ਮਾਮਲਾ ਸਮੁੰਦਰ ''ਚ ਡੁੱਬੇ 26 ਨੌਜਵਾਨਾਂ ਦਾ; 14 ਸਾਲਾਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ

06/22/2018 4:53:18 AM

ਕਪੂਰਥਲਾ, (ਭੂਸ਼ਣ)- ਬੀਤੇ ਸਾਲ ਦੱਖਣੀ ਅਮਰੀਕੀ ਦੇਸ਼ ਪਨਾਮਾ ਵਿਚ ਜ਼ਿਲਾ ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਤ ਕੁਝ ਨੌਜਵਾਨਾਂ ਦੇ ਪਨਾਮਾ ਨਹਿਰ ਵਿਚ ਡੁੱਬਣ ਦੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਕਪੂਰਥਲਾ ਪੁੱਜੇ ਅਮਰੀਕੀ ਅੰਬੈਸੀ ਦੇ ਅਫਸਰ ਵਿਲੀਅਮ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਲੱਭਣ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਭਰੋਸੇ ਦੇ ਬਾਅਦ ਹੁਣ ਸਾਲ 2004 ਵਿਚ ਉਨ੍ਹਾਂ 26 ਅਭਾਗੇ ਨੌਜਵਾਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ, ਜੋ ਸਪੇਨ ਜਾਣ ਦੀ ਕੋਸ਼ਿਸ਼ ਵਿਚ ਅਫਰੀਕੀ ਦੇਸ਼ ਮੋਰੱਕੋ ਦੇ ਡੂੰਘੇ ਸਮੁੰਦਰ 'ਚ ਕਿਸ਼ਤੀ ਪਲਟਣ ਨਾਲ ਡੁੱਬ ਗਏ ਸਨ। ਫਿਲਹਾਲ ਇਨ੍ਹਾਂ ਨੌਜਵਾਨਾਂ ਦੀ ਸਲਾਮਤੀ ਨੂੰ ਲੈ ਕੇ ਪਿਛਲੇ 14 ਸਾਲਾਂ ਤੋਂ ਕੋਈ ਅਤਾ-ਪਤਾ ਨਹੀਂ ਹੈ।    
7-7 ਲੱਖ ਰੁਪਏ ਦੇ ਕੇ ਨਵੀਂ ਦਿੱਲੀ ਤੋਂ ਸਪੇਨ ਲਈ ਨਿਕਲੇ ਸਨ ਨੌਜਵਾਨ
ਸਾਲ 2004 'ਚ ਕੁਝ ਫਰਜ਼ੀ ਟ੍ਰੈਵਲ ਏਜੰਟਾਂ ਨੂੰ 7-7 ਲੱਖ ਰੁਪਏ ਦੀ ਰਕਮ ਦੇ ਕੇ ਜ਼ਿਲਾ ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਤ 26 ਨੌਜਵਾਨ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਲੈ ਕੇ ਸਪੇਨ ਲਈ ਨਿਕਲੇ ਸਨ ਪਰ ਇਨ੍ਹਾਂ 26 ਨੌਜਵਾਨਾਂ ਨੂੰ ਸਪੇਨ ਭੇਜਣ ਦੀ ਜਗ੍ਹਾ ਸਪੇਨ ਦੀ ਸਮੁੰਦਰੀ ਸੀਮਾ ਤੋਂ ਕਰੀਬ 40 ਨੋਟੀਕਲ ਮੀਲ ਦੀ ਦੂਰੀ 'ਤੇ ਪੈਂਦੇ ਮੋਰੱਕੋ 'ਚ ਉਤਾਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ 'ਚ ਸਮਰੱਥਾ ਤੋਂ ਜ਼ਿਆਦਾ ਗਿਣਤੀ ਵਿਚ ਇਕ ਛੋਟੀ ਕਿਸ਼ਤੀ 'ਚ ਬਿਠਾ ਕੇ ਫਰਜ਼ੀ ਟ੍ਰੈਵਲ ਏਜੰਟਾਂ ਨੇ ਸਪੇਨ ਲਈ ਭੇਜਿਆ ਸੀ ਪਰ ਇਨ੍ਹਾਂ ਨੌਜਵਾਨਾਂ ਦੀ ਕਿਸ਼ਤੀ ਸਮੁੰਦਰ 'ਚ ਪਲਟ ਜਾਣ ਕਾਰਨ ਇਨ੍ਹਾਂ ਸਾਰੇ ਨੌਜਵਾਨਾਂ ਦੇ ਸਮੁੰਦਰ ਵਿਚ ਡੁੱਬ ਜਾਣ ਦੀਆਂ ਸੂਚਨਾਵਾਂ ਆਈਆਂ ਸਨ, ਜਿਸ ਨੂੰ ਲੈ ਕੇ ਜਿਥੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਲਾਪਤਾ ਨੌਜਵਾਨਾਂ ਨੂੰ ਲੱਭਣ ਲਈ ਸਪੇਨ ਸਰਕਾਰ ਨਾਲ ਸੰਪਰਕ ਕੀਤਾ ਸੀ, ਉਥੇ ਹੀ ਕਪੂਰਥਲਾ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਲਾਪਤਾ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।
ਹੁਣ ਇਸ ਘਟਨਾ ਨੂੰ 14 ਸਾਲ ਬੀਤ ਜਾਣ ਦੇ ਬਾਅਦ ਵੀ ਜਿਥੇ ਇਨ੍ਹਾਂ ਨੌਜਵਾਨਾਂ ਦੇ ਰਿਸ਼ਤੇਦਾਰਾ ਨੂੰ ਉਨ੍ਹਾਂ ਦਾ ਅਜੇ ਵੀ ਇੰਤਜ਼ਾਰ ਹੈ, ਉਥੇ ਹੀ ਇਨ੍ਹਾਂ ਨੌਜਵਾਨਾਂ ਦੀ ਵਰਤਮਾਨ ਹਾਲਤ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਕੋਲ ਕੋਈ ਸੂਚਨਾ ਨਹੀਂ ਹੈ।
ਮਾਲਟਾ ਸਮੁੰਦਰ 'ਚ ਵੀ ਡੁੱਬ ਗਏ ਸਨ ਜ਼ਿਲੇ ਨਾਲ ਸਬੰਧਤ ਕਈ ਨੌਜਵਾਨ
ਸਾਲ 1998 'ਚ ਯੂਰਪ ਜਾਣ ਦੀ ਕੋਸ਼ਿਸ਼ ਵਿਚ ਮਾਲਟਾ ਦੇ ਡੂੰਘੇ ਸਮੁੰਦਰ ਵਿਚ ਦੱਖਣ ਏਸ਼ੀਆ ਨਾਲ ਸਬੰਧਤ ਦੇਸ਼ਾਂ  ਦੇ ਕਰੀਬ 200 ਨੌਜਵਾਨ ਡੁੱਬ ਗਏ ਸਨ, ਜਿਨ੍ਹਾਂ ਵਿਚ ਕਾਫ਼ੀ ਗਿਣਤੀ ਵਿਚ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ। ਇਨ੍ਹਾਂ ਨੌਜਵਾਨਾਂ ਵਿਚ ਵੀ ਜ਼ਿਲਾ ਕਪੂਰਥਲਾ ਨਾਲ ਸਬੰਧਤ ਕਈ ਅਜਿਹੇ ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਨੇ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਮੋਟੀ ਰਕਮ ਦੇ ਕੇ ਇਟਲੀ ਤੇ ਗਰੀਸ ਜਾਣ ਦਾ ਸੁਪਨਾ ਸੰਜੋਇਆ ਸੀ। ਇਸ ਮਾਮਲੇ 'ਚ ਵੀ ਪੁਲਸ ਨੇ ਕਈ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਨਾਮਜ਼ਦ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਨਾਜਾਇਜ਼ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ ਵੱਲੋਂ ਸਮੁੰਦਰ ਦੇ ਖਤਰਨਾਕ ਮਾਰਗਾਂ ਤੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ਨੂੰ ਲੈ ਕੇ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਤਾਂ ਇਹ ਹੈ ਕਿ ਇਨ੍ਹਾਂ ਦਾ ਆਪਣਾ ਕੋਈ ਦਫ਼ਤਰ ਨਹੀਂ ਹੈ ਤੇ ਇਹ ਲੋਕ ਚੱਲਦੇ-ਫਿਰਦੇ ਜਾਂ ਦਿੱਲੀ ਦੇ ਹੋਟਲਾਂ ਵਿਚ ਆਪਣੇ ਗਾਹਕਾਂ ਦੇ ਨਾਲ ਸੌਦੇਬਾਜ਼ੀ ਕਰਦੇ ਹਨ, ਜਿਸ ਕਾਰਨ ਇਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਲਈ ਪੁਲਸ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।  
ਗੈਰ-ਕਾਨੂੰਨੀ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ ਵਿਦੇਸ਼ : ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਸ ਵਿਦੇਸ਼ ਜਾਣ ਦੀ ਚਾਹਤ ਵਿਚ ਲਾਪਤਾ ਹੋਏ ਨੌਜਵਾਨਾਂ ਦੀ ਭਾਲ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ, ਉਥੇ ਹੀ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਫਰਜ਼ੀ ਟ੍ਰੈਵਲ ਏਜੰਟਾਂ ਦੀ ਮਦਦ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ। 


Related News