ਨਸ਼ੀਲੇ ਪਦਾਰਥਾਂ ਸਮੇਤ 3 ਗ੍ਰਿਫਤਾਰ

12/30/2017 7:31:40 AM

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਬਰਕਰਾਰ ਰੱਖਦਿਆਂ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਐੱਚ. ਸੀ. ਬਲਵੰਤ ਸਿੰਘ, ਐੱਚ. ਸੀ. ਲੈਂਬਰ ਸਿੰਘ, ਪੀ. ਐੱਚ. ਜੀ. ਜਗਤਾਰ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਮੋਠਾਂਵਾਲ, ਭੌਰ, ਸੈਚਾਂ ਤੋਂ ਹੁੰਦੇ ਹੋਏ ਕੱਚੇ ਰਸਤੇ ਪਿੰਡ ਲਾਟੀਆਂਵਾਲ ਨੂੰ ਜਾ ਰਹੇ ਸਨ ਤਾਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਸ਼ੱਕ ਦੇ ਆਧਾਰ 'ਤੇ ਰੋਕਿਆ। ਉਸ ਦੀ ਤਫਤੀਸ਼ ਕਰਨ 'ਤੇ ਉਸ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਗੁਰਦੀਪ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ।
ਇਕ ਹੋਰ ਮਾਮਲੇ 'ਚ ਚੌਕੀ ਇੰਚਾਰਜ ਡੱਲਾ ਏ. ਐੱਸ. ਆਈ. ਅਸ਼ੋਕ ਕੁਮਾਰ, ਐੱਚ. ਸੀ. ਰਜਿੰਦਰ ਕੁਮਾਰ, ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਗੁਰਦੇਵ ਸਿੰਘ ਦੇ ਨਾਲ ਦੌਰਾਨੇ ਗਸ਼ਤ ਪਿੰਡ ਅਮਰਜੀਤਪੁਰ ਵੱਲ ਨੂੰ ਜਾ ਰਹੇ ਸਨ ਤਾਂ ਪੁਲਸ ਪਾਰਟੀ ਨੂੰ ਵੇਖ ਕੇ ਇਕ ਨੌਜਵਾਨ ਪਿੱਛੇ ਮੁੜਨ ਲੱਗਾ। ਪੁਲਸ ਕਰਮਚਾਰੀਆਂ ਨੇ ਉਸ ਨੂੰ ਫੜ ਕੇ ਉਸ ਕੋਲੋਂ ਉਸ ਦਾ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਗੁਰਦਾਸ ਸਿੰਘ ਉਰਫ ਲਾਡੀ ਪੁੱਤਰ ਕਰਨੈਲ ਸਿੰਘ ਵਾਸੀ ਮਾਣੋਚਾਹਲ ਥਾਣਾ ਮੱਲਾਂਵਾਲ ਜ਼ਿਲਾ ਫਿਰੋਜ਼ਪੁਰ ਦੱਸਿਆ, ਜਿਸ ਤਲਾਸ਼ੀ ਲੈਣ 'ਤੇ ਉਸ ਪਾਸੋਂ 55 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਐੱਚ. ਸੀ. ਹਰਵਿੰਦਰਪਾਲ ਸਿੰਘ, ਕਾਂਸਟੇਬਲ ਕੁਲਬੀਰ ਸਿੰਘ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਅਦਾਲਤ ਚੱਕ, ਮਸੀਤਾਂ, ਡੱਲਾ ਸਾਹਿਬ ਨੂੰ ਜਾ ਰਹੇ ਸਨ ਤਾਂ ਪਿੰਡ ਮਸੀਤਾਂ ਦੇ ਨਜ਼ਦੀਕ ਪੁਲਸ ਪਾਰਟੀ ਨੇ ਪੈਦਲ ਆਉਂਦੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ ਜਿੰਦਰ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਤੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਸਾਰੇ ਮਾਮਲਿਆਂ 'ਚ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ. ਕਿਰਪਾਲ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ, ਐੱਚ. ਸੀ. ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।


Related News