ਅਕਤੂਬਰ ਮਹੀਨੇ ’ਚ ਟਿਕਟ ਚੈਕਿੰਗ ਜ਼ਰੀਏ 3.30 ਕਰੋੜ ਰੁਪਏ ਵਸੂਲਿਆ ਜੁਰਮਾਨਾ : DRM ਸੀਮਾ ਸ਼ਰਮਾ
Wednesday, Nov 09, 2022 - 11:45 PM (IST)
ਜੈਤੋ (ਪਰਾਸ਼ਰ) : ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ. ਆਰ. ਐੱਮ. ਡਾ. ਸੀਮਾ ਸ਼ਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲਗੱਡੀਆਂ ’ਚ ਅਣਅਧਿਕਾਰਤ ਤੌਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਰੁਝਾਨ ’ਤੇ ਰੋਕ ਲਾਉਣ ਲਈ ਰੇਲਗੱਡੀਆਂ ’ਚ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਤੇ ਮੁੱਖ ਟਿਕਟ ਚੈਕਰਾਂ ਵੱਲੋਂ ਅਕਤੂਬਰ, 2022 ਦੌਰਾਨ ਰੇਲਗੱਡੀਆਂ ’ਚ ਟਿਕਟ ਚੈਕਿੰਗ ਦੌਰਾਨ ਕੁਲ 37758 ਯਾਤਰੀ ਬਿਨਾਂ ਟਿਕਟ ਜਾਂ ਬੇਨਿਯਮਿਤ ਯਾਤਰਾ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲੱਗਭਗ 3.30 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ SHO ਤੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਮੁੱਖ ਦਫ਼ਤਰ ਵੱਲੋਂ ਅਕਤੂਬਰ ਮਹੀਨੇ ਵਿਚ ਫ਼ਿਰੋਜ਼ਪੁਰ ਡਵੀਜ਼ਨ ਨੂੰ ਟਿਕਟਾਂ ਦੀ ਚੈਕਿੰਗ ਕਰਕੇ ਮਾਲੀਆ ਕਮਾਉਣ ਦਾ ਟੀਚਾ 2.50 ਕਰੋੜ ਦਿੱਤਾ ਗਿਆ ਸੀ ਪਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਨਿਰਯਾਰਿਤ ਟੀਚੇ ਤੋਂ 32 ਫੀਸਦੀ ਜ਼ਿਆਦਾ ਮਾਲੀਆ ਇਕੱਠਾ ਕੀਤਾ ਗਿਆ। ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਬਣਾਈ ਰੱਖਣ ਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਤੇ ਉਨ੍ਹਾਂ ਨੂੰ ਸਾਫ਼ ਸਫਾਈ ਪ੍ਰਤੀ ਜਾਗਰੂਕ ਬਣਾਉਣ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਹੋਇਆ ਡੇਂਗੂ, ਹਸਪਤਾਲ ’ਚ ਦਾਖ਼ਲ
ਇਸ ਦੇ ਨਤੀਜੇ ਵਜੋਂ ਅਕਤੂਬਰ ਮਹੀਨੇ ’ਚ 538 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਕਾਰਨ (ਐਂਟੀ ਲਿਟਰਿੰਗ ਐਕਟ) ਉਨ੍ਹਾਂ ਤੋਂ 1 ਲੱਖ ਰੁਪਏ ਤੋਂ ਵੱਧ ਵਸੂਲ ਕੀਤੇ ਗਏ। ਡਵੀਜ਼ਨ ਰੇਲ ਪ੍ਰਬੰਧਕ ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ’ਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ’ਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਉਹ ਭਵਿੱਖ ’ਚ ਸਹੀ ਟਿਕਟਾਂ ਨਾਲ ਸਫ਼ਰ ਕਰ ਸਕਣ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ ।