾਲ ਵਾਸੀ ਚੂਸਲੇਵੜ ਕੋਲੋਂ 220 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਸੇ ਤਰ੍ਹਾਂ ਥਾਣਾ ਖੇਮਕਰਨ ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਸਬੰਧੀ ਮਸਤਗੜ੍ਹ ਤੋਂ ਭੂਰਾ ਕਰੀਮਪੁਰਾ ਵਾਲੀ ਸੜਕ ਜਾ ਰਹੇ ਸੀ। ਜਦੋਂ ਅਸੀਂ ਮੌੜ ਪੱਕੀ ਸੜਕ ਤੋਂ ਮੁੜੇ ਤਾਂ ਖੇਮਕਰਨ ਵਾਲੀ ਸਾਈਡ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਸਾਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਮੁੜ ਗਿਆ। ਉਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਤਲਾਸ਼ੀ ਲੈਣ 'ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਦੂਹਲ ਕੋਹਨਾ ਹੋਈ ਹੈ।
ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਐੱਚ. ਸੀ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਖਿਆਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਹਣੇਕੇ ਆਪਣੇ ਘਰ 'ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਦਾ ਹੈ। ਮੁਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਘਰ ਰੇਡ ਕਰ ਕੇ ਦੋਸ਼ੀ ਕੋਲੋਂ 36930 ਐੱਮ.ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧੀ ਤ੍ਰਫਤੀਸ਼ੀ ਅਫਸਰ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
