ਗ਼ਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਸਬੰਧੀ ਅਹਿਮ ਜਾਣਕਾਰੀ ਆਈ ਸਾਹਮਣੇ, ਹਜ਼ਾਰਾਂ ਲੋਕ ਹੋਣਗੇ ਪ੍ਰਭਾਵਿਤ
Monday, Nov 28, 2022 - 07:23 PM (IST)
ਜਲੰਧਰ (ਸੁਰਿੰਦਰ)- ਪ੍ਰਧਾਨ ਮੰਤਰੀ ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਲੋੜਵੰਦਾਂ ’ਚ ਵੰਡਣ ਵਾਲੀ ਕਣਕ ਦਾ ਕੋਟਾ ਇਸ ਵਾਰ ਵੀ 11 ਫ਼ੀਸਦੀ ਘੱਟ ਆਇਆ ਹੈ। ਡਿਪੂ ਹੋਲਡਰਾਂ ਨੂੰ ਕਣਕ ਦੀ ਉਪਲਬੱਧਤਾ ਦੱਸ ਦਿੱਤੀ ਗਈ ਹੈ ਪਰ ਇਸ ਨੂੰ ਮਸ਼ੀਨਾਂ ’ਚ ਅਜੇ ਅਪਲੋਡ ਨਹੀਂ ਕੀਤਾ ਹੈ ਕਿ ਕਿਸ ਵਿਅਕਤੀ ਨੂੰ ਕਿੰਨੀ ਕਣਕ ਦਿੱਤੀ ਜਾਣੀ ਹੈ ਤੇ ਕਿਸ ਦਾ ਕਾਰਡ ਕੱਟਿਆ ਹੈ। ਫੂਡ ਸਪਲਾਈ ਵਿਭਾਗ ਡਿਪੂ ਹੋਲਡਰਾਂ ’ਤੇ ਦਬਾਅ ਬਣਾ ਰਿਹਾ ਹੈ ਕਿ ਉਹ ਗੋਦਾਮਾਂ ਤੋਂ ਕਣਕ ਚੁੱਕ ਕੇ ਆਪਣੇ ਕੋਲ ਸਟੋਰ ਕਰ ਲਏ, ਜੇਕਰ ਅਜਿਹਾ ਨਹੀਂ ਕਰਦੇ ਹੋ ਤਾਂ 30 ਨਵੰਬਰ ਤੋਂ ਬਾਅਦ ਕੋਟਾ ਲੈਪਸ ਹੋ ਜਾਏਗਾ, ਜੋ ਡਿਪੂ ਹੋਲਡਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਕਿਉਂਕਿ ਇਕ ਤਾਂ ਲੋੜਵੰਦਾ ਦੀ ਕਣਕ ’ਚ ਪਹਿਲਾਂ ਹੀ ਕੱਟ ਲਾ ਦਿੱਤਾ ਤੇ ਉਸ ’ਤੇ ਇਕਦਮ ਨਾਲ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਜਲੰਧਰ ’ਚ ਡਿਪੂ ਹੋਲਡਰਾਂ ਨੂੰ ਖ਼ੁਦ ਇੰਸਪੈਕਟਰ ਕਣਕ ਪਹੁੰਚਾ ਰਹੇ ਹਨ, ਜਿਨ੍ਹਾਂ ਕੋਲ ਸਟੋਰ ਕਰਨ ਦੀ ਥਾਂ ਨਹੀਂ ਹੈ, ਉਨ੍ਹਾਂ ਨੂੰ ਕਿਸੇ ਦੂਸਰੀ ਥਾਂ ’ਤੇ ਉਤਾਰਨ ਲਈ ਕਿਹਾ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ’ਚ 278170 ਸਮਾਰਟ ਕਾਰਡ ਧਾਰਕ ਹਨ ਅਤੇ ਹਰ ਇਕ ਡਿਪੂ ਹੋਲਡਰ ਦੇ 20 ਦੇ ਲਗਭਗ ਕਾਰਡ ਕੱਟੇ ਹਨ। ਜ਼ਿਲ੍ਹਾ ਜਲੰਧਰ ’ਚ 24 ਹਜ਼ਾਰ ਤੋਂ ਵਧ ਕਾਰਡਧਾਰਕਾਂ ਨੂੰ ਗ਼ਰੀਬ ਅੰਨ, ਕਲਿਆਣ ਯੋਜਨਾ ਅਤੇ ਆਟਾ ਦਾਲ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ ਸ਼ਹਿਰ ’ਚ 12000 ਲੋਕ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਸਕੀਮ ਤੋਂ ਬਾਹਰ ਕਰਨ ਦੇ ਫਾਰਮ ਡਿਪੂ ਹੋਲਡਰਾਂ ਕੋਲ ਪਹੁੰਚੇ
ਫੂਡ ਸਪਲਾਈ ਵਿਭਾਗ ਨੇ ਸਾਰੇ ਡਿਪੂ ਹੋਲਡਰਾਂ ਨੂੰ ਫਾਰਮ ਜਾਰੀ ਕੀਤੇ ਹਨ, ਜਿਸ ’ਚ ਕਣਕ ਲੈਮ ਵਾਲੇ ਦੀ ਸਾਰੀ ਜਾਣਕਾਰੀ ਲਿਖੀ ਜਾਵੇਗੀ। ਅਜਿਹੇ ਕਿਸੇ ਵੀ ਸਮਾਰਟ ਕਾਰਡਧਾਰਕ ਨੂੰ ਹੁਣ ਕਣਕ ਨਹੀਂ ਮਿਲੇਗੀ, ਜੋ ਆਟਾ ਦਾਲ ਸਕੀਮ ਯੋਜਨਾ ਦੇ ਨਿਯਮਾਂ ’ਤੇ ਖਰ੍ਹਾ ਨਹੀਂ ਉਤਰ ਰਿਹਾ ਤੇ ਜਿਨ੍ਹਾਂ ਨੂੰ ਲੋੜ ਵੀ ਨਹੀਂ ਹੈ।
ਜੇਕਰ ਉਸ ਦੇ ਬਾਵਜੂਦ ਵੀ ਕੋਈ ਕਣਕ ਲੈਂਦਾ ਹੈ ਤਾਂ 2 ਰੁਪਏ ਕਿਲੋ ਵਾਲੀ ਕਣਕ ਦੀ ਥਾਂ ’ਤੇ ਉਸ ਵਿਅਕਤੀ ਤੋਂ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਸੂਲੀ ਕਣਕ ਦੀ ਕੀਮਤ ਵਸੂਲੀ ਜਾਏਗੀ ਤੇ ਉਸ ਦਾ ਨਾਂ ਕੱਟ ਦਿੱਤਾ ਜਾਵੇਗਾ। ਇਸ ਲਈ ਉਹ ਲੋਕ ਖੁਦ ਹੀ ਆਪਣਾ ਨਾਂ ਕਟਵਾ ਲੈਣ, ਕਿਉਂਕਿ ਉਨ੍ਹਾਂ ਕੋਲ ਸਾਰੀਆਂ ਬੁਨਿਆਦੀ ਸਹੂਲਤਾਂ ਹਨ। ਇਸ ਵਾਰ ਕਾਫ਼ੀ ਸਮਾਰਟ ਕਾਰਡਧਾਰਕਾਂ ਨੂੰ ਕਣਕ ਨਹੀਂ ਮਿਲਣ ਵਾਲੀ ਹੈ, ਜਿਸ ਨਾਲ ਡਿਪੂ ਹੋਲਡਰ ਵੀ ਚਿੰਤਤ ਹਨ, ਕਿਉਂਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਨਾਂ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਕਣਕ ਏਲੋਕੇਸ਼ਨ ਤਾਂ ਹੋ ਗਈ ਪਰ ਮਸ਼ੀਨਾਂ ’ਚ ਨਹੀਂ ਆਈ
ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਏਲੋਕੇਸ਼ਨ ਤਾਂ ਕਰ ਦਿੱਤੀ ਹੈ ਤੇ ਕਣਕ ਵੀ ਉਨ੍ਹਾਂ ਕੋਲ ਪਹੁੰਚਾ ਦਿੱਤੀ ਗਈ ਹੈ ਪਰ ਅਜੇ ਤਕ ਉਨ੍ਹਾਂ ਕੋਲ ਮਸ਼ੀਨਾਂ ਨਹੀਂ ਪਹੁੰਚੀਆਂ ਅਤੇ ਨਾ ਹੀ ਮਸ਼ੀਨਾਂ ’ਚ ਕਣਕ ਪਾਈ ਗਈ ਹੈ ਕਿ ਕਾਰਡ ਹੋਲਡਰ ਨੂੰ ਕਿੰਨੀ ਕਣਕ ਦੇਣੀ ਹੈ? ਕਿਸ ਕਾਰਡ ਹੋਲਡਰ ਦਾ ਨਾਂ ਮਸ਼ੀਨ ’ਚੋਂ ਕੱਟ ਦਿੱਤਾ ਗਿਆ ਹੈ? ਇਸ ਵਾਰ ਹਰ ਇਕ ਡਿਪੂ ਹੋਲਡਰ ਦੇ ਡਿਪੂ ਤੋਂ 20 ਤੋਂ ਵਧ ਲੋਕਾਂ ਦੇ ਨਾਂ ਕੱਟੇ ਗਏ ਹਨ। ਇੰਸਪੈਕਟਰ ਖੁਦ ਵੈਰੀਫਿਕੇਸ਼ਨ ਕਰ ਰਹੇ ਹਨ। ਫਾਰਮ ਡਿਪੂ ਹੋਲਡਰਾਂ ਨੂੰ ਵੀ ਪਹੁੰਚਾਏ ਗਏ ਹਨ। ਹੁਣ ਕਾਰਡ ਹੋਲਡਰ ਦੀ ਸਾਰੀ ਡਿਟੇਲ ਲਿਖ ਕੇ ਵਿਭਾਗ ਨੂੰ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਡਰਾਈਵਰ ਦੀ ਅੱਖ ਲੱਗਣ ਕਾਰਨ ਪਰਿਵਾਰ 'ਚ ਵਿਛੇ ਸੱਥਰ, ਫਿਲੌਰ ਵਿਖੇ ਭਿਆਨਕ ਹਾਦਸੇ ਨੇ ਲਈਆਂ 2 ਜਾਨਾਂ
ਪਰਚੀਆਂ ਕੱਟਣ ਦਾ ਕੰਮ ਸ਼ੁਰੂ ਹੈ, ਕੁਝ ਦਿਨਾਂ ਬਾਅਦ ਵੰਡੀਆਂ ਜਾਣਗੀਆਂ
ਸੀਨੀ. ਉਪ-ਪ੍ਰਧਾਨ ਭਗਤ ਬਿਸ਼ਨ ਦਾਸ ਨੇ ਦੱਸਿਆ ਕਿ ਉਨ੍ਹਾਂ ਕੋਲ ਏਲੋਕੇਸ਼ਨ ਆ ਗਈ ਹੈ ਪਰ ਕਣਕ ਅਜੇ ਨਹੀਂ ਆਈ। ਉਨ੍ਹਾਂ ਕੋਲ ਸਟੋਰ ਕਰਨ ਦੀ ਥਾਂ ਨਹੀਂ ਸੀ? ਫਿਲਹਾਲ ਅਜੇ ਪਰਚੀਅਾਂ ਹੀ ਕੱਟ ਰਹੇ ਹਨ। ਕੋਟਾ ਘੱਟ ਆਇਆ ਹੈ ਪਰ ਉਸ ਨੂੰ ਪੂਰਾ ਕਰਨ ਲਈ ਵਿਭਾਗ ਨੇ ਕਾਰਡ ਕੱਟਣ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਕਿ ਸਾਰਿਅਾਂ ਨੂੰ ਕਣਕ ਮਿਲ ਜਾਵੇ। ਡੀ. ਐੱਫ. ਐੱਸ. ਸੀ. ਹਰਵੀਨ ਕੌਰ ਤੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਇਸੇ ਮਾਮਲੇ ’ਚ ਜੇਲ ’ਚ ਹਨ। ਡੀ. ਐੱਫ. ਐੱਸ. ਸੀ. ਹਰਵੀਨ ਕੌਰ ਦੀ ਥਾਂ ’ਤੇ ਜਲੰਧਰ ’ਚ ਕੋਈ ਅਧਿਕਾਰੀ ਨਹੀਂ ਹੈ, ਜਿਸ ਕਾਰਨ ਕੁਝ ਪ੍ਰੇਸ਼ਾਨੀ ਜ਼ਰੂਰ ਆ ਰਹੀ ਹੈ।
ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ
– ਟੈਕਸ ਦੇਣ ਵਾਲਾ
– ਜਿਸ ਦੇ ਕੋਲ ਕਾਰ ਹੈ
– ਦੋ ਮੰਜ਼ਿਲਾ ਮਕਾਨ ਹੈ
– ਸਰਕਾਰੀ ਨੌਕਰੀ ਵਾਲੇ ਨੂੰ
– ਐੱਨ. ਆਰ. ਆਈ. ਪਰਿਵਾਰ ਨੂੰ
– ਬਿਜ਼ਨੈੱਸ ਕਰਨ ਵਾਲੇ ਨੂੰ
ਇਹ ਵੀ ਪੜ੍ਹੋ : '6.5 ਬੈਂਡ ਵਾਲੀ ਕੁੜੀ ਚਾਹੀਦੀ', ਜਦ ਇਸ਼ਤਿਹਾਰ ਵੇਖ ਮਾਪਿਆਂ ਨੇ ਕੀਤਾ ਧੀ ਦਾ ਵਿਆਹ ਤਾਂ ਸੱਚਾਈ ਜਾਣ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।