ਨਸ਼ੀਲੇ ਪਦਾਰਥਾਂ ਸਣੇ 3 ਗ੍ਰਿਫਤਾਰ
Wednesday, Dec 20, 2017 - 07:03 AM (IST)

ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ ਵਿਚ ਛਾਪੇਮਾਰੀ ਕਰ ਕੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਖਾਲੜਾ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿਚ ਨਾਰਲੀ ਮੌੜ ਖਾਲੜਾ ਮੌਜੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧੰਨਾ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਥੇਹ ਕੱਲ੍ਹਾ ਹਾਲ ਵਾਸੀ ਖਾਲੜਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋ ਸਕਦੀ ਹੈ। ਮੁਖਬਰ ਖਾਸ ਦੀ ਇਤਲਾਹ 'ਤੇ ਉਕਤ ਵਿਅਕਤੀ ਘਰ ਰੇਡ ਕਰ ਕੇ ਉਸ ਕੋਲੋਂ 26,250 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਥਾਣਾ ਸਿਟੀ ਪੱਟੀ ਦੇ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਪੱਟੀ ਤੋਂ ਪੂਲ ਸੂਆ ਬਾਹਮਣੀ ਵਾਲਾ ਨੂੰ ਜਾ ਰਹੇ ਸੀ ਕਿ ਅਜੈ ਕੁਮਾਰ ਉਰਫ ਕਾਲਾ ਪੁੱਤਰ ਰਾਜ ਵਾਸੀ ਵਾਰਡ ਨੰਬਰ-1 ਸਿੰਗਲ ਬਸਤੀ ਪੱਟੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ. ਐੱਸ. ਆਈ. ਪੰਨਾ ਲਾਲ ਨੇ ਗਸ਼ਤ ਦੌਰਾਨ ਪੱਟੀ ਦੇ ਆਂਸਲ ਚੌਕ ਨੇੜੇ ਇਕ ਹੋਰ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 140 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਵੱਲੋਂ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।