26 ਜਨਵਰੀ ''ਤੇ ਵੀ ਬਿਨਾਂ ਟਰੱਕ ਸਕੈਨਰ ਚੱਲੇਗਾ ਆਈ. ਸੀ. ਪੀ. ''ਤੇ ਕੰਮ

01/12/2018 6:47:39 AM

ਅੰਮ੍ਰਿਤਸਰ,   (ਨੀਰਜ)-  ਇਕ ਪਾਸੇ ਜਿਥੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਅੱਤਵਾਦੀ ਹਮਲਿਆਂ ਦਾ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਉਥੇ ਹੀ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਚੱਲ ਰਹੀ ਆਈ. ਸੀ. ਪੀ. ਅਟਾਰੀ 'ਤੇ 26 ਜਨਵਰੀ ਨੂੰ ਵੀ ਬਿਨਾਂ ਟਰੱਕ ਸਕੈਨਰ ਦੇ ਕੰਮ ਚੱਲਗਾ ਕਿਉਂਕਿ ਇਥੇ ਅੱਜ ਤੱਕ ਟਰੱਕ ਸਕੈਨਰ ਨਹੀਂ ਲੱਗ ਸਕਿਆ ਜਦੋਂ ਕਿ ਕਸਟਮ ਵਿਭਾਗ ਸਮੇਤ ਆਈ. ਸੀ. ਪੀ. 'ਤੇ ਤਾਇਨਾਤ ਹੋਰ ਏਜੰਸੀਆਂ ਵੱਲੋਂ ਦਰਜਨਾਂ ਵਾਰ ਆਈ. ਸੀ. ਪੀ. ਅਟਾਰੀ 'ਤੇ ਟਰੱਕ ਸਕੈਨਰ ਲਾਉਣ ਦੀ ਮੰਗ ਲਿਖਤੀ ਰੂਪ 'ਚ ਕੀਤੀ ਜਾ ਚੁੱਕੀ ਹੈ।  ਇਥੋਂ ਤੱਕ ਕਿ ਆਈ. ਸੀ. ਪੀ. ਦਾ ਉਦਘਾਟਨ ਕਰਦੇ ਸਮੇਂ 13 ਅਪ੍ਰੈਲ, 2012 ਨੂੰ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਾਂਬਰਮ ਨੇ ਸੱਤ ਹਫਤਿਆਂ ਵਿਚ ਆਈ. ਸੀ. ਪੀ. 'ਤੇ ਟਰੱਕ ਸਕੈਨਰ ਲਾਉਣ ਦਾ ਐਲਾਨ ਕੀਤਾ ਸੀ ਪਰ ਉਹ ਸੱਤ ਹਫਤੇ ਅੱਜ ਤੱਕ ਪੂਰੇ ਨਹੀਂ ਹੋ ਸਕੇ। ਉਲਟਾ ਕੇਂਦਰ ਵਿਚ ਸੱਤਾ ਤਬਦੀਲੀ ਹੋ ਗਈ ਅਤੇ ਮੋਦੀ ਸਰਕਾਰ ਦੇ ਮੌਜੂਦਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਲਾਵਾ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਤੱਕ ਨੇ ਛੇਤੀ ਹੀ ਆਈ. ਸੀ. ਪੀ. 'ਤੇ ਟਰੱਕ ਸਕੈਨਰ ਲਾਉਣ ਦਾ ਐਲਾਨ ਕੀਤਾ ਪਰ ਅਜੇ ਤੱਕ ਕਾਗਜ਼ਾਂ ਵਿਚ ਹੀ ਟਰੱਕ ਸਕੈਨਰ ਲਾਉਣ ਦਾ ਕੰਮ ਚੱਲ ਰਿਹਾ ਹੈ। ਪਾਕਿਸਤਾਨ ਨਾਲ ਦਰਾਮਦ-ਬਰਾਮਦ ਕਰਨ ਵਾਲੇ ਵਪਾਰੀ ਹੋਣ ਜਾਂ ਫਿਰ ਸੀ. ਐੱਚ. ਏ. ਜਾਂ ਫਿਰ ਹੋਰ ਏਜੰਸੀਆਂ, ਲੰਬੇ ਸਮੇਂ ਤੋਂ ਇਹੀ ਮੰਗ ਕਰ ਰਹੇ ਹਨ ਕਿ ਆਈ. ਸੀ. ਪੀ. ਅਟਾਰੀ 'ਤੇ ਟਰੱਕ ਸਕੈਨਰ ਲਾਇਆ ਜਾਵੇ ਪਰ ਕੋਈ ਅਸਰ ਨਹੀਂ ਹੋ ਰਿਹਾ । ਉਲਟਾ ਜੰਮੂ-ਕਸ਼ਮੀਰ ਵਿਚ ਬਾਰਟਰ ਟ੍ਰੇਡ ਸ਼ੁਰੂ ਕਰ ਦਿੱਤਾ ਜਿਸ ਵਿਚ ਕਈ ਵਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਫੜੀ ਜਾ ਚੁੱਕੀ ਹੈ। ਟਰੱਕ ਸਕੈਨਰ ਨਾ ਲੱਗਣ ਦੇ ਕਾਰਨ ਟ੍ਰੇਡ 'ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਸੁਰੱਖਿਆ ਵਿਚ ਭੁੱਲ ਹੋਣ ਦਾ ਡਰ ਰਹਿੰਦਾ ਹੈ। ਆਈ. ਸੀ. ਪੀ. 'ਤੇ ਹਾਲਾਤ ਤਾਂ ਅਜਿਹੇ ਬਣੇ ਹੋਏ ਹਨ ਜਿਵੇਂ ਕਿਸੇ ਨੇ ਆਲੀਸ਼ਾਨ ਮਹਿਲ ਤਿਆਰ ਕਰਵਾਇਆ ਹੋਵੇ ਪਰ ਉਸ 'ਤੇ ਦਰਵਾਜ਼ਾ ਨਹੀਂ ਲਾਇਆ ਹੈ।
ਦੇਸ਼ ਦੀ ਪਹਿਲੀ ਆਈ. ਸੀ. ਪੀ. ਹੈ ਅਟਾਰੀ
ਅਟਾਰੀ ਬਾਰਡਰ ਸਥਿਤ ਆਈ. ਸੀ. ਪੀ.  ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਬਕਾ ਯੂ. ਪੀ. ਏ. ਸਰਕਾਰ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ਾਂ ਨਾਲ ਦਰਾਮਦ-ਬਰਾਮਦ ਵਧਾਉਣ ਅਤੇ ਆਸਾਨ ਕਰਨ ਲਈ ਕਈ ਬਾਰਡਰਾਂ 'ਤੇ ਆਈ. ਸੀ. ਪੀ. ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਜਿਸ ਵਿਚ ਦੇਸ਼ ਦੀ ਪਹਿਲੀ ਆਈ. ਸੀ. ਪੀ. ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਬਣਾਈ ਗਈ।  
ਆਈ. ਸੀ. ਪੀ. ਵਿਚ ਸਿੱਧੇ ਆ-ਜਾ ਸਕਦੇ ਹਨ ਟਰੱਕ
ਅਟਾਰੀ ਬਾਰਡਰ ਸਥਿਤ ਆਈ. ਸੀ. ਪੀ. ਦੀ ਗੱਲ ਕਰੀਏ ਤਾਂ ਇਸ ਦਾ ਸਭ ਤੋਂ ਬਹੁਤ ਫਾਇਦਾ ਇਹ ਹੈ ਕਿ ਇਥੇ ਪਾਕਿਸਤਾਨ ਨੂੰ ਐਕਸਪੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੇ ਸਾਰੇ ਟਰੱਕ ਸਿੱਧੇ ਪਾਕਿਸਤਾਨੀ ਆਈ. ਸੀ. ਪੀ. ਵਿਚ ਜਾ ਸਕਦੇ ਹਨ ਅਤੇ ਇਸ ਤਰ੍ਹਾਂ ਨਾਲ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਦੇ ਲੱਦੇ ਟਰੱਕ ਸਿੱਧੇ ਬਾਰਡਰ ਕਰਾਸ ਕਰ ਕੇ ਆਈ. ਸੀ. ਪੀ. ਵਿਚ ਆ ਸਕਦੇ ਹਨ । 
ਖੁਫੀਆ ਏਜੰਸੀਆਂ ਨੇ ਵੀ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ ਰਿਪੋਰਟ
ਅਟਾਰੀ ਆਈ. ਸੀ. ਪੀ. ਵਿਚ ਕਿਸ ਤਰ੍ਹਾਂ ਨਾਲ ਟਰੱਕ ਸਕੈਨਰ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਮਾਮਲੇ ਵਿਚ ਲਾਪ੍ਰਵਾਹੀ ਕੀਤੀ ਜਾ ਰਹੀ ਹੈ ਉਸ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਆਈ. ਸੀ. ਪੀ. 'ਤੇ ਤਾਇਨਾਤ ਸਾਰੇ ਖੁਫੀਆ ਏਜੰਸੀਆਂ ਵੱਲੋਂ ਵੀ ਕੇਂਦਰੀ ਗ੍ਰਹਿ ਮੰਤਰਾਲੇ  ਨੂੰ ਇਸ ਸਬੰਧ ਵਿਚ ਖੁਫੀਆ ਰਿਪੋਰਟ ਭੇਜੀ ਗਈ ਹੈ ਅਤੇ ਇਸ ਵੱਡੀ ਲਾਪ੍ਰਵਾਹੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਵੀ ਅਜੇ ਤੱਕ ਇਸ ਸਬੰਧ ਵਿਚ ਕੋਈ ਸਾਕਾਰਾਤਮਕ ਕਦਮ ਨਹੀਂ ਚੁੱਕਿਆ ਜਾ ਰਿਹਾ, ਹਾਂ ਭਰੋਸਾ ਜ਼ਰੂਰ ਦਿੱਤਾ ਜਾ ਰਿਹਾ ਹੈ ਕਿ ਟਰੱਕ ਸਕੈਨਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਹ ਸਕੈਨਰ ਕਦੋਂ ਲੱਗੇਗਾ ਅਤੇ ਕਦੋਂ ਚਾਲੂ ਹੋਵੇਗਾ ਇਸ ਦੀ ਤਰੀਕ ਕਿਸੇ ਨੂੰ ਵੀ ਪਤਾ ਨਹੀਂ ।
ਬੀ. ਐੱਸ. ਐੱਫ. ਅਤੇ ਕਸਟਮ ਵਿਭਾਗ ਚਾਹੁੰਦੈ ਤੁਰੰਤ ਰਿਪੇਅਰ
ਟਰੱਕ ਸਕੈਨਰ ਲਾਉਣ ਦੇ ਕੰਮ ਵਿਚ  ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਸਬੰਧੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੀ. ਐੱਸ. ਐੱਫ. ਅਤੇ ਕਸਟਮ ਵਿਭਾਗ ਹੋ ਰਿਹਾ ਹੈ ਕਿਉਂਕਿ ਆਈ.ਸੀ.ਪੀ. ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀ.ਐੱਸ.ਐੱਫ. ਦੀ ਹੈ ਅਤੇ ਕਸਟਮ ਵਿਭਾਗ ਵੀ ਪਾਕਿਸਤਾਨ ਵਲੋਂ ਆਉਣ-ਜਾਣ ਵਾਲੀਆਂ ਵਸਤਾਂ ਦੀ ਰੈਮਜਿੰਗ ਕਰਦਾ ਹੈ, ਜੇਕਰ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਵਿਚ ਹੈਰੋਇਨ ਆਦਿ ਦੀ ਖੇਪ ਫੜੀ ਜਾਵੇ ਤਾਂ ਦੋਨਾਂ ਵਿਭਾਗਾਂ ਉਤੇ ਉਂਗਲ ਉੱਠਦੀ ਹੈ ਅਜਿਹੇ ਵਿਚ ਇਹ ਦੋਵੇਂ ਵਿਭਾਗ ਵੀ ਚਾਹੁੰਦੇ ਹਨ ਕਿ ਟਰੱਕ ਸਕੈਨਰ ਛੇਤੀ ਲਾਇਆ ਜਾਵੇ ਅਤੇ  ਚਾਲੂ ਕੀਤਾ ਜਾਵੇ ਤਾਂ ਕਿ ਸੁਰੱਖਿਆ ਵਿਚ ਕਿਸੇ ਪ੍ਰਕਾਰ ਦੀ ਭੁੱਲ ਨਾ ਹੋ ਜਾਵੇ।
ਇਕ ਸਾਲ ਵਿਚ ਲੱਗ ਜਾਵੇਗਾ ਟਰੱਕ ਸਕੈਨਰ
ਟਰੱਕ ਸਕੈਨਰ ਸਬੰਧੀ ਜਦੋਂ ਐੱਲ. ਪੀ. ਏ. ਆਈ. ਦੇ ਇਕ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਕੈਨਰ ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਕ ਸਾਲ ਦੇ ਅੰਦਰ-ਅੰਦਰ ਸਕੈਨਰ ਲੱਗ ਜਾਵੇਗਾ ਇੰਨੇ ਸਾਲਾਂ ਤੋਂ ਸਕੈਨਰ ਕਿਉਂ ਨਹੀਂ ਲਾਇਆ ਗਿਆ ਇਸ ਦਾ ਜਵਾਬ ਅਧਿਕਾਰੀ ਦੇ ਕੋਲ ਨਹੀਂ ਸੀ।  


Related News